ਅਮਰੀਕਾ ਦੇ 19 ਬੱਚਿਆਂ ਸਮੇਤ 21 ਜਣਿਆਂ ਨੇ ਆਖਿਰ ਕਿਸ ਗੱਲ ਦੀ ਸਜ਼ਾ ਭੁਗਤੀ ਹੈ ? ਕੌਣ ਹੈ ਜੁੰਮੇਵਾਰ......?

ਅਮਰੀਕਾ ਦੇ 19 ਬੱਚਿਆਂ ਸਮੇਤ 21 ਜਣਿਆਂ ਨੇ ਆਖਿਰ ਕਿਸ ਗੱਲ ਦੀ ਸਜ਼ਾ ਭੁਗਤੀ ਹੈ ? ਕੌਣ ਹੈ ਜੁੰਮੇਵਾਰ……?

ਅਮਰੀਕਾ ਦੇ ਇਤਿਹਾਸ ‘ਚ ਅੱਜ ਦਾ ਦਿਨ ਬਹੁਤ ਹੀ ਦੁੱਖਦਾਈ ਰਿਹਾ । ਟੈਕਸਾਸ ਸੂਬੇ ਦੇ ਉਵਾਲਡੇ ਸ਼ਹਿਰ ਦੇ ਰੋਬ ਐਲੀਮੈਂਟਰੀ ਸਕੂਲ ‘ਚ 18 ਸਾਲਾ ਗੋਰੇ ਬੰਦੂਕਧਾਰੀ ਨੌਜਵਾਨ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 19 ਬੱਚਿਆਂ ਸਮੇਤ 21 ਜਣਿਆਂ ਦੀ ਹੱਤਿਆ ਕਰ ਦਿੱਤੀ । ਇਸ ਸੰਬੰਧੀ ਟੈਕਸਾਸ ਸੂਬੇ ਦੇ ਗਵਰਨਰ ਗ੍ਰੇਗ ਐਬਟ ਨੇ ਦੱਸਿਆ ਕਿ ਹਮਲਾਵਰ ਸਲਵਾਡੋਰ ਰਾਮੋਸ ਨੇ ਘਰੋਂ ਚੱਲਣ ਤੋਂ ਪਹਿਲਾਂ ਆਪਣੀ ਦਾਦੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਤੇ ਫਿਰ ਸਕੂਲ ਪਹੁੰਚ ਕੇ ਦੋ ਆਟੋਮੈਟਿਕ ਰਫਲਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਕੇ 19 ਬੱਚਿਆਂ, ਜਿਨ੍ਹਾਂ ਦੀ ਉਮਰ 7-10 ਸਾਲ ਸੀ, ਦੀ ਹੱਤਿਆ ਕਰ ਦਿੱਤੀ । ਇਸ ਹਮਲੇ ‘ਚ ਇਕ ਅਧਿਆਪਕਾ ਈਵਾ ਮਿਰਲੇਸ ਤੇ ਇਕ ਹੋਰ ਵਿਅਕਤੀ ਵੀ ਮਾਰਿਆ ਗਿਆ ਹੈ । ਇਸ ਤੋਂ ਇਲਾਵਾ ਹਮਲਾਵਰ ਵਲੋਂ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ । ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਬਿਨਾਂ ਦੇਰ ਕੀਤੇ ਇਸ ਗੋਰੇ ਬੰਦੂਕਧਾਰੀ ਨੂੰ ਗੋਲੀ ਮਾਰ ਕੇ ਮੌਕੇ ‘ਤੇ ਹੀ ਮਾਰ ਦਿੱਤਾ ।

