ਕੁਦਰਤੀ ਸੋਮਿਆਂ ਦੀ ਘਾਟਾਂ ਨੂੰ ਆਖਿਰ ਕੌਣ ਪੂਰਾ ਕਰੇਗਾ? ਪਾਣੀ ਸਭ ਤੋਂ ਅਹਿਮ?

ਕੁਦਰਤੀ ਸੋਮਿਆਂ ਦੀ ਘਾਟਾਂ ਨੂੰ ਆਖਿਰ ਕੌਣ ਪੂਰਾ ਕਰੇਗਾ? ਪਾਣੀ ਸਭ ਤੋਂ ਅਹਿਮ?

ਸਾਡੀਆਂ ਅੱਖਾਂ ਦੇ ਸਾਹਮਣੇ ਕਹੀਏ ਜਾਂ ਫਿਰ ਆਪਣੇ ਹੱਥੀਂ ਅਸੀਂ ਕੁਦਰਤੀ ਸੋਮਿਆਂ ਦਾ ਘਾਣ ਕਰੀ ਜਾ ਰਹੇ ਹਾਂ ਪਰ ਇਸ ਨੂੰ ਰੋਕਣ ਦਾ ਕੋਈ ਯਤਨ ਨਹੀਂ ਕਰ ਰਹੇ। ਅੱਜ ਮਨੁੱਖਤਾ ਕਿਸ ਦੌਰ ਵਿਚ ਗੁਜਰ ਰਹੀ ਹੈ , ਕਿਸ ਹਾਲਤ ਵਿਚੋਂ ਲੰਘ ਰਹੀ ਹੈ ਅਤੇ ਉਹ ਕਿਸ ਤਰ੍ਹਾਂ ਦੇ ਹਾਲਾਤ ਸਿਰਜ ਰਹੀ ਹੈ।ਇਸ ਦੀ ਤਾਂ ਸਮਝ ਹੀ ਨਹੀਂ ਆ ਰਹੀ । ਜਦਕਿ ਸਾਫ ਪਤਾ ਹੈ ਕਿ ਜਿਸ ਹਿਸਾਬ ਨਾਲ ਅਸੀਂ ਕੁਦਰਤੀ ਸੋਮਿਆਂ ਨੂੰ ਆਪਣੇ ਹੱਥੀਂ ਖਤਮ ਕਰ ਰਹੇ ਹਾਂ ਉਸ ਨਾਲ ਸਿੱਧੀ ਆਪਣੀ ਜਿੰਦਗੀ ਨੂੰ ਮੌਤ ਵੱਲ ਧਕੇਲ ਰਹੇ ਹਾਂ, ਮਹਿੰਗਾਈ ਤੋਂ ਲੈਕੇ ਬੇਰੁਜ਼ਗਾਰੀ ਵਿਚ ਵਾਧੇ ਅਤੇ ਜਿੰਦਗੀ ਦੀਆਂ ਜਰੂਰਤਾਂ ਵਿਚ ਘਾਟਾਂ ਹੀ ਘਾਟਾਂ ਦਰਪੇਸ਼ ਆ ਰਹੀਆਂ ਹਨ। ਪਰ ਇਸ ਸਭ ਜਾਨ ਲੇਵਾ ਚੀਜਾਂ ਦੀ ਬਢੌਤਰੀ ਕਦੀ ਵੀ ਸਾਨੂੰ ਉਹਨਾਂ ਅਲਾਮਤਾਂ ਨੂੰ ਰੋਕਣ ਵੱਲ ਲਈ ਨਹੀਂ ਪ੍ਰੇਰ ਰਹੀ ਜਿਹਨਾਂ ਸਦਕਾ ਮਨੁੱਖਤਾ , ਬੀਮਾਰੀਆਂ ਨਾਲ ਮੌਤਾਂ, ਜਾਂ ਫਿਰ ਆਤਮ-ਹੱਤਿਆਵਾਂ ਵੱਲ ਵੱਧ ਰਹੀ ਹੈ।

