ਭਾਰਤੀ ਰਾਜਨੀਤਿਕਾਂ ਦੀ ਮਾਨਸਿਕ ਹਾਲਤ ਜਾਨਣ ਦੇ ਲਈ ਕਿਹੜੀ ਪ੍ਰਣਾਲੀ ਵਰਤੀ ਜਾਵੇ ?

ਭਾਰਤੀ ਰਾਜਨੀਤਿਕਾਂ ਦੀ ਮਾਨਸਿਕ ਹਾਲਤ ਜਾਨਣ ਦੇ ਲਈ ਕਿਹੜੀ ਪ੍ਰਣਾਲੀ ਵਰਤੀ ਜਾਵੇ ?

ਭਾਰਤ ਦੀ ਰਾਜਨੀਤੀ ਵਿਚ ਵਿਚਰਨ ਵਾਲੇ ਹਰ ਇੱਕ ਨੇਤਾ ਦਾ ਇਹ ਭੁਲੇਖਾ ਹੁੰਦਾ ਹੈ ਕਿ ਉਸ ਦੇ ਰਾਜ ਵਿਚ ਲੋਕ ਬਹੁਤ ਸੁਖੀ ਹਨ, ਦੇਸ਼ ਤਰੱਕੀ ਦੇ ਰਾਹ ਤੇ ਹੈ, ਸਾਰੇ ਸੰਸਾਰ ਵਿਚ ਵਾਹ-ਵਾਹ ਹੈ ਜਦਕਿ ਅਸਲ ਹਕੀਕਤ ਇਸ ਦੇ ਉਲਟ ਹੁੰਦਿਆਂ ਹੋਇਆਂ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਕਿਵੇਂ ਆਪਣੇ ਚੁਗਿਰਦੇ ਦੇ ਅੰਦਰ ਫਸਾਇਆ ਜਾਵੇ । ਉਹਨਾਂ ਦੀ ਇਸੇ ਹੀ ਸ਼ਾਤਰਦਿਮਾਗੀ ਵਿਚੋਂ ਪਨਪਦਾ ਹੈ ਧਰਮ-ਯੁੱਧ, ਖਿੱਤੇ ਦੀ ਲੜਾਈ, ਵੱਖ-ਵਾਦ ਜਿਸ ਸਦਕਾ ਆਪਸ ਵਿਚ ਲੜ ਕੇ ਜੰਤਾ ਮਰਦੀ ਹੈ ਅਤੇ ਤਬਾਹੀ ਹੁੰਦੀ ਹੈ ਅਤੇ ਇਸੇ ਤਬਾਹੀ ਸਦਕਾ ਹੀ ਅੱਜ ਭਾਰਤ ਲੋਕਤੰਤਰ ਦੇ ਅਸਲ ਵਿਸ਼ੇ ਤੋਂ ਭਟਕ ਚੁੱਕਿਆ ਹੈ ਅਤੇ ਲੋਕਾਂ ਦੀ ਹਾਲਤ ਇਹ ਹੋ ਗਈ ਹੈ ਕਿ ਉਹ ਇਹਨਾਂ ਦੀ ਰਗ-ਰਗ ਦੇ ਵਾਕਿਫ ਹੁੰਦਿਆਂ ਹੋਇਆਂ ਵੀ ਇਹਨਾਂ ਦਾ ਸਾਥ ਦੇ ਰਹੇ ਹਨ ਅਤੇ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ। ਅੱਜ ਹਰ ਇੱਕ ਆਦਮੀ ਮਾਨਸਿਕ ਤੌਰ ਤੇ ਪਰੇਸ਼ਾਨ ਹੈ।

ਡਾਕਟਰੀ ਵਿਿਗਆਨ ਅਨੁਸਾਰ ਮਾਨਸਿਕ ਬਿਮਾਰੀਆਂ ਸਰੀਰਕ ਬਿਮਾਰੀਆਂ ਤੋਂ ਵਧੇਰੇ ਤਕਲੀਫ਼ਦੇਹ ਹੁੰਦੀਆਂ ਹਨ। ਵਿਦਵਾਨ ਸਿਸਰੋ ਲਿਖਦੇ ਹਨ, ‘ਮਨ ਦੇ ਦੁੱਖ ਤਨ ਦੀਆਂ ਪੀੜਾਂ ਨਾਲੋਂ ਵਧੇਰੇ ਸਖ਼ਤ ਹੁੰਦੇ ਹਨ।’ ਅਫ਼ਸੋਸ ਦੀ ਗੱਲ ਇਹ ਹੈ ਸਾਡੇ ਲੋਕਾਂ ਵਿਚ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਨਹੀਂ ਆਈ। ਇਨ੍ਹਾਂ ਪ੍ਰਤੀ ਸਾਡੇ ਸਮਾਜ ਵਿਚ ਕਈ ਤਰ੍ਹਾਂ ਦੇ ਵਹਿਮ ਭਰਮ ਅੱਜ ਵੀ ਪ੍ਰਚੱਲਿਤ ਹਨ। ਅੱਜ ਵੀ ਜਦੋਂ ਖੂਨ ਦੇ ਟੈਸਟ, ਐਕਸ ਰੇ, ਅਲਟਾਸਾਊਂਡ ਕਰਾਉਣ ‘ਤੇ ਜੇਕਰ ਮਰੀਜ਼ ਦੀ ਬਿਮਾਰੀ ਦਾ ਪਤਾ ਨਹੀਂ ਚਲਦਾ ਤਾਂ ਪੜ੍ਹੇ-ਲਿਖੇ ਲੋਕ ਵੀ ਇਹ ਅਕਸਰ ਕਹਿੰਦੇ ਹਨ ‘ਸੰਬੰਧਿਤ ਵਿਅਕਤੀ ਨੂੰ ਕੋਈ ਬਾਹਰੀ (ਓਪਰੀ) ਕਸਰ ਹੈ ਜੋ ਟੈਸਟਾਂ ਵਿਚ ਨਹੀਂ ਆ ਰਹੀ ਜਾਂ ਕਿਸੇ ਭੂਤ-ਪ੍ਰੇਤ ਦਾ ਸਾਇਆ ਹੋ ਗਿਆ।’ ਇਹ ਵੀ ਸਮਝਿਆ ਜਾਂਦਾ ਹੈ ਕਿ ਸੰਬੰਧਿਤ ਵਿਅਕਤੀ ਨੂੰ ਕਿਸੇ ਨੇ ਜਾਣਬੁੱਝ ਕੇ ਜਾਦੂ-ਟੂਣਾ ਕਰਾ ਕੇ ਜਾਂ ਧਾਗਾ-ਤਵੀਤ ਕਰਾ ਕੇ ਬਿਮਾਰ ਕਰ ਦਿੱਤਾ ਹੈ। ਜਦ ਕਿ ਅਜਿਹੀਆਂ ਧਾਰਨਾਵਾਂ ਵਿਚ ਰੱਤੀ ਭਰ ਵੀ ਸਚਾਈ ਨਹੀਂ ਹੁੰਦੀ। ਅੰਧ-ਵਿਸ਼ਵਾਸਾਂ ਦੀ ਦਲਦਲ ਵਿਚ ਫਸੇ ਲੋਕ ਇਹ ਸਮਝਦੇ ਹਨ ਕਿ ਉਪਰੋਕਤ ਕਿਸਮ ਦੀਆਂ ਬਿਮਾਰੀਆਂ ਦਾ ਇਲਾਜ ਡਾਕਟਰ ਦੀ ਸਮਝ ਵਿਚ ਨਹੀਂ ਆਉਣ ਵਾਲਾ, ਇਸ ਨੂੰ ਠੀਕ ਕਰਨ ਲਈ ਕਿਸੇ ਸਿਆਣੇ, ਸਾਧ, ਤਾਂਤਰਿਕ, ਜੋਤਸ਼ੀ ਦੀ ਜ਼ਰੂਰਤ ਹੈ ਜੋ ਆਪਣੀਆਂ ਗੈਬੀ ਤਾਕਤਾਂ ਨਾਲ, ਪਾਠ-ਪੂਜਾ ਕਰਕੇ ਜਾਂ ਜਾਦੂ-ਟੂਣਾ ਕਰਕੇ ਪੀੜਤ ਵਿਅਕਤੀ ਨੂੰ ਠੀਕ ਕਰ ਦੇਵੇ। ਇਹੋ ਕਾਰਨ ਹੈ ਕਿ ਸਾਡੇ ਮੁਲਕ ਵਿਚ ਅਜਿਹੀਆਂ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਵਾਲੇ ਹਰ ਥਾਂ ਆਸਾਨੀ ਨਾਲ ਮਿਲ ਜਾਂਦੇ ਹਨ। ਜਦਕਿ ਸਚਾਈ ਇਹ ਹੈ ਕਿ ਇਨ੍ਹਾਂ ਅਖੌਤੀ ਬਾਬਿਆਂ, ਸਿਆਣਿਆਂ, ਤਾਂਤਰਿਕਾਂ ਨੂੰ ਮਨੁੱਖ ਦੀਆਂ ਮਾਨਸਿਕ ਸਮੱਸਿਆਵਾਂ ਦਾ ੳ ਅ ਵੀ ਪਤਾ ਨਹੀਂ ਹੁੰਦਾ। ਜਦੋਂ ਕਿਸੇ ਸਮਾਜ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਵਧਦੀ ਹੈ ਤਾਂ ਉਸ ਸਮਾਜ ਵਿਚ ਅਖੌਤੀ ਡੇਰਿਆਂ ਮਜ਼ਾਰਾਂ ਅਤੇ ਧਰਮ ਅਸਥਾਨਾਂ ‘ਤੇ ਲੋਕਾਂ ਦੀ ਟੇਕ ਹੋਰ ਵਧ ਜਾਂਦੀ ਹੈ। ਮੁਸ਼ਕਿਲਾਂ ਮੁਸੀਬਤਾਂ ਅਤੇ ਦੁੱਖਾਂ ਦਰਦਾਂ ਦੇ ਭੰਨੇ ਲੋਕਾਂ ਨੂੰ ਇੱਥੇ ਜਾ ਕੇ ਕੁਝ ਸਮਾਂ ਤਾਂ ਰਾਹਤ ਮਹਿਸੂਸ ਹੁੰਦੀ ਹੈ ਪਰ ਘਰ ਆ ਕੇ ਜਦੋਂ ਸਮਾਜ ਦੀਆਂ ਉਨ੍ਹਾਂ ਹੀ ਹਕੀਕਤਾਂ ਨਾਲ ਮੁੜ ਵਾਹ ਪੈਂਦਾ ਹੈ ਤਾਂ ਪਤਾ ਚਲਦਾ ਹੈ ਕਿ ਬਦਲਿਆ ਕੁਝ ਨਹੀਂ।

ਪਿਛਲੇ ਕੁਝ ਅਰਸੇ ਤੋਂ ਬੇਕਿਰਕ ਪੂੰਜੀਵਾਦੀ ਨਿਜ਼ਾਮ ਦੇ ਗਲਬੇ ਨਾਲ ਦੁਨੀਆ ਦੇ ਵੱਡੀ ਗਿਣਤੀ ਵਿਚ ਲੋਕ ਜਨਤਕ ਅਦਾਰਿਆਂ, ਕੁਦਰਤੀ ਸਾਧਨਾਂ, ਨੌਕਰੀਆਂ, ਰੁਜ਼ਗਾਰਾਂ ਤੋਂ ਵਿਰਵੇ ਹੋ ਕੇ ਆਪਣੇ ਆਪ ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਆਰਥਿਕ ਪੱਖੋਂ ਅਸੁਰੱਖਿਆ ਦੀ ਭਾਵਨਾ ਕਈ ਤਰ੍ਹਾਂ ਦੇ ਡਰ, ਫ਼ਿਕਰ, ਸ਼ੰਕੇ, ਨਿਰਾਸ਼ ਅਤੇ ਮਾਯੂਸੀ ਦੇ ਆਲਮ ਨੂੰ ਜਨਮ ਦਿੰਦੀ ਹੈ। ਪੂੰਜੀਵਾਦੀ ਵਿਵਸਥਾ ਨੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਪੱਕੀਆਂ ਨੌਕਰੀਆਂ ਅਤੇ ਕਿਰਤ ਤੋਂ ਤੋੜ ਕੇ ਬੇਸਹਾਰੇ ਬਣਾ ਦਿੱਤਾ ਹੈ। ਰਾਜਸੀ ਮੰਚਾਂ ‘ਤੇ ਲੋਕਾਂ ਲਈ ਬੜੇ ਵੱਡੇ ਅਡੰਬਰ ਰਚੇ ਜਾ ਰਹੇ ਹਨ। ਆਮ ਮਨੁੱਖ ਆਪਣੀਆਂ ਜੜ੍ਹਾਂ ਤੋਂ ਟੁੱਟ ਰਿਹਾ ਹੈ। ਕਿਰਤ ਤੋਂ ਤੋੜ ਵਿਛੋੜਾ ਅਤੇ ਭਵਿੱਖ ਪ੍ਰਤੀ ਅਸੁਰੱਖਿਆ ਦੀ ਭਾਵਨਾ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਮੱਸਿਆਵਾਂ ਅਤੇ ਮਾਨਸਿਕ ਵਿਕਾਰਾਂ ਨੂੰ ਜਨਮ ਦੇ ਰਹੀ ਹੈ। ਸੋਸ਼ਲ ਮੀਡੀਆ ਦੀਆਂ ਸਾਈਟਾਂ/ਗੇਮਾਂ ਦੇ ਨਸ਼ਿਆਂ ਵਾਂਗ ਆਦੀ ਹੋਏ ਨੌਜਵਾਨਾਂ ਦੀ ਮਾਨਸਿਕ ਇਕਾਗਰਤਾ ਜਦੋਂ ਵਾਰ-ਵਾਰ ਭੰਗ ਹੁੰਦੀ ਹੈ ਤਾਂ ਇਹ ਵੀ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਪੈਦਾ ਕਰਦੀ ਹੈ। ਮਾਨਸਿਕ ਅਤੇ ਸਰੀਰਕ ਸੰਕਟਾਂ ਦੇ ਕਾਰਨਾਂ ਦੀ ਅਗਿਆਨਤਾ ਸਮਾਜ ਵਿਚ ਵੱਖ-ਵੱਖ ਕਿਸਮਾਂ ਦੇ ਨਸ਼ਿਆਂ ਦਾ ਚਲਣ ਵਧਾ ਰਹੀ ਹੈ।

ਪਰ ਲੋਕਾਂ ਵਿਚ ਇਹ ਜਾਗਰੁੱਕਤਾ ਹਾਲੇ ਤੱਕ ਨਹੀਂ ਆਈ ਕਿ ਕਿਸੇ ਸਮੱਸਿਆ ਦੀ ਮੂਲ ਜੜ ਤੱਕ ਉਹ ਪਹੁੰਚ ਸਕਣ ਅਤੇ ਨਾ ਹੀ ੳੇੁਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਆਖਿਰ ਇਹਨਾਂ ਸੱਮਸਿਆਞਾਂ ਦਾ ਜਨਮ ਦਾਤਾ ਕੌਣ ਹੈ ? ਸਮੱਸਿਆਵਾਂ ਦੇ ਜਾਲ ਵਿਚ ਦਿਨ-ਬ-ਦਿਨ ਉਲਝਦਾ ਇਨਸਾਨ ਜਦੋਂ ਕੁਦਰਤ ਵਲੋਂ ਬਖਸ਼ੀ ਜਿੰਦਗੀ ਜੀਊਣ ਲਈ ਸਮਾਂ ਸਾਰਣੀ ਤੋਂ ਹੀ ਉਖੜ ਜਾਵੇ ਤਾਂ ਉਸ ਦੀ ਜਿੰਦਗੀ ਤਾਂ ਆਪੇ ਹੀ ਤਹਿਸ-ਨਹਿਸ ਹੋ ਜਾਣੀ ਹੈ ਅਤੇ ਉਹ ਵੀ ਰਹੀ ਹੈ ਪਰ ਜੋ ਇਸ ਦੇਸ਼ ਦੀ ਸੱਤ੍ਹਾ ਤੇ ਬਿਰਾਜਮਾਨ ਹਨ ਜਿੰਨ੍ਹਾਂ ਨੇ ਸਾਡੇ ਮੌਲਿਕ ਅਧਿਕਾਰਾਂ ਦੀ ਰਾਖੀ ਕਰਨੀ ਹੈ।ਪਰ ਅੱਜ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਆਮ ਜਨਤਾ ਤਾਂ ਸਿਰਫ ਫਰਜਾਂ ਦੀ ਪੂਰਤੀ ਲਈ ਹੀ ਬਣੀ ਹੈ ਤੇ ਉਹ ਆਪਣਾ ਆਪ ਆਪਣੇ ਹੱਥੀਂ ਤਬਾਹ ਕਰ ਰਹੀ ਹੈ। ਅਜਿਹੇ ਮੌਕੇ ਤੇ ਜਦੋਂ ਸ਼੍ਰੀ ਲੰਕਾ ਦੇ ਹਾਲਾਤ ਸਾਹਮਣੇ ਆਏ ਹਨ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਵਾਲਾ ਰਾਜਾ ਖੁੱਦ ਹੀ ਲੋਕਾਂ ਨੂੰ ਸਮੱਸਿਆਵਾਂ ਦੇ ਜਾਲ ਵਿੱਚ ਫਸਾ ਕੇ ਭੱਜ ਗਿਆ ਹੈ।
