ਜਿੰਦਗੀ ਜੀਊਣ ਦਾ ਹਾਲ ਬੇਹਾਲ ਰੁਕੇਗਾ ਜਾਂ ਵੱਧੇਗਾ? ਆਖਿਰ ਕਸੂਰਵਾਰ ਕੌਣ ?

ਅੱਜ ਹਰ ਪਾਸੇ ਮਾਹੌਲ ਕੁਝ ਅਜਿਹਾ ਸਿਰਜਿਆ ਹੈ ਕਿ ਜਿਵੇਂ ਬਾਂਦਰ-ਖੋਹ ਨੇ ਤਾਂ ਆਮ ਆਦਮੀ ਦੀ ਜਿੰਦਗੀ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ। ਪਰਿਵਾਰਾਂ ਤੋਂ ਲੈ ਕੇ ਦੇਸ਼ ਦੇ ਹਾਲਾਤ ਅਜਿਹੇ ਸਿਰਜ ਦਿਤੇ ਗਏ ਹਨ ਕਿ ਨਫਰਤ ਦਾ ਪਾੜਾ ਵੱਧਦਾ ਹੀ ਜਾ ਰਿਹਾ ਹੈ। ਅਜਿਹੇ ਮੌਕੇ ਤੇ ਜਦੋਂ ਅਸੀਂ ਆਜ਼ਾਦੀ ਦਾ 75ਵਾਂ ਵਰ੍ਹਾ ਅੰਮ੍ਰਿਤ ਮਹਾਂਉਤਸਵ ਨਾਲ ਮਨਾ ਰਹੇ ਹਾਂ ਤਾਂ ਉਸ ਸਮੇਂ ਜਿੰਦਗੀ ਨੂੰ ਮਹਿੰਗਾਈ ਨੇ ਕੱੁਝ ਇਸ ਕਦਰ ਨਿਰਾਸ਼ਤਾ ਬਖਸ਼ੀ ਹੈ ਕਿ ਰਸੋਈ ਦਾ ਸਿਲੰਡਰ 1080 ਰੁਪਏ ਦਾ ਹੋ ਗਿਆ ਹੈ ਅਤੇ ਖਾਣ-ਪੀਣ ਵਾਲੀਆਂ ਚੀਜਾਂ ਤੇ ਵੀ ਜੀ.ਐਸ.ਟੀ. ਲੱਗ ਗਈ ਹੈ । ਕੀ ਅਮ੍ਰਿਤ ਦੇ ਵਿਚ ਮਿੱਠਾ ਮਿੱਠਾ ਜਹਿਰ ਨਹੀਂ ਘੁਲ ਰਿਹਾ ਹੈ। ਇਸ ਦਾ ਅਹਿਸਾਸ ਕਿਸ ਨੂੰ ਹੈ ? ਸਾਰੇ ਦੇਸ਼ ਵਿਚ ਮੁਜਾਹਰੇ ਹੋ ਰਹੇ ਹਨ ਕਿਤੇ ਨੌਕਰੀਆਂ ਲਈ ਅਤੇ ਕਿਤੇ ਕਾਨੂੰਨੀ ਪ੍ਰਕਿਿਰਆ ਰਾਹੀਂ ਹੋ ਰਹੀ ਪੁੱਛ-ਗਿੱਛ ਪ੍ਰਤੀ। ਕੱਲ੍ਹ ਜਦੋਂ ਕਾਂਗਰਸ ਦੇ ਕੌਮੀ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਪੁਲਿਸ ਨੇ ਵਾਲਾਂ ਤੋਂ ਧੂਹਿਆ ਤਾਂ ਇਹ ਨਜ਼ਾਰਾ ਕਿਸ ਲੋਕਤੰਤਰ ਦੀ ਪ੍ਰੀਭਾਸ਼ਾ ਨੂੰ ਸਾਬਤ ਕਰਦਾ ਹੈ। ਲੋਕ ਭਲਾਈ ਲਈ ਬਣੀਆਂ ਰਾਜਸੀ ਪਾਰਟੀਆਂ ਦੀਆਂ ਆਪਸੀ ਰੰਜਿਸ਼ਾਂ ਨੇ ਤਾਂ ਅਜਿਹੇ ਹਾਲਾਤ ਸਿਰਜੇ ਹਨ ਕਿ ਅੱਜ ਹਰ ਪਾਸੇ ਕਿਸੇ ਨਾ ਕਿਸੇ ਕਾਰਨ ਅਜਾਈਂ ਮੌਤਾਂ ਹੋ ਰਹੀਆਂ ਹਨ। ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਵੀ ਇਸ ਕਰਕੇ ਹੀ ਹੋ ਰਿਹਾ ਹੈ ਕਿ ਉਹਨਾਂ ਦਾ ਹੱਲ ਆਪਸੀ ਖਹਿਬਾਜ਼ੀ ਦੇ ਕਾਰਨ ਨਹੀਂ ਹੋ ਰਿਹਾ ਹੈ। ਅੱਜ ਸਰਕਾਰਾਂ ਦੀ ਕਮਜ਼ੋਰੀ ਕੱੁਝ ਇਸ ਕਦਰ ਵੱਧ ਰਹੀ ਹੈ ਕਿ ਸ਼ਰਾਬ ਦਾ ਨਸ਼ੇ ਤੇ ਜਿੱਥੇ ਪਾਬੰਦੀ ਹੈ ਅਤੇ ਗੁਜਰਾਤ ਵਰਗੇ ਰਾਜ ਵਿਚ ਜਿੱਥੇ ਇਹ ਕਿਹਾ ਜਾਂਦਾ ਹੈ ਕਿ ਸਰਕਾਰ ਵੱਲੋਂ ਲਾਅ ਐਂਡ ਦੀ ਸੰਪੂਰਨ ਤੌਰ ਤੇ ਪਾਲਨਾ ਕੀਤੀ ਜਾ ਰਹੀ ਹੈ ਉਥੇ ਅੱਜ ਜਹਿਰੀਲੀ ਸ਼ਰਾਬ ਦੇ ਨਾਲ 28 ਦੇ ਕਰੀਬ ਮੌਤਾਂ ਹੋ ਗਈਆਂ ਹਨ ਅਤੇ ਬਹੁਤ ਸਾਰੇ ਹਸਪਤਾਲ ਵਿਚ ਦਾਖਲ ਹਨ।

ਅੱਜ ਜਦੋਂ ਹਰ ਕੋਈ ਮਾਨਸਿਕ ਤਨਾਅ ਵਿਚ ਹੈ ਅਤੇ ਜਿੰਦਗੀ ਨੂੰ ਬੋਝ ਸਮਝ ਰਿਹਾ ਹੈ ਅਤੇ ਮੌਤ ਉਸ ਦੇ ਆਲੇ-ਦੁਆਲੇ ਘੁੰਮਣ-ਘੇਰੀ ਪਾਈ ਬੈਠੀ ਹੈ ਕਦੇ ਉਹ ਦਿਮਾਗੀ ਤਨਾਅ ਵਿਚ ਮਰ ਰਿਹਾ ਹੈ ਅਤੇ ਕਦੀ ਜਿੰਦਗੀ ਨੂੰ ਉਹ ਕੋਈ ਅਜਿਹਾ ਅੱਵਲਾ ਨਸ਼ਿਆਂ ਵਰਗਾ ਰੋਗ ਲਗਾਈ ਬੈਠਾ ਹੈ ਕਿ ਉਸ ਦੀ ਘਬਰਾਹਟ ਦਾ ਕੋਈ ਰੂਪ ਨਹੀਂ । ਇਨਸਾਨ ਹੁਣ ਇਸ ਕਾਬਲ ਵੀ ਨਹੀਂ ਰਿਹਾ ਕਿ ਜ਼ਿੰਦਗੀ ਨਾਲ ਅੱਖ ਮਿਲਾਵੇੇ ਜਦੋਂ ਮਨ ਸਮਝ ਜਾਵੇ ਕਿ ਘਬਰਾਉਣ ਦੀ ਵਜ੍ਹਾ ਹੀ ਕੋਈ ਨਹੀਂ, ਉਦੋਂ ਆਪ-ਮੁਹਾਰੇ ਹੱਲ ਨਿਕਲ ਆਉਂਦੇ ਹਨ। ਸੋਚ ਦਾ ਵਤੀਰੇ ਨਾਲ ਡੂੰਘਾ ਤਾਅਲੁੱਕ ਹੈ। ਦੁਨੀਆ ਦੀ ਕੋਈ ਤਾਕਤ ਤੁਹਾਡੇ ‘ਤੇ ਹਾਵੀ ਨਹੀਂ ਹੋ ਸਕਦੀ, ਜੇਕਰ ਮਨ ਹੀ ਫ਼ੈਸਲਾ ਕਰ ਲਵੇ, ਅਡੋਲ ਰਹਿਣ ਦਾ। ਗੱਲ ਮਾਹੌਲ ਤੋਂ ਸ਼ੁਰੂ ਹੋਈ ਸੀ। ਸ਼ਾਂਤ ਮਨਾਂ ਦੀ ਤਾਕਤ ਮੂਹਰੇ ਜ਼ਿੰਦਗੀ ਦਾ ਕੋਈ ਮਸਲਾ ਸਿਰ ਚੁੱਕ ਖੜੋ ਨਹੀਂ ਸਕਦਾ। ਜਿਥੇ ਵਜ੍ਹਾ ਹੀ ਨਾ ਰਹੇ, ਉਥੇ ਰੌਲਾ ਕਿਵੇਂ ਰਹਿ ਸਕਦਾ ਹੈ। ਇਸੇ ਕਰਕੇ ਸਾਰਾ ਮਾਹੌਲ ਠੰਢ ਵਰਤਾਉਂਦਾ ਨਜ਼ਰ ਆਉਂਦਾ ਹੈ। ਕਿਤੇ ਨਾ ਕਿਤੇ ਪੰਜਾਬ ਵੀ ਅਜਿਹੇ ਮਾਹੌਲ ਦਾ ਉਡੀਕਵਾਨ ਹੈ।

ਇਤਫ਼ਾਕਨ ਮੇਰੇ ਘਰ ਦੇ ਰਾਹ ਵਿਚ ਉਹ ਕਈ ਚੌਕ ਪੈਂਦੇ ਹਨ, ਜਿਥੇ ਰੋਸ ਮੁਜ਼ਾਹਰੇ ਹੁੰਦੇ ਹਨ। ਬੇਬੱਸ ਚਿਹਰੇ, ਲਾਚਾਰ ਲੋਕ, ਨਾ-ਉਮੀਦੀ ਦੇ ਧੱਕੇ, ਸੜਕਾਂ ‘ਤੇ ਉੱਤਰ ਆਉਂਦੇ ਹਨ। ਪਤਾ ਨਹੀਂ ਸੁਣਵਾਈ ਦਾ ਮੌਸਮ ਕਦੋਂ ਆਵੇਗਾ। ਨਾ ਹੀ ਖ਼ਾਸ ਤੇ ਨਾ ਹੀ ਆਮ ਦਰਬਾਰ ਤੱਕ ਕੋਈ ਅਰਜ਼ੀ ਪੁੱਜਦੀ ਵੇਖੀ ਜਾਂਦੀ ਹੈ। ਵਕਤ ਨੇ ਸਾਧਾਰਨ ਜਿਹੇ ਮਸਲੇ ਵੀ ਗੁੰਝਲਦਾਰ ਬਣਾ ਦਿੱਤੇ। ਜੇਕਰ ਮੁਢਲੀਆਂ ਸਹੂਲਤਾਂ ਖ਼ਾਤਰ ਹੀ ਜੰਗ ਛਿੜੀ ਰਹਿਣੀ ਹੈ ਤਾਂ ਤਰੱਕੀਆਂ ਦੇ ਰਾਹ ਕਦੋਂ ਤਿਆਰ ਹੋਣੇ ਹਨ। ਸਾਡੇ ਨੇਤਾ ਸਮਝਦੇ ਵੀ ਹਨ ਕਿ ਕੀ ਚੱਲ ਰਿਹਾ ਹੈ? ਸਵਾਲਾਂ ਤੇ ਜਵਾਬਾਂ ਦਾ ਫ਼ਾਸਲਾ ਕਿੰਨਾ ਵਧ ਚੁੱਕਾ ਹੈ? ਕਿਹੜੀ ਜ਼ਮੀਨ ਤੋਂ ਕਿਹੜਾ ਕੰਮ ਲੈਣਾ ਹੈ, ਇਹ ਕੌਣ ਦੱਸੇਗਾ? ਰੁਜ਼ਗਾਰ ਦੀ ਕੀ ਪਰਿਭਾਸ਼ਾ ਹੈ, ਕਿਵੇਂ ਪਤਾ ਲੱਗੇ? ਆਉਣ ਵਾਲੇ ਸਮਿਆਂ ਵਿਚ ਕਿਸ ਕਿਸਮ ਦੇ ਰੁਜ਼ਗਾਰ ਦੀ ਵਿਵਸਥਾ ਕੀਤੀ ਜਾਵੇਗੀ? ਮੌਜੂਦਾ ਬੁਨਿਆਦੀ ਢਾਂਚੇ ਵਿਚ ਰੋਟੀ, ਕੱਪੜੇ, ਮਕਾਨ ਦਾ ਕਿਵੇਂ ਬੰਦੋਬਸਤ ਕੀਤਾ ਜਾ ਸਕਦਾ ਹੈ? ਕਾਨੂੰਨੀ ਇੰਤਜ਼ਾਮ ਵਿਚ ਕਿਵੇਂ ਬਿਹਤਰੀ ਆਵੇਗੀ? ਮਨਾਂ ਦੀ ਇਹ ਬੇਚੈਨੀ ਸ਼ਾਂਤੀ ਨੂੰ ਇਜਾਜ਼ਤ ਹੀ ਨਹੀਂ ਦਿੰਦੀ ਕਿ ਕਿਸੇ ਰਾਹ ਤੋਂ ਵੀ ਆ ਸਕੇ। ਸਕੂਨ ਤਾਂ ਹਾਲੇ ਬਹੁਤ ਦੂਰ ਦੀ ਗੱਲ ਹੈ। ਚਾਹ ਕੇ ਵੀ ਭਰੋਸਾ ਪੈਰ-ਪੈਰ ਜਗਾਇਆ ਨਹੀਂ ਜਾ ਸਕਦਾ।

ਦਰਅਸਲ ਭਾਸ਼ਨ ਤੋਂ ਲੈ ਕੇ ਗੱਦੀਨਸ਼ੀਨ ਹੋਣ ਤੱਕ ਦਾ ਸਫ਼ਰ ਬਹੁਤਾ ਔਖਾ ਨਹੀਂ ਹੁੰਦਾ। ਗੱਦੀ ‘ਤੇ ਨਿਵਾਜ, ਬਹੁਤ ਸਾਰੀਆਂ ਤਾਕਤਾਂ, ਮੁੜ ਭਾਸ਼ਨ ਦਾ ਤਰਜਮਾ ਕਾਰਵਾਈ ਵਿਚ ਕਰਨ ਨੂੰ ਅਸਮਰੱਥ ਹੋ ਜਾਂਦੀਆਂ ਹਨ। ਇਕ ਸਿਸਟਮ ਹੈ, ਇਕ ਬੱਝੀ ਲੀਕ ਜਿਹਾ ਤਰਤੀਬਕਰਨ ਹੈ। ਇਹਨੂੰ ਬਦਲਣ ਲਈ ਪੂਰੀ ਵਾਹ ਤੇ ਸਮਝ ਲੱਗ ਜਾਂਦੀ ਹੈ। ਉਹ ਸਮਝ ਜਿਹੜੀ ਕਿਸੇ ਨੂੰ ਤੋੜਨ ਤੇ ਜ਼ਾਇਆ ਨਾ ਕੀਤੀ ਜਾਵੇ। ਬਚਪਨ ‘ਚ ਸਕੂਲ ਵਿਚ ਸਿੱਖਦੇ ਸਾਂ ਪਹਿਲੀ ਲਕੀਰ ਨੂੰ ਛੋਟਾ ਕਰਨ ਦਾ ਇਕ ਤਰੀਕਾ ਹੈ ਕਿ ਦੂਜੀ ਲਕੀਰ ਉਸ ਤੋਂ ਕਿਤੇ ਲੰਮੀ ਖਿੱਚ ਦਿੱਤੀ ਜਾਵੇ। ਉਹੋ ਹੀ ਸਿੱਕਾ ਜੇਕਰ ਪਹਿਲੀ ‘ਤੇ ਕਾਟਾ ਮਾਰਨ ਨੂੰ ਘਸਾ ਲੈਣਾ ਹੈ ਤਾਂ ਆਪਣੀ ਲਕੀਰ ਦਾ ਕੁਝ ਨਹੀਂ ਬਣੇਗਾ। ਮੌਕਾ ਮਿਲੇ ਤਾਂ ਮੌਕਾ ਸਾਂਭਣ ਦੀ ਗੱਲ ਕਰਨਾ ਹੀ ਬਿਹਤਰੀ ਹੈ। ਏਨਾ ਦਿਮਾਗ ਬੈਠਾ ਹੈ ਸਾਡੇ ਪ੍ਰਾਂਤ ਵਿਚ ਕਿ ਇਕ-ਇਕ ਦਿਮਾਗ ਉਦਯੋਗ ਜਿਹਾ ਹੈ। ਫਿਰ ਕਿਥੇ ਕਮੀ ਰਹਿ ਜਾਂਦੀ ਹੈ ਕਿ ਕੋਈ ਵਿਉਂਤ ਉਦਯੋਗ ਖ਼ਾਤਰ ਸਿਰੇ ਨਹੀਂ ਚੜ੍ਹਦੀ। ਪਾਣੀ ਤਾਂ ਉਂਜ ਵੀ ਬਚਾਉਣਾ ਪਵੇਗਾ ਪ੍ਰਾਂਤ ਖ਼ਾਤਰ। ਤਜਵੀਜ਼ ਘੜਨ ਵਿਚ ਹੁਣ ਦੇਰੀ ਕਿਉਂ? ਕਿਸਾਨੀ ਅਤੇ ਉਦਯੋਗ ਦੋਵੇਂ ਹੀ ਜਗਾਉਣੇ ਪੈਣਗੇ ਤਾਂ ਜੋ ਨੌਕਰੀਆਂ ‘ਤੇ ਨਿਰਭਰਤਾ ਘਟੇ। ਕੁਦਰਤੀ ਵਸੀਲੇ ਸਾਂਭਣਾ ਸਾਡਾ ਫ਼ਰਜ਼ ਹੀ ਨਹੀਂ, ਹੱਕ ਵੀ ਹੈ। ਵਕਤ ਨੇ ਕਿੰਨੀਆਂ ਚਿਤਾਵਨੀਆਂ ਦਿੱਤੀਆਂ, ਅਸੀਂ ਸਮਝੇ ਹੀ ਨਹੀਂ। ਸਾਡੇ ਵਿਚੋਂ ਬਹੁਤਿਆਂ ਨੇ ਇਹ ਘਰ ਹੀ ਤਿਆਗ ਦਿੱਤਾ ਕਿ ਰਹਿਣ ਜੋਗਾ ਨਹੀਂ ਰਿਹਾ।

ਜਿਵੇਂ ਕਿਸੇ ਬਿਰਧ ਬਾਪ ਨੂੰ ਬੇਸਹਾਰਾ ਕਰ ਜਵਾਨ ਪੁੱਤ ਹਰੇ-ਭਰੇ ਮੁਲਕਾਂ ਵਿਚ ਜਾ ਵੜਦੇ ਹਨ। ਜੇਕਰ ਇਥੇ ਇਨਸਾਫ਼ ਉਡੀਕਦਿਆਂ ਹੋਰ ਜ਼ਿੰਦਗੀਆਂ ਟੁੱਟ ਗਈਆਂ ਤਾਂ ਵਾਕਿਆ ਹੀ ਕੁਦਰਤ ਦੀ ਕਰੋਪੀ ਜੋਗੇ ਰਹਿ ਜਾਵਾਂਗੇ। ਇਹ ਉਹ ਫਾਈਲ ਨਹੀਂ ਹੈ, ਜਿਸ ਉੱਪਰ ਕਿਸੇ ਵੀ ਮਾਤਹਿਤ ਨੇ 500 ਸਫ਼ਿਆਂ ਵਿਚੋਂ ਇਕ ਅੱਧੀ ਲਾਈਨ ਪੜ੍ਹਾ ਕੇ ਦਸਤਖ਼ਤ ਲੈ ਲਏ। ਇਹ ਉਹ ਫਾਈਲ ਹੈ, ਜਿਸ ਦੇ ਹਰ ਅੱਖਰ ਦੀ ਜੜ੍ਹ ਸਾਡੇ ਪਿਛੋਕੜ ਵਿਚ ਹੈ ਤੇ ਟਹਿਣੀ ਸਾਡੇ ਵਰਤਮਾਨ ਤੇ ਭਵਿੱਖ ਨਾਲ ਜੁੜੀ ਹੋਈ ਹੈ। ਇਹ ਮੰਗਦੀ ਹੈ ਕਿ ਇਸ ਨੂੰ ਪੜ੍ਹਿਆ ਤੇ ਸਮਝਿਆ ਜਾਵੇ। ਇਸ ਦੇ ਭਵਿੱਖ ਦੀ ਸੁਰੱਖਿਆ ਕੀਤੀ ਜਾਵੇ।

ਅਸੀਂ ਪੰਜਾਬੀ ਜੇਕਰ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇ ਸਕਦੇ ਹਾਂ ਤਾਂ ਫਿਰ ਇਸ ਨੂੰ ਦੁਬਰਾ ਖੁਸ਼ਹਾਲ ਕਰਨ ਵਾਲੀ ਹਿੰਮਤ ਤੋਂ ਕਿਉਂ ਮੂੰਹ ਮੋੜ ਰਹੇ ਹਾਂ ਅਜਿਹੇ ਮੌਕੇ ਤੇ ਜਦੋਂ ਹਰ ਕੋਈ ਆਪਣੇ ਫਰਜਾਂ ਤੋਂ ਮੁਨਕਰ ਹੋ ਰਿਹਾ ਹੈ ਅਤੇ ਉਹ ਪੰਜਾਬ ਨੂੰ ਕਿਸ ਦੇ ਸਹਾਰੇ ਛੱਡ ਕੇ ਜਾ ਰਿਹਾ ਹੈ ਤਾਂ ਅਜਿਹੀ ਸੋਚ ਨੂੰ ਬਦਲਣਾ ਹੋਵੇਗਾ ਤੇ ਉਸ ਵੱਗੀ ਚੰਦਰੀ ਹਵਾ ਦਾ ਮੱੁਖ ਮੋੜਣਾ ਹੋਵੇਗਾ ਜੋ ਕਿ ਆਪਣੇ ਕਿਸੇ ਖਾਸ ਚੱਕਰਵਿਊ ਦੇ ਰਾਹੀਂ ਇਥੋਂ ਦੀ ਜਵਾਨੀ ਨੂੰ ਹੀ ਉਡਾ ਕੇ ਲਿਜਾ ਰਹੀ ਹੈ। ਅੱਜ ਸੱਥਾਂ ਸੁਨੀਆਂ ਹਨ ਤੇ ਕੱਲ੍ਹ ਬਿੱਲਕੁਲ ਹੀ ਖਤਮ ਹੋ ਜਾਣਗੀਆਂ । ਸਾਡੇ ਬਜ਼ੁਰਗਾਂ ਦੀਆਂ ਢਾਣੀਆਂ ਸਾਨੂੰ ਵਾਸਤੇ ਪਾ ਰਹੀਆਂ ਹਨ ਕਿ ਆਪਣੀ ਸੋਚ ਨੂੰ ਝੰਝੜਾ ਦਿਓ ਤਾਂ ਜੋ ਆਉੇਣ ਵਾਲੇ ਸਮੇਂ ਵਿਚ ਹਰ ਇੱਕ ਦਾ ਜੀਵਨ ਸਰਲ ਹੋ ਜਾਵੇ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d