ਅੱਜ ਜਿੰਦਗੀ ਜੀਊਣ ਲਈ ਕੁਦਰਤੀ ਸੋਮਿਆਂ ਤੇ ਨਿਰਭਰਤਾ ਤਾਂ ਖਤਮ ਹੋ ਰਹੀ ਹੈ, ਇਹਨਾਂ ਕੁਦਰਤੀ ਸੋਮਿਆਂ ਵਿਚੋਂ ਸਭ ਤੋਂ ਅਹਿਮ ਹੈ ਪਾਣੀ ਜਿਸ ਦੀ ਸ਼ੱੁਧਤਾ ਤੋਂ ਤਾਂ ਅਸੀਂ ਵਾਂਝੇ ਹੋ ਹੀ ਰਹੇ ਹਾਂ ਬਲਕਿ ਨਾਲ ਹੀ ਕੱੁਝ ਅਜਿਹੇ ਹਾਲਾਤ ਸਿਰਜ ਰਹੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਇਹ ਬਿਲਕੱੁਲ ਹੀ ਖਤਮ ਹੋ ਜਾਵੇਗਾ।ਪਰ ਅਸੀਂ ਇਸ ਦੀ ਗੁਣਵੱਤਾ ਤੇ ਉਸ ਤੋਂ ਵਾਂਝੇ ਹੋਣ ਪ੍ਰਤੀ ਕਦੀ ਵੀ ਝਾਤੀ ਨਹੀਂ ਮਾਰਦੇ ਅੱਜ ਤੋਂ ਤਕਰੀਬਨ ਤੀਹ ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਨਲਕਿਆਂ ਦਾ ਜ਼ਮਾਨਾ ਸੀ। ਅੱਖੀਂ ਵੇਖਿਆ ਸੀ ਕਿ ਨਲਕੇ ਮਹਿਜ਼ 30 ਤੋਂ 40 ਫੁੱਟ ਦੇ ਬੋਰ ਨਾਲ ਹੀ ਸਾਫ਼ ਅਤੇ ਸ਼ੁੱਧ ਪਾਣੀ ਸਾਨੂੰ ਮੁਹੱਈਆ ਕਰਾ ਦਿੰਦੇ ਸੀ, ਜਿਸ ਨਾਲ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਜਾਂ ਇਨਸਾਨੀ ਸਿਹਤ ਨੂੰ ਕਿਸੇ ਨੁਕਸਾਨ ਦਾ ਕੋਈ ਡਰ ਨਹੀਂ ਸੀ। ਹੁਣ ਇਹ ਹਾਲ ਹੈ ਕਿ ਪਾਣੀ 300 ਫੁੱਟ ‘ਤੇ ਵੀ ਨਹੀਂ ਮਿਲ ਰਿਹਾ। ਵੇਖਦੇ-ਵੇਖਦੇ ਹੀ ਨਲਕੇ ਪਾਣੀ ਛੱਡ ਗਏ ਅਤੇ ਜ਼ਮਾਨਾ ਮੋਟਰਾਂ ਦਾ ਆ ਗਿਆ। ਉਦੋਂ ਤੱਕ ਖੇਤੀਬਾੜੀ ਮੋਟਰਾਂ ਦਾ ਪਾਣੀ ਕਾਫੀ ਹੱਦ ਤੱਕ ਸਹੀ ਸੀ ਤੇ ਪਾਣੀ ਦਾ ਪੱਧਰ ਨਾਮਾਤਰ ਘਟਿਆ ਸੀ ਜਦੋਂ ਕੁਝ ਹੋਰ ਵੱਡੇ ਹੋਏ ਤਾਂ ਨਲਕਿਆਂ ਨੂੰ ਛੱਡ ਫਿੱਟ ਕੀਤੀਆਂ ਮੋਟਰਾਂ ਵੀ ਜਵਾਬ ਦੇਣ ਲੱਗ ਪਈਆਂ। ਉਦੋਂ ਵੀ ਕਸੂਰ ਮੋਟਰਾਂ ਦਾ ਨਿਕਲਿਆ, ਅਸੀਂ ਆਪਣੇ ਅੰਦਰ ਉਦੋਂ ਵੀ ਝਾਤ ਨਹੀਂ ਮਾਰੀ।

ਫਿਰ ਜ਼ਮਾਨਾ ਆਇਆ ਸਮਰਸੀਬਲ ਪੰਪਾਂ ਦਾ ਤਕਰੀਬਨ ਹਰ ਘਰ ਵਿਚ ਇਹ ਪੰਪ ਲਾਉਣ ਦੀ ਲੋੜ ਮਹਿਸੂਸ ਹੋਣ ਲੱਗੀ ਹਰ ਕੋਈ ਚਾਹੁੰਦਾ ਸੀ ਕਿ ਮੇਰੇ ਘਰ ਵੀ ਏਨੀ ਤੇਜ਼ੀ ਨਾਲ ਪਾਣੀ ਆਵੇ ਜਿੰਨਾ ਸਮਰਸੀਬਲ ਪੰਪ ਕੱਢਦਾ ਸੀ। ਪਰ ਇਹ ਪਾਣੀ ਦੀ ਬਹੁਤ ਵੱਡੀ ਬਰਬਾਦੀ ਵੱਲ ਵੀ ਇਕ ਕਦਮ ਸੀ। ਇਸ ਤੋਂ ਅਸੀਂ ਉਦੋਂ ਵੀ ਅਨਜਾਣ ਸੀ ਤੇ ਅੱਜ ਵੀ ਹਾਂ। ਏਨੀ ਤੇਜ਼ੀ ਨਾਲ ਬੋਰ ‘ਚੋਂ ਨਿਕਲਦਾ ਪਾਣੀ ਸਾਂਭਣ ਲਈ ਕੋਈ ਪ੍ਰਬੰਧ ਨਾ ਹੋਣ ਕਰਕੇ ਅਜਾਈਂ ਜਾਣਾ ਲਾਜ਼ਮੀ ਸੀ। ਜਿਹੜੀਆਂ ਨਾਲੀਆਂ ਕਦੇ-ਕਦੇ ਪਾਣੀ ਨਾਲ ਮਹਿਜ਼ ਸਿੱਲੀਆਂ ਹੀ ਹੁੰਦੀਆਂ ਸੀ, ਉਹ ਅੱਜ ਨੱਕੋ-ਨੱਕ ਭਰੀਆਂ ਵਗਦੀਆਂ ਹਨ। ਜਿਸ ਨੂੰ ਵੇਖ ਕੇ ਸ਼ਾਇਦ ਸਾਡੇ ਮਨਾਂ ਵਿਚ ਇਹ ਖ਼ਿਆਲ ਕਦੇ ਨਹੀਂ ਆਇਆ ਹੋਣਾ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਪਾਣੀ ਸੰਭਾਲਣ ਦੀ ਥਾਂ ਬਰਬਾਦੀ ਵੱਲ ਜ਼ਿਆਦਾ ਉਤੇਜਿਤ ਕਿਉਂ ਹੋਏ ਹਾਂ? ਉਦੋਂ ਤੋਂ ਹੁਣ ਤੱਕ ਧਰਤੀ ਤੋਂ ਰੁੱਖ ਬਹੁਤ ਤੇਜ਼ੀ ਨਾਲ ਵੱਢੇ ਜਾ ਰਹੇ ਸਨ, ਜਿਸ ਨੂੰ ਸੰਬੰਧਿਤ ਮਹਿਕਮਿਆਂ ਨੇ ਵੀ ਗੰਭੀਰਤਾ ਨਾਲ ਨਹੀਂ ਲਿਆ। ਕਿਸੇ ਵੀ ਸਰਕਾਰ ਦੇ ਕਾਰਜਕਾਲ ਵਿਚ ਰੁੱਖ ਅਤੇ ਪਾਣੀ ਸੰਬੰਧੀ ਕੋਈ ਕਾਨੂੰਨ ਨਹੀਂ ਬਣਾਏ ਗਏ। ਝੋਨੇ ਦੇ ਸਮੇਂ ਵਿਚ ਮਹਿਜ਼ ਇਕ ਕਾਨੂੰਨ ਆਇਆ ਅਤੇ ਝੋਨੇ ਲਾਉਣ ਦੀ ਤਰੀਕ ਅੱਗੇ ਵਧਾ ਦਿੱਤੀ ਗਈ ਉਹ ਵੀ ਉਦੋਂ ਜਦੋਂ ਪਾਣੀ ਸਿਰ ਤੋਂ ਨਿਕਲ ਚੁੱਕਾ ਸੀ। ਜਦੋਂ ਟਿਊਬਵੈੱਲ ਦਾ ਪਾਣੀ ਖੂਹੀਆਂ ਪੁੱਟ ਕੇ ਮੋਟਰਾਂ ਧਰਤੀ ਹੇਠਾਂ ਕਰਨੀਆਂ ਪਈਆਂ। ਅਸੀਂ ਸਮਝੇ ਉਦੋਂ ਵੀ ਨਹੀਂ।

ਮੋਟਰਾਂ ਨੂੰ ਆਏ ਸਾਲ ਫੁੱਟਾਂ ਦੇ ਹਿਸਾਬ ਨਾਲ ਥੱਲੇ ਕਰਦੇ ਰਹੇ ਅਤੇ ਆਪਣੇ ਅੰਦਰ ਝਾਤੀ ਨਹੀਂ ਮਾਰੀ ਕਿ ਇਹ ਆਖਰ ਹੋ ਕਿਉਂ ਰਿਹਾ ਹੈ? ਕਿਉਂ ਧਰਤੀ ਦਾ ਪਾਣੀ ਸਾਲ ਦਰ ਸਾਲ ਹੇਠਾਂ ਜਾਂਦਾ ਗਿਆ? ਕਿਉਂ ਨਹਿਰਾਂ, ਦਰਿਆਵਾਂ ਅਤੇ ਸੂਇਆ ਦਾ ਪਾਣੀ ਘਟਿਆ? ਹਰ ਸਾਲ ਸਾਉਣ ਭਾਦੋਂ ਵਿਚ ਆਉਂਦੇ ਹੜ੍ਹ ਕਿਉਂ ਸੋਕਿਆਂ ਵਿਚ ਤਬਦੀਲ ਹੋ ਗਏ? ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਕਿਉਂ ਦਰਿਆਵਾਂ ਦੀ ਧਰਤੀ ਜਾਣਿਆ ਜਾਂਦਾ ਪੰਜਾਬ ਬੰਜਰ ਹੋਣ ਦੀ ਕਗਾਰ ‘ਤੇ ਆਣ ਖੜ੍ਹਾ ਹੋਇਆ? ਮਾਲਵਾ ਬੈਲਟ ਵਿਚ ਬਹੁਤ ਸਾਰੇ ਟਿਊਬਵੈੱਲ ਜਵਾਬ ਦੇ ਚੁੱਕੇ ਹਨ, ਜਿਸ ਤਰ੍ਹਾਂ ਨਾਲ ਅਸੀਂ ਪਿੰਡਾਂ ਅਤੇ ਸ਼ਹਿਰਾਂ ਵਿਚ ਪਾਣੀ ਦੀ ਬਰਬਾਦੀ ਕਰ ਰਹੇ ਹਾਂ, ਸਾਡੀ ਵਾਰੀ ਵੀ ਦੂਰ ਨਹੀਂ ਜਾਪਦੀ। ਅਫ਼ਰੀਕਾ ਦੇ ਜ਼ਿਆਦਾਤਰ ਇਲਾਕੇ ਬਿਨਾਂ ਪਾਣੀ ਤੋਂ ਜੀਵਨ ਬਤੀਤ ਕਰ ਰਹੇ ਹਨ ਪਰ ਉਨ੍ਹਾਂ ਦਾ ਜੋ ਸੰਘਰਸ਼ ਪਾਣੀ ਨੂੰ ਲੈ ਕੇ ਹੈ, ਉਸ ਬਾਰੇ ਸੋਚ ਕੇ ਹੋਸ਼ ਉੱਡ ਜਾਂਦੇ ਹਨ। ਉਹ ਲੋਕ ਮੀਂਹ ਦਾ ਪਾਣੀ ਟੋਭਿਆਂ ਵਿਚ ਇਕੱਠਾ ਕਰਕੇ ਪੀਣ ਲਈ ਮਜਬੂਰ ਹਨ। ਸਾਨੂੰ ਸਾਡੇ ਗੁਰੂਆਂ ਨੇ ਸਿੱਧਾ ਸਮਝਾਇਆ ਕਿ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਫਿਰ ਵੀ ਅਸੀਂ ਅਨਜਾਣ ਬਣੇ ਘੁੰਮ ਰਹੇ ਹਾਂ। ਸਿੱਖਿਆ ਅਤੇ ਸਮਝਿਆ ਕੁਝ ਵੀ ਨਹੀਂ। ਮੁਆਫ਼ ਕਰਨਾ ਇਹ ਸਚਾਈ ਹੈ। ਧਰਤੀ ਤੋਂ ਘਟਦੇ ਰੁੱਖਾਂ ਨੇ ਘਟ ਰਹੇ ਪਾਣੀ ਦੇ ਪੱਧਰ ‘ਤੇ ਬਹੁਤ ਅਸਰ ਪਾਇਆ ਹੈ। ਰੁੱਖ ਘਟਣ ਨਾਲ ਵਾਤਾਵਰਨ ਵਿਚ ਬਦਲਾਅ ਆਇਆ ਹੈ, ਜਿਸ ਨਾਲ ਮੀਂਹ ਪੈਣੇ ਘੱਟ ਹੋ ਗਏ ਅਤੇ ਧਰਤੀ ਨੂੰ ਲੋੜੀਂਦਾ ਕੁਦਰਤੀ ਪਾਣੀ ਵੀ ਨਹੀਂ ਮਿਲ ਰਿਹਾ। ਸਾਲ-ਦਰ-ਸਾਲ ਇਹ ਘਟਦਾ ਗਿਆ।

ਮਨੁੱਖ ਨੇ ਰੁੱਖਾਂ ਦੀ ਕਟਾਈ ‘ਤੇ ਬਹੁਤ ਜ਼ੋਰ ਦਿੱਤਾ ਪਰ ਉਸ ਦੇ ਬਦਲੇ ਵਿਚ ਰੁੱਖ ਲਗਾਏ ਨਹੀਂ ਗਏ। ਜੇ ਅਸੀਂ ਰੁੱਖਾਂ ਦੀ ਗਿਣਤੀ ਨੂੰ ਬਰਕਰਾਰ ਹੀ ਰੱਖ ਲੈਂਦੇ ਤਾਂ ਸ਼ਾਇਦ ਇਹ ਦਿਨ ਵੇਖਣੇ ਨਾ ਪੈਂਦੇ। ਰੁੱਖਾਂ ਨਾਲ ਹਵਾਵਾਂ, ਹਵਾਵਾਂ ਨਾਲ ਬੱਦਲ, ਬੱਦਲਾਂ ਨਾਲ ਮੀਂਹ ਅਤੇ ਮੀਹਾਂ ਨਾਲ ਹੀ ਧਰਤੀ ਦੇ ਪਾਣੀ ਦੀ ਪੂਰਤੀ ਹੋ ਸਕਦੀ ਹੈ। ਹੁਣ ਸੋਚਣ ਅਤੇ ਸਮਝਣ ਵਾਲੀ ਗੱਲ ਇਹ ਹੈ ਕਿ ਕੀ ਇਸ ਸਭ ਦੇ ਪਿੱਛੇ ਕੁਦਰਤ ਕਸੂਰਵਾਰ ਹੈ? ਨਹੀਂ ਇਸ ਸਭ ਦੇ ਪਿੱਛੇ ਸਿਰਫ ਅਤੇ ਸਿਰਫ ਮਨੁੱਖ ਹੀ ਕਸੂਰਵਾਰ ਹੈ। ਕੁਦਰਤ ਨੇ ਆਪਣੀ ਬਣਦੀ ਜ਼ਿੰਮੇਵਾਰੀ ਖ਼ੂਬ ਨਿਭਾਈ। ਸਾਨੂੰ ਧਰਤੀ ਤੇ ਰੁੱਖ ਅਤੇ ਧਰਤੀ ਹੇਠਲਾ ਪਾਣੀ ਦਿੱਤਾ। ਪਰ ਮਨੁੱਖ ਕੁਦਰਤ ਦੀ ਇਸ ਅਣਮੁੱਲੀ ਦਾਤ ਨੂੰ ਸੰਭਾਲ ਕੇ ਨਹੀਂ ਰੱਖ ਸਕਿਆ। ਦਾਅਵੇ ਤਾਂ ਹਰ ਕੋਈ ਕਰਦਾ ਪਰ ਹੁਣ ਦਾਅਵਿਆਂ ਦੀ ਨਹੀਂ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ। ਮਾਹਰਾਂ ਨੇ 10-15 ਸਾਲ ਤੱਕ ਪੰਜਾਬ ਦੇ ਪਾਣੀ ਖ਼ਤਮ ਹੋਣ ਦਾ ਅਨੁਮਾਨ ਲਗਾਇਆ ਹੈ। ਇਹ ਅੰਕੜੇ 2017 ਵਿਚ ਜਾਰੀ ਕੀਤੇ ਗਏ ਸਨ। ਪੰਜ ਸਾਲ ਨਿਕਲ ਗਏ ਪਰ ਸਾਡੇ ਸਿਰ ‘ਤੇ ਜੂੰ ਤੱਕ ਨਹੀਂ ਸਰਕੀ ਤੇ ਹਾਲੇ ਸਰਕ ਵੀ ਨਹੀਂ ਰਹੀ।

ਆਖਿਰ ਦੋਸ਼ ਸਰਕਾਰ ਨੂੰ ਦੇਈਏ ਜਾਂ ਆਪਣੇ ਆਪ ਨੂੰ ਇਸ ਦਾ ਫੈਸਲਾ ਕਰਨਾ ਵੀ ਇਸ ਸਮੇਂ ਸੰਭਵ ਹੋਇਆ ਪਿਆ ਹੈ, ਹੁਣ ਜਦੋਂ ਅਸੀਂ ਮੁਫਤ ਦੀ ਸਹੂਲਤ ਨੂੰ ਭਾਂਪਦਿਆਂ ਬਿਜਲੀ ਦੀ ਮੁਫਤ ਸਹੂਲਤ ਹਾਸਲ ਕਰ ਹੀ ਲਈ ਹਾਂ ਤਾਂ ਇਸ ਨਾਲ ਪਾਣੀ ਦੀਆਂ ਮੋਟਰਾਂ ਬੰਦ ਕਰਨ ਵੱਲ ਤਾਂ ਧਿਆਨ ਹੀ ਨਹੀਂ ਜਾਵੇਗਾ ਅਤੇ ਪਾਣੀ ਹੋਰ ਫਜ਼ੂਲ ਦਾ ਰੁੜਣਾ ਸ਼ੁਰੂ ਹੋ ਜਾਵੇਗਾ। ਜੇਕਰ ਅੱਜ ਵੀ ਪਾਣੀ ਪ੍ਰਤੀ ਸਰਕਾਰ ਨੇ ਸਖਤ ਰਵੱਈਆ ਨਾ ਅਪਨਾਇਆ ਜਾਂ ਪੰਜਾਬ ਵਿਚ ਫਸਲੀ ਚੱਕਰ ਨੂੰ ਨਾ ਬਦਲਿਆ ਤਾਂ ਪੰਜ ਆਬ ਯਾਨੀ ਕਿ ਪੰਜ ਦਰਿਆਵਾਂ ਦੀ ਧਰਤੀ ਦੀ ਪ੍ਰੀਭਾਸ਼ਾ ਬਦਲਣ ਵਿਚ ਕੋਈ ਦੇਰੀ ਨਹੀਂ?

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d