ਜਦਕਿ ਭਾਰਤ ਦੇ ਲੋਕਾਂ ਦੇ ਇੱਕ-ਇੱਕ ਪੈਸੇ ਦੀ ਜੁੜੀ ਪੂੰਜੀ ਨੂੰ ਲੈਕੇ ੳੇੁਹ ਲੋਕ ਇਸ ਦੇਸ਼ ਵਿਚੋਂ ਫਰਾਰ ਹੋ ਚੁੱਕੇ ਹਨ ਜਿਨ੍ਹਾਂ ਨੂੰ ਰਾਜਨੀਤਿਕ ਸ਼ਹਿ ਪ੍ਰਾਪਤ ਸੀ ਅਤੇ ਜਦਕਿ ਹਾਲੇ ਤਾਂ ਸਿਰ ਪੰਜਾਬ ਦਾ ਕਰਜ਼ਾ ਹੀ ਸਾਹਮਣੇ ਆਇਆ ਹੈ ਨਾ ਕਿ ਦੇਸ਼ ਦਾ ਅਤੇ ਉਹ ਵੇਲਾ ਦੂਰ ਨਹੀਂ ਜਦੋਂ ਭਾਰਤ ਦੇ ਰਾਜਨੀਤਿਕ ਵੀ ਇਥੋਂ ਭਜਣਗੇ ਜਦੋਂ ਲੋਕ ਸਮੱਸਿਆਵਾਂ ਦੀਆਂ ਅਜਿਹੀਆਂ ਘੁੰਮਣਘੇਰੀਆਂ ਵਿਚ ਫਸ ਜਾਣਗੇ ਕਿ ਜਿੰਨ੍ਹਾਂ ਕੋਲ ਸ੍ਰੀ ਲੰਕਾ ਦੇ ਲੋਕਾਂ ਵਾਂਗੂੰ ਨਿਕਲਨ ਦੀ ਕੋਈ ਥਾਂ ਨਹੀਂ ਹੋਵੇਗੀ ?

ਅਸਲ ਸੱਚ ਤਾਂ ਇਹ ਹੈ ਕਿ ਅੱਜ ਭਾਰਤ ਦੇ ਲੋਕਾਂ ਦੇ ਕੋਲ ਕੋਈ ਅਜਿਹੀ ਪ੍ਰਣਾਲੀ ਨਹੀਂ ਕਿ ਜਿਸ ਨਾਲ ਉਹ ਇਹਨਾਂ ਰਾਜਨੀਤਿਕਾਂ ਦੀ ਨਜ਼ਬ ਨੂੰ ਟਟੋਲ ਲੈਣ ਕਿ ਇਹਨਾਂ ਦੀ ਨੀਯਤ ਦੇਸ਼ ਬਚਾਉਣ ਦੀ ਹੈ ਜਾਂ ਫਿਰ ਦੇਸ਼ ਨੂੰ ਹੋਰ ਤਬਾਹ ਕਰਨ ਦੀ ਮੁੱਕਦੀ ਗੱਲ ਤਾਂ ਇਹ ਹੈ ਕਿ ਇਹਨਾਂ ਰਾਜਨੀਤਿਕਾਂ ਤੋਂ ਜੋ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਆਸ ਰੱਖ ਰਹੇ ਹਨ ਉਹ ਸਭ ਤੋਂ ਵੱਡੇ ਭਰਮ-ਭੁਲੇਖੇ ਵਿਚ ਹਨ। ਅੱਜ ਚੰਦ ਲੋਕਾਂ ਦੀ ਬਦੌਲਤ ਦੇਸ਼ ਦਾ ਜੋ ਹਾਲ ਹੈ ਉਸ ਨੂੰ ਸੁਧਾਰਨ ਲਈ ਇਹਨਾਂ ਰਾਜਨੀਤਿਕਾਂ ਦੀ ਮਾਨਿਸਕ ਹਾਲਤ ਨੂੰ ਸੁਧਾਰਨ ਦਾ ਹੱੱਲ ਲੱੱਭੋ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d