ਪੰਜਾਬ ਵਿੱਚ ਗੈਂਗਸਟਰਾਂ ਦਾ ਦਾਤਰਾਂ-ਚਾਕੂਆਂ ਤੋਂ ਲੈ ਕੇ ਏ.ਕੇ 47 ਤੱਕ ਦੇ ਸਫਰ ਦਾ ਜੁੰਮੇਵਾਰ ਕੌਣ?

ਪੰਜਾਬ ਵਿੱਚ ਗੈਂਗਸਟਰਾਂ ਦਾ ਦਾਤਰਾਂ-ਚਾਕੂਆਂ ਤੋਂ ਲੈ ਕੇ ਏ.ਕੇ 47 ਤੱਕ ਦੇ ਸਫਰ ਦਾ ਜੁੰਮੇਵਾਰ ਕੌਣ?

ਪਿਛਲੇ 40 ਸਾਲਾਂ ਦੌਰਾਨ ਹੀ ਇਹ ਦੂਜੀ ਵਾਰ ਹੈ ਜਦੋਂ ਪੰਜਾਬ ਦਹਿਸ਼ਤ ਦੇ ਸਾਏ ਹੇਠ ਜੀਅ ਰਿਹਾ ਹੈ। ਰਾਜਸੀ ਨੇਤਾਵਾਂ ਦੀ ਬਦੌਲਤ ਪਹਿਲਾਂ ਖਾੜਕੂਵਾਦ ਦੇ ਨਾਂ ਨਾਲ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਝੌੰਕਿਆ ਸੀ, ਜਿਸ ਦੇ ਸੇਕ ਨੇ ਪੰਜਾਬ ਵਿਚ ਹਰ ਵਰਗ ਦੀਆਂ ਲੱਖਾਂ ਜਾਨਾਂ ਦੇ ਅਜਾਈਂ ਸਿਵੇ ਬਾਲੇ ਸਨ। ਉਸ ਅੱਗ ਨੂੰੰ ਕਿਸੇ ਸਹੀ ਫੈਸਲਿਆਂ ਨਾਲ ਤਾਂ ਨਹੀਂ ਸੀ ਬੁਝਾਇਆ ਗਿਆ ਬਲਕਿ ਉਸ ਦੀ ਸੁਲਗਦੀ ਰਾਖ ਨੂੰ ਦਫਨ ਕਰ ਦਿੱਤਾ ਸੀ, ਜਿਸ ਦੀਆਂ ਅੱਜ ਵੀ ਚੰਗਿਆੜੀਆਂ ਕਿਤੇ ਨਾ ਕਿਤੇ ਸੁਲਗਦੀਆਂ ਰਹਿੰਦੀਆਂ ਹਨ । ਸ਼ਾਇਦ ਇਹ ਕਹਿ ਲਿਆ ਜਾਵੇ ਕਿ ਰਾਜਨੀਤਿਕਾਂ ਵਲੋਂ ਜੋ ਖੁਸ਼ਹਾਲ ਪੰਜਾਬ ਨੂੰ ਅੱਗ ਲਗਾਈ ਗਈ ਸੀ ਉਸ ਦੇ ਬੁਝਣ ਦੀ ਉਹਨਾਂ ਨੂੰ ਖੁਸ਼ੀ ਨਹੀਂ ਸੀ ਹੋਈ ਬਲਕਿ ਉਹਨਾਂ ਨੂੰ ਅਫਸੋਸ ਹੋਇਆ ਹੋਵੇ ਕਿ ਪੰਜਾਬ ਵਿਚ ਕਾਲੀਆਂ ਰਾਤਾਂ ਦੇ ਬੱਦਲ ਛੱਟ ਕਿਉਂ ਗਏ ਹਨ। ਇਸ ਲਈ ਉਹਨਾਂ ਦੀ ਬਦੌਲਤ ਹੀ ਇਸ ਨੂੰ ਇੱਕ ਬਦਲਵਾਂ ਰੂਪ ਇਹ ਦੇ ਦਿੱਤਾ ਗਿਆ ਕਿ ਨਸ਼ਿਆਂ ਦੀ ਮੰਡੀ, ਗੁੰਡਾਗਰਦੀ ਦੀ ਲਹਿਰ ਅਤੇ ਲੱੁਟਾਂ ਖੋਹਾਂ ਦਾ ਅਜਿਹਾ ਚੱਕਰ ਚਲਾਇਆ ਕਿ ਜਿਸ ਨਾਲ ਅੱਜ ਪੰਜਾਬ ਉਤਨਾ ਖਾੜਕੂਵਾਦ ਵੇਲੇ ਲਾਸ਼ਾਂ ਦਾ ਦੌਰ ਨਹੀ ਹੰਡਾ ਸਕਿਆ ਜਿੰਨ੍ਹਾ ਕਿ ਹੁਣ ਕਰਜ਼ਾ, ਕਤਲੇਆਮ ਨਾਲ ਹੰਢਾ ਰਿਹਾ ਹੈ।