ਇੱਕ ਪੁਲਿਸ ਅਧਿਕਾਰੀ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ । ਉਵਾਲਡੇ ਦੇ ਪੁਲਿਸ ਮੁਖੀ ਪੀਟ ਅਰੇਡੋਡੋ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਕਾਤਲ ਰਾਮੋਸ ਇਕੱਲੇ ਨੇ ਦਿੱਤਾ ਹੈ । ਉਨ੍ਹਾਂ ਕਿਹਾ ਕਿ ਰਾਮੋਸ ਦੇ ਉਵਾਲਡੇ ਹਾਈ ਸਕੂਲ ਦੇ ਮੌਜੂਦਾ ਜਾਂ ਸਾਬਕਾ ਵਿਿਦਆਰਥੀ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਘਟਨਾ ਸਥਾਨ ‘ਤੇ ਪਹੁੰਚੇ ਪੁਲਿਸ ਅਧਿਕਾਰੀ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਬਗ਼ੈਰ ਦੇਰੀ ਕੀਤੇ ਜਵਾਬੀ ਕਾਰਵਾਈ ਕਰਕੇ ਦੋਸ਼ੀ ਨੂੰ ਮਾਰ ਮੁਕਾਇਆ, ਨਹੀਂ ਤਾਂ ਹੋਰ ਜਾਨੀ ਨੁਕਸਾਨ ਹੋ ਸਕਦਾ ਸੀ । ਅੱਜ ਦੀ ਇਸ ਘਟਨਾ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਸਾਰੇ ਪਾਸੇ ਸੋਗ ਦੀ ਲਹਿਰ ਹੈ।

ਇਹ ਕੋਈ ਪਹਿਲੀ ਘਟਨਾ ਨਹੀਂ ਜਦੋਂ ਸਕੂਲਾਂ, ਧਾਰਮਿਕ ਅਸਥਾਨਾਂ, ਜਨਤਕ ਥਾਵਾਂ ਇਥੋਂ ਤੱਕ ਕਿ ਭਾਰਤ ਦੇ ਤਾਂ ਪਾਰਲੀਮੈਂਟ ਤੱਕ ਵੀ ਹਮਲਾ ਨਾ ਹੋਇਆ ਹੋਵੇ । ਦੁਨੀਆ ਵਿਚ ਇਹ ਘਟਨਾਵਾਂ ਕਿਤੇ ਨਾ ਕਿਤੇ ਘਟਦੀਆਂ ਹੀ ਰਹੀਆਂ ਹਨ, ਪਰ ਅਫਸੋਸ ਕਿ ਇਹਨਾਂ ਤੇ ਕਦੀ ਵੀ ਰੋਕ ਨਹੀਂ ਲੱਗ ਸਕਦੀ । ਕਿਉਂਕਿ ਬੰਦੂਕ ਜਾਂ ਕੋਈ ਵੀ ਜਾਨ ਲੇਵਾ ਹਥਿਆਰਾਂ ਦੇ ਲੋਕਾਂ ਨੂੰ ਜੇਕਰ ਲਾਇਸੰਸ ਵੀ ਦਿੱਤੇ ਜਾਂਦੇ ਹਨ ਤਾਂ ਬਹਾਨਾ ਹੁੰਦਾ ਹੈ ਸਵੈ-ਰੱਖਿਆ ਦਾ ਜਦਕਿ ਇਹਨਾਂ ਹਥਿਆਰਾਂ ਵਿਚੋਂ ਚਲੀਆਂ ਗੋਲੀਆਂ ਨੇ ਅੱਜ ਤੱਕ ਸਵੈ-ਰੱਖਿਆ ਤਾਂ ਘੱਟ ਹੀ ਕੀਤੀ ਹੈ, ਜ਼ੁਲਮਾਂ ਨੂੰ ਇਲਜ਼ਾਮ ਵੱਧ ਦਿੱਤਾ ਹੈ। ਭਾਰਤ ਦਾ ਤਾਂ ਇਤਿਹਾਸ ਹੀ ਨਿਵੇਕਲਾ ਹੈ, ਪਿੱਛੇ ਜਿਹੇ ਇੱਕ ਸੀ.