ਉਸ ਨੂੰ ਤਾਂ ਖਿੱਤੇ ਤੇ ਧਰਮ ਦੀ ਲੜਾਈ ਦਾ ਰੂਪ ਦੇ ਦਿੱਤਾ ਗਿਆ ਸੀ ਪਰ ਹੁਣ ਤਾਂ ਜਿਸ ਕੋਲ ਵੀ ਪੈਸਾ ਹੈ ਉਸ ਨੂੰ ਲੁੱਟ ਲਵੋ ਮਾਰ ਦੇਵੋ, ਵਿਦੇਸ਼ਾਂ ਵਿੱਚ ਭਜਾ ਦੇਵੋ ਬੱਸ ਪੰਜਾਬ ਖਾਲੀ ਕਰਵਾਉਣਾ ਹੈ ਜਿਵੇਂ ਮਰਜ਼ੀ ਕਰਵਾ ਲਵੋ । ਕਿਉਂਕਿ ਅਸਲ ਪੰਜਾਬੀਆਂ ਦਾ ਰਾਜ ਭਾਗ ਤਾਂ ਖੁੱਸ ਹੀ ਗਿਆ ਹੈ ਹੁਣ ਜੋ ਨਵੀਂ ਕਵਾਇਦ ਗੈਂਗਸਟਰਾਂ ਦੀ ਸ਼ੁਰੂ ਹੋਈ ਹੈ ਤੇ ਜਿਸ ਨੇ ਬਹੁਤ ਵੱਡੇ ਪੱਧਰ ਤੇ ਤਰੱਕੀ ਕੀਤੀ ਹੈ ਉਹ ਹੈ ਟਕੂਏ, ਚਾਕੂ ਤੋਂ ਸ਼ੁਰੂ ਹੋ ਕੇ ਦੇਸੀ ਕੱਟਿਆਂ ਤੱਕ ਦਾ ਸਫਰ ਤਹਿ ਕਰਦੇ ਹੋਏ ਏ.ਕੇ-47 ਤੱਕ ਦਾ ਸਫਰ ਪੂਰਾ ਕਰ ਲਿਆ ਹੈ ਜਿਸ ਦੀ ਵਰਤੋਂ ਉਹਨਾਂ ਨੇ ਪੰਜਾਬੀ ਦੇ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਲ 30 ਰਾਊਂਡ ਚਲਾਉਣ ਤੋਂ ਬਾਅਦ ਕਤਲ ਕਰਕੇ ਇੱਕ ਨਵੀਂ ਸਿਰੇ ਦੇ ਨਜ਼ਾਇਜ਼ ਹਥਿਆਰਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਸਿੱਧੂ ਮੂਸੇ ਵਾਲਾ ਮਾਨਸਾ ਨੇੜਲੇ ਪਿੰਡ ਮੂਸਾ ਵਿਖੇ ਬਲਕੌਰ ਸਿੰਘ ਸਿੱਧੂ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ 11 ਜੂਨ 1993 ਨੂੰ ਜਨਮੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਬੀ. ਟੈੱਕ ਮਕੈਨੀਕਲ ਦੀ ਡਿਗਰੀ ਕਰਨ ਉਪਰੰਤ ਉੱਚ-ਸਿੱਖਿਆ ਲਈ ਕੈਨੇਡਾ ਚਲੇ ਗਏ ਸਨ । ਉਨ੍ਹਾਂ ਆਪਣੀ ਗਾਇਕੀ ਦਾ ਸਫ਼ਰ ਵਿਦੇਸ਼ ਤੋਂ ਸ਼ੁਰੂ ਕੀਤਾ ਸੀ । ਕੁਝ ਵਰ੍ਹਿਆਂ ‘ਚ ਉਹ ਸੰਗੀਤ ਜਗਤ ‘ਚ ਵੱਖਰੀ ਪਹਿਚਾਣ ਬਣਾ ਕੇ ਦੁਨੀਆ ਭਰ ‘ਚ ਮਸ਼ਹੂਰ ਹੋ ਗਿਆ ਸੀ । ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ ਮਾਤਾ ਪਿੰਡ ਦੀ ਸਰਪੰਚ ਹਨ । ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਸਿੱਧੂ ਮੂਸੇਵਾਲਾ ਨੇ ਮਾਨਸਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ, ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੇ ਸਿੰਗਲਾ ਤੋਂ 63 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਹਾਰ ਗਏ ਸਨ । ਸਿੱਧੂ ਦਾ ਆਖ਼ਰੀ ਗੀਤ ਲੈਵਲਸ 25 ਮਈ ਨੂੰ 4 ਦਿਨ ਪਹਿਲਾਂ ਹੀ ਯੂ-ਟਿਊਬ ‘ਤੇ ਜਾਰੀ ਹੋਇਆ ਸੀ, ਜਿਸ ਨੂੰ 60 ਲੱਖ ਤੋਂ ਵਧੇਰੇ ਵਿਊ ਮਿਲ ਚੁੱਕੇ ਹਨ । ਜ਼ਿਕਰਯੋਗ ਹੈ ਕਿ 15 ਮਈ ਨੂੰ ਸਿੱਧੂ ਵਲੋਂ ਯੂ-ਟਿਊਬ ‘ਤੇ ਪਾਏ ਗਏ ਗੀਤ ‘ਦਾ ਲਾਸਟ ਰਾਇਡ’ ਦੀ ਵੀ ਪੂਰੀ ਚਰਚਾ ਸੀ, ਜਿਸ ਦੇ ਬੋਲ ਸਨ ‘ਚੋਬਰ ਦੇ ਚਿਹਰੇ ‘ਤੇ ਨੂਰ ਦੱਸਦਾ ਨੀ ਇਹਦਾ ਉਠੂਗਾ ਜਵਾਨੀ ‘ਚ ਜਨਾਜ਼ਾ ਮਿਠੀਏ’ ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤੁਰੰਤ ਹੀ ਕਾਤਲਾਂ ਦੇ ਮੁਖੀਏ ਨੇ ਜੁੰਮੇਵਾਰੀ ਲੈ ਲਈ ਤੇ ਉਸ ਨੇ ਇਹ ਵੀ ਦੱਸ ਦਿੱਤਾ ਕਿ ਉਹ ਵਿਦੇਸ਼ਾਂ ਤੋਂ ਬੈਠੇ ਅਜਿਹਾ ਗੁੰਡਗਰਦੀ ਦਾ ਜਾਲ ਵਿਛਾਈ ਬੈਠੇ ਹਨ ਕਿ ਜਿਸ ਦੇ ਤਾਰ ਤਾਂ ਕੈਨੇਡਾ ਤੋਂ ਹਿਲਦੇ ਹਨ ਪਰ ਉਸ ਦਾ ਅਸਰ ਪੰਜਾਬ ਵਿਚ ਹੁੰਦਾ ਹੈ। ਕਿੰਨਾ ਭਿਆਨਕ ਤੇ ਖਤਰਨਾਕ ਸਮਾਂ ਹੈ ਕਿ ਗੈਂਗਸਟਰ ਵਿਦੇਸ਼ਾਂ ਤੇ ਜੇਲ੍ਹਾਂ ਵਿਚ ਬੈਠ ਕੇ ਆਪਣੀਆਂ ਕਾਰਵਾਈਆਂ ਅਮਲ ਵਿਚ ਲਿਆ ਰਹੇ ਹਨ ਅਤੇ ਉਹਨਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹਨ ਕਿ ਬੀਤੇ ਸਮੇਂ ਵਿਚ ਜਗਰਾਓਂ ਵਿਚ ਉਹਨਾਂ ਨੇ ਪੰਜਾਬ ਪੁਲਿਸ ਦੇ ਦੋ ਥਾਣੇਦਾਰ ਮਾਰ ਦਿੱਤੇ ਸਨ। ਭਾਵੇਂ ਕਿ ਆਪਣੇ ਘਰ ਨੂੰ ਜਦੋਂ ਸੇਕ ਲੱਗਾ ਤਾਂ ਪੰਜਾਬ ਪੁਲਿਸ ਨੇ ਕਾਤਲਾਂ ਨੂੰ ਕਲੱਕਤੇ ਵਿਚ ਜਾ ਕੇ ਵੀ ਮਾਰ ਮੁਕਾਇਆ ਸੀ ਪਰ ਹੁਣ ਜਦੋਂ ਨਿੱਤ ਦਿਨ ਕਾਰਵਾਈਆਂ ਵੱਧਦੀਆਂ ਹੀ ਜਾ ਰਹੀਆਂ ਹਨ ਤਾਂ ਉੇਸ ਸਮੇਂ ਕਿਸੇ ਦੇ ਕੋਲ ਪੈਸਾ ਆ ਜਾਵੇ ਜਾਂ ਸ਼ੌਹਰਤ ਉਹ ਤਾਂ ਝੱਟ ਹੀ ਇਹਨਾਂ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਜਾਂਦੇ ਹਨ। ਪੰਜਾਬ ਵਿਚ ਇਸ ਸਮੇਂ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੱਡ ਰਹੀਆਂ ਹਨ ਅਤੇ ਹਾਲਾਤ ਤੇ ਕਾਬੂ ਪਾਉਣਾ ਪੰਜਾਬ ਪੁਲਿਸ ਦੇ ਵੱਸ ਨਹੀਂ ਰਿਹਾ। ਅੱਗੇ ਵੀ ਕਿਹੜਾ ਖਾੜਕੂਵਾਦ ਤੇ ਪੰਜਾਬ ਪੁਲਿਸ ਕਾਬੂ ਪਾ ਸਕੀ ਸੀ ਉਸ ਸਮੇਂ ਵੀ ਕੇਂਦਰੀ ਪੁਲਿਸ ਬੱਲ ਅਤੇ ਨੀਮ ਫੌਜੀ ਦਲਾਂ ਨੇ ਹੀ ਹਾਲਾਤ ਤੇ ਕਾਬੂ ਪਾਇਆ ਸੀ।ਇਹ ਗੱਲ ਤਾਂ ਇਸ ਸਮੇਂ ਦੇ ਸੂਬੇ ਦੇ ਮੱੁਖ ਮੰਤਰੀ ਵੀ ਜਾਣਦੇ ਹਨ ਕਿਉਂਕਿ ਹਾਲ ਹੀ ਵਿਚ ਉਹ ਕੇਦਰ ਦੇ ਗ੍ਰਹਿ ਮੰਤਰੀਆਂ ਤੋਂ ਭਾਰੀ ਮਾਤਰਾ ਵਿੱਚ ਫੌਜ ਦੀ ਮੰਗ ਕਰਕੇ ਆਏ ਸਨ ਤੇ ਘੱਲੂਘਾਰਾ ਸਪਤਾਹ ਨੂੰ ਦੇਖਦਿਆਂ ੳੇੇੁਹਨਾਂ ਨੇ ਸੁਰੱਖਿਆ ਦਸਤਿਆਂ ਨੂੰ ਮੰਗਵਾ ਵੀ ਲਿਆ ਹੈ।

ਪਰ ਕਿੰਨਾ ਹੈਰਾਨੀਜਨਤਕ ਤੱਥ ਹੈ ਕਿ ਸੂਬੇ ਵਿਚ ਨਜ਼ਾਇਜ਼ ਹਥਿਆਰਾਂ ਦੀ ਸਪਲਾਈ ਸ਼ਰੇਆਮ ਹੋ ਰਹੀ ਹੈ ਅਤੇ ਇਸ ਦੀ ਵਰਤੋਂ ਵੀ ਬੀਤੀ ਕੱਲ੍ਹ ਵੱਡੇ ਪੱਧਰ ਤੇ ਹੋ ਗਈ ਹੈ। ਹੁਣ ਇਹਨਾਂ ਹਥਿਆਰਾਂ ਦੀ ਸਪਲਾਈ ਦਾ ਜੁੰਮੇਵਾਰ ਕੌਣ ਹੈ ਅਤੇ ਉਹਨਾਂ ਨੂੰ ਰੋਕ ਨਾ ਸਕਣ ਦਾ ਜੁੰਮੇਵਾਰ ਕੌਣ ਹੈ ? ਪਿਛਲੇ ਦਸ ਪੰਦਰਾਂ ਸਾਲ ਵਿਚ ਹੀ ਵੱਡੇ ਪੱਧਰ ਤੇ ਗੈਂਗਸਟਰਾਂ ਦੀ ਫਸਲ ਨੂੰ ਅਜਿਹਾ ਬੂਰ ਪਿਆ ਹੈ ਕਿ ਇਹਨਾਂ ਦੀ ਗਿਣਤੀ ਕਰਨੀ ਜਿੱਥੇ ਮੁਸ਼ਕਲ ਹੋ ਗਈ ਹੈ ਉਥੇ ਹੀ ਇਹਨਾਂ ਦੇ ਬੁਲੰਦ ਹੌਸਲਿਆਂ ਨੂੰ ਵੀ ਕੌਣ ਪਾਣੀ ਦੇ ਰਿਹਾ ਹੈ ਇਸ ਨੂੰ ਮਾਪਣਾ ਵੀ ਮੁਸ਼ਕਲ ਹੋ ਗਿਆ ਹੈ। ਜੇਕਰ ਇਹ ਗੈਂਗਸਟਰ ਸੁੱਖਾਂ ਕਾਲਹਵਾਂ ਵਰਗੇ ਨੂੰ ਭਾਰੀ ਪੁਲਿਸ ਦੀ ਹਿਰਾਸਤ ਵਿਚ ਮਾਰ ਸਕਦੇ ਹਨ ਤੇ ਮਿੱਥੇ ਨਿਸ਼ਾਨਿਆਂ ਦੀ ਮੁਹਾਰਤ ਵੀ ਇਹ ਸੀ ਕਿ ਵੱਰਦੀਆਂ ਗੋਲੀਆਂ ਨੇ ਕਿਸੇ ਹੋਰ ਨੂੰ ਤਾਂ ਛੂਹਿਆ ਨਹੀਂ ਅਤੇ ਜੇਕਰ ਉਹ ਲੱਗੀਆਂ ਤਾਂ ਸਿਰਫ ਸੱੁਖਾਂ ਕਾਹਲਵਾਂ ਨੂੰ ਹੀ ਤਾਂ ਅਜਿਹੇ ਹੈਰਾਨੀਜਨਕ ਤੱਥਾਂ ਨੇ ਹੀ ਪੁਲਿਸ ਫੋਰਸਾਂ ਤੇ ਖੁਫੀਆ ਏਜੰਸੀਆਂ ਦੀ ਉਸ ਕਾਰਗੁਜ਼ਾਰੀ ਨੂੰ ਅੱਜ ਗ੍ਰਹਿਣ ਲਗਾ ਦਿੱਤਾ ਹੈ ਜਿਸ ਦੀ ਬਦੌਲਤ ਅੱਜ ਉਹ ਆਪਣੇ ਆਪ ਨੂੰ ਖਾੜਕੂਵਾਦ ਤੇ ਜਿੱਤ ਦਾ ਪ੍ਰਤੀਕ ਦੱਸਦੇ ਸਨ।

ਕੀ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੱਧਣਗੀਆਂ ਜਾਂ ਫਿਰ ਇਹਨਾਂ ਤੇ ਰੋਕ ਲੱਗੇਗੀ ਇਸ ਬਾਰੇ ਹਾਲੇ ਕੱੁਝ ਵੀ ਕਹਿਣਾ ਸੰਭਵ ਨਹੀਂ । ਹੁਣ ਤਾਂ ਸਰਕਾਰੀ ਤੰਤਰ ਤੋਂ ਕਿਸੇ ਕਿਸਮ ਦੀ ਸੁਰੱਖਿਆ ਦੀ ਆਸ ਨਾ ਰੱਖਦੇ ਹੋਏ ਸਵੈ-ਰੱਖਿਆ ਵੱਲ ਧਿਆਨ ਦੇਣਾ ਬਹੁਤ ਹੀ ਜਰੂਰੀ ਹੈ। ਅੱਜ ਜੇਲ੍ਹਾਂ ਜੋ ਜੁਰਮ ਦੀਆਂ ਅਕੈਡਮੀਆਂ ਹਨ ਉਹਨਾਂ ਵਿੱਚੋਂ ਜ਼ੁਲਮ ਦੀ ਪੜ੍ਹਾਈ ਨੂੰ ਖਤਮ ਕਰਨਾ ਸਭ ਤੋਂ ਵੱਡਾ ਤੇ ਅਹਿਮ ਕਾਰਜ ਹੋਵੇਗਾ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d