ਆਰ.ਪੀ. ਐਫ. ਦੇ ਇੱਕ ਨੌਜੁਆਨ ਨੇ ਆਪਣੇ ਸਾਥੀਆਂ ਨੂੰ ਹੀ ਭੁੰਨ ਦਿੱਤਾ, ਪੁਲਿਸ ਵਿਚ ਬਹੁਤ ਸਾਰੀਆਂ ਮੁਲਾਜ਼ਮਾਂ ਦੀਆਂ ਮੌਤਾਂ ਦਾ ਕਾਰਨ ਤਾਂ ਹੋਰ ਹੰੁਦਾ ਹੈ ਪਰ ਰਿਪੋਰਟ ਇਹੀ ਜਨਤਕ ਕੀਤੀ ਜਾਂਦੀ ਹੈ ਕਿ ਬੰਦੂਕ ਸਾਫ ਕਰਦੇ ਸਮੇਂ ਗੋਲੀ ਚਲ ਗਈ ਜਿਵੇਂ ਕਿ ਗੋਲੀ ਇੱਕ ਅਜਿਹਾ ਸਰਫ ਜਾਂ ਸ਼ੈਂਪੂ ਹੋਵੇ ਜਿਸ ਨਾਲ ਕਿ ਬੰਦੂਕ ਦੀ ਨਾਲੀ ਵੀ ਸਾਫ ਹੋ ਜਾਂਦੀ ਹੈ ਜੋ ਕਿ ਥੋੜ੍ਹਾ ਜਿਹਾ ਪਾਣੀ ਪੈਣ ਨਾਲ ਹੀ ਆਪਣੇ ਵੱਲ ਹੀ ਚਲ ਪੈਂਦੀ ਹੈ। ਅਜਿਹੀ ਹੀ ਦਾਸਤਾਨ ਬਹੁਤ ਸਾਰੇ ਘਰਾਂ ਦੀ ਹੈ ਕਿ ਜਿਨ੍ਹਾਂ ਨੇ ਆਪਣੇ ਲਾਇਸੰਸੀ ਰਿਵਾਲਰ ਨਾਲ ਆਪਣੇ ਟੱਬਰ ਹੀ ਮਾਰ ਮੁਕਾਏ ਹਨ। ਇਹਨਾਂ ਹੀ ਸਵੈ-ਰੱਖਿਅਕ ਹਥਿਆਰਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜਾਨ ਲਈ, ਪੁਲਿਸ ਦੀ ਵਰਦੀ ਵਿਚ ਮੱੁਖ ਮੰਤਰੀ ਬੇਅੰਤ ਸਿੰਘ ਦੀ ਜਾਨ ਗਈ ਅਤੇ ਅਜਿਹੇ ਹੋਰ ਕਈ ਕਿੱਸੇ ਅੱਜ ਵੀ ਨਿੱਤ ਦਿਨ ਵਾਪਰਦੇ ਹਨ । ਜਿੰਨ੍ਹਾਂ ਵਿਚੋਂ ਸਭ ਤੋਂ ਅਹਿਮ ਕਿੱਸਾ ਇਹ ਹੈ ਕਿ ਖਰੜ ਦੇ ਵਿਚ ਇੱਕ ਮਹਿਲਾ ਡਰੱਗ ਇਨਸਪੈਕਟਰ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਉਹ ਆਪਣੇ ਦਫਤਰ ਵਿੱਚ ਕੰਮ ਕਰ ਰਹੀ ਸੀ ਅਤੇ ਹੱਤਿਆ ਵੀ ਉਸ ਨੇ ਕੀਤੀ ਜਿਸ ਦੁਕਾਨਦਾਰ ਦਾ ਕੱੁਝ ਦਿਨ ਪਹਿਲਾਂ ਉਸ ਨੇ ਕਾਰਵਾਈ ਕਰਦਿਆਂ ਦੁਕਾਨ ਦਾ ਲਾਇਸੰਸ ਖਤਮ ਕਰ ਦਿੱਤਾ ਸੀ। ਹਾਲ ਹੀ ਵਿਚ ਇਹਨਾਂ ਬੰਦੂਕਾਂ ਦੀ ਹੀ ਕਾਰਸਤਾਨੀ ਹੈਦਰਾਬਾਦ ਪੁਲਿਸ ਦੀ ਸਾਹਮਣੇ ਆਈ ਹੈ ਕਿ ਜਿੰਨ੍ਹਾ ਨੇ ਹੈਦਰਾਬਾਦ ਵਿਚ ਹੋਏ ਬਲਾਤਕਾਰ ਦੇ ਦੋਸ਼ੀਆਂ ਦੀ ਅਸਲ ਸਚਾਈ ਜਾਣੇ ਤੋਂ ਬਿਨਾਂ ਹੀ ਇਕ ਮੁਕਾਬਲਾ ਬਣਾ ਕੇ ਚਾਰ ਨੌਜੁਆਨਾਂ ਦੀ ਹੱਤਿਆ ਕਰ ਦਿੱਤੀ ਸੀ ਜਿੰਨ੍ਹਾਂ ਵਿਚੋਂ ਤਿੰਨ ਨਬਾਲਗ ਸਨ।

ਕਿੰਨਾ ਹੈਰਾਨੀਜਨਕ ਤੱਥ ਹੈ ਕਿ ਬੰਦੂਕ ਦੀ ਨਲੀ ਵਿਚੋਂ ਨਿਕਲੀਆਂ ਗੋਲੀਆਂ ਨਿੱਤ ਦਿਨ ਕਾਰੇ ਕਰ ਰਹੀਆਂ ਹਨ ਅਜਾਈਂ ਲੋਕ ਮਰ ਰਹੇ ਹਨ ਜਿੰਨ੍ਹਾਂ ਵਿਚ ਕਸ਼ਮੀਰੀ ਪੰਡਿਤਾਂ ਦੀ ਚਿੰਤਾਜਨਕ ਹਾਲਤ ਸਾਹਮਣੇ ਹੈ।ਪਰ ਫਿਰ ਵੀ ਹਥਿਆਰਾਂ ਦੇ ਜਾਇਜ ਤੇ ਨਜ਼ਾਇਜ਼ ਕਾਰਖਾਨੇ ਬਣੀ ਜਾ ਰਹੇ ਹਨ ਅਤੇ ਇਹਨਾਂ ਦੀ ਸਹੀ ਵਰਤੋਂ ਹੋਣ ਦਾ ਤਾਂ ਕਿਤੇ ਵੀ ਨਾਂ ਨਿਸ਼ਾਨ ਨਹੀਂ ਬਲਕਿ ਦੁਰਵਰਤੋਂ ਹਰ ਸਮੇਂ ਹੋ ਰਹੀ ਹੈ। ਸਰਕਾਰ ਦੀ ਗੋਲੀ ਵਿਚ ਨਿਕਲਣ ਨਾਲ ਮਰਿਆ ਦੋਸ਼ੀ, ਅੱਤਵਾਦੀ ਵੀ ਇਨਸਾਨ ਹੀ ਹੈ ਜੋ ਕਿ ਕਿਸੇ ਹਾਲਤ ਦਾ ਮਾਰਿਆ ਹਥਿਆਰ ਚੁੱਕਦਾ ਹੈ।ਕਈ ਨਸਲੀ ਵਿਤਕਰੇ,ਇਸ਼ਕ ਦੀ ਦਾਸਤਾਨਾਂ ਦੀ ਤਹਿਤ ਅਤੇ ਕਈ ਆਪਣੇ ਨਾਲ ਹੋਈ ਕਿਸੇ ਨਜ਼ਾਇਜ਼ ਕਾਰਵਾਈ ਦਾ ਬਦਲਾ ਲੈਣ ਦੇ ਚੱਕਰ ਜਿਵੇਂ ਫੂਲਨ ਦੇਵੀ ਕਾਂਡ ਦੀ ਤਹਿਤ ਦਿਮਾਗੀ ਗਰਮੀ ਦੇ ਫਤੂਰ ਦੀ ਵਰਤੋਂ ਕਰ ਜਾਂਦੇ ਹਨ ਅਤੇ ਇਥੋਂ ਤੱਕ ਕਿ ਇਹਨਾਂ ਬਰੂਦਾਂ ਨੂੰ ਹੀ ਸਰੀਰ ਨਾਲ ਬਣ ਕੇ ਮਨੁੱਖੀ ਬੰਬ ਬਣ ਜਾਂਦੇ ਹਨ। ਜਿਵੇਂ ਕਿ ਰਾਜੀਵ ਗਾਂਧੀ ਦੀ ਹੱਤਿਆ ਇਸ ਗੱਲ ਦੀ ਗਵਾਹ ਹੈ।

ਆਖਿਰ ਇਹਨਾਂ ਹਥਿਆਰਾਂ ਦੀ ਵਰਤੋਂ ਨੂੰ ਰੋਕਣ ਤੇ ਰੋਕ ਕਿਵੇਂ ਲਗਾਈ ਜਾਵੇ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਜੋ ਕਿ ਪਤਾ ਨਹੀਂ ਕਿਹੜੀ ਸੂਝਵਾਨਤਾ ਦਾ ਧਾਰਨੀ ਹੈ ਕਿ ਹਰ ਇੱਕ ਸਿੱਖ ਨੂੰ ਲਾਇਸੰਸਡ ਹਥਿਆਰ ਰੱਖਣਾ ਚਾਹੀਦਾ ਹੈ ਮੰਨ ਲਿਆ ਜਾਵੇ। ਜਦਕਿ ਪ੍ਰਤੱਖ ਸਚਾਈ ਤਾਂ ਇਹ ਹੈ ਕਿ ਹਥਿਆਰ ਤਾਂ ਹੈ ਹੀ ਜਾਨ ਮਾਰੂ ਚਾਹੇ ਉਹ ਬੰਦੂਕ ਹੈ ਜਾਂ ਤਲਵਾਰ ਉਹ ਤਾਂ ਕਿਸੇ ਦੇ ਰਸਤਾ ਰੋਕਣ ਤੇ ਵੀ ਭਾਵੇਂ ਕਿ ਉਹ ਪੁਲਿਸ ਵਾਲਾ ਹੀ ਕਿਉਂ ਨਾ ਹੋਵੇ ਉਸ ਦਾ ਗੁੱਟ ਲਾ ਕੇ ਪਰਾਂ ਮਾਰਦਾ ਹੈ, ਉਸ ਸਮੇਂ ਪੇਸ਼ ਨਹੀਂ ਸੀ ਗਈ ਕਿਤੇ ਸਿਰ ਨਹੀਂ ਲਾ ਦਿੱਤਾ। ਜੇਕਰ ਉਸ ਨਿਹੰਗ ਕੋਲ ਬੰਦੂਕ ਹੁੰਦੀ ਤਾਂ ਸ਼ਾਇਦ ਉਹ ਵੀ ਭੀੜ-ਭੜੱਕੇ ਵਾਲੀ ਜਗ੍ਹਾ ਤੇ ਅਜਿਹਾ ਹੀ ਕਾਰਾ ਕਰ ਸਕਦਾ ਸੀ ਕਿ ਜੋ ਕਿ ਅੱਜ ਅਮਰੀਕਾ ਵਿੱਚ ਹੋਇਆ ਹੈ। ਅੱਜ ਦੀ ਮਿਸਾਲ ਤੋਂ ਸਿਖਦਿਆਂ ਹਰ ਇੱਕ ਸਕੂਲ ਅਤੇ ਜਨਤਕ ਇਕੱਠ ਵਾਲਿਆਂ ਅਦਾਰਿਆਂ ਨੂੰ ਚੌਕਸੀ ਵਧਾ ਦੇਣੀ ਚਾਹੀਦੀ ਹੈ ਕਿ ਕੋਈ ਵੀ ਹਥਿਆਰ ਲੈਕੇ ਅੰਦਰ ਨਾ ਜਾਵੇ ਤਾਂ ਜੋ ਉਹ ਆਪਣੇ ਵਿਗੜੇ ਦਿਮਾਗੀ ਹਾਲਾਤਾਂ ਦੇ ਨਾਲ ਕਿਸੇ ਅਜਿਹੀ ਘਟਨਾ ਨੂੰ ਅੰਜ਼ਾਮ ਨਾ ਦੇਵੇ ਕਿ ਕਈਆਂ ਦੀਆਂ ਤਾਂ ਪੀੜ੍ਹੀਆਂ ਦਾ ਹੀ ਅੰਤ ਹੋ ਜਾਵੇ। ਅੱਜ ਅਸੀਂ ਹਰ ਜਗਾ ਬੰਦੂਕਾਂ ਦੇ ਸਾਏ ਹੇਠ ਬੈਠੇ ਹਾਂ ਚਾਹੇ ਉਹ ਸਰਕਾਰੀ ਮੁਲਾਜ਼ਮਾਂ ਦੇ ਹੱਥ ਵਿਚ ਹੈ ਜਾਂ ਸਵੈ-ਰੱਖਿਆ ਕਰਨ ਵਾਲਿਆਂ ਦੇ ਹੱਥ ਵਿਚ ਜਾਂ ਫਿਰ ਕਈ ਉਹਨਾਂ ਲੋਕਾਂ ਦੇ ਹੱਥ ਵਿਚ ਜਿਹੜੇ ਕਿ ਨਿੱਤ ਦਿਨ ਜ਼ੁਲਮ ਦੀ ਦਾਸਤਾਨ ਲਿੱਖਦੇ ਹੋਏ ਦੇਸੀ ਹਥਿਆਰਾਂ ਨੂੰ ਚੁੱਕੀ ਫਿਰਦੇ ਹਨ, ਇਹਨਾਂ ਤੋਂ ਕਿਵੇਂ ਬਚਾਓ ਕਰਨਾ ਹੈ ਇਸ ਬਾਰੇ ਸੋਚੀਏ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d