ਵਾਤਾਵਰਨ ਸ਼ੱੁਧ ਤਾਂ ਸੁਪਨਿਆਂ ਵਿਚ ਵੇਖਣਾ ਹੀ ਰਹਿ ਜਾਵੇਗਾ-ਨਾ ਅਸਮਾਨ ਸਾਫ, ਨਾ ਦਿਮਾਗ ਤੇ ਮਨ

ਵਾਤਾਵਰਨ ਸ਼ੱੁਧ ਤਾਂ ਸੁਪਨਿਆਂ ਵਿਚ ਵੇਖਣਾ ਹੀ ਰਹਿ ਜਾਵੇਗਾ-ਨਾ ਅਸਮਾਨ ਸਾਫ, ਨਾ ਦਿਮਾਗ ਤੇ ਮਨ ?

ਹਾਲ ਹੀ ਵਿੱਚ ਜੋ ਵਾਤਾਵਰਨ ਦਾ ਹਾਲ ਹੈ ਉਸ ਵਿਚੋਂ ਸ਼ੁੱਧਤਾ ਢੂੰਡਣਾ ਤਾਂ ਹੁਣ ਇਕ ਸੁਪਨਾ ਹੀ ਰਹਿ ਗਿਆ ਹੈ, ਸ਼ੱੁਧਤਾ ਤਾਂ ਬੱਸ ਉਤਨੀ ਦੇਰ ਹੀ ਹੈ ਜਦ ਤੱਕ ਅਸੀਂ ਬੰਦ ਕਮਰੇ ਵਿਚ ਬੈਠੇ ਹਾਂ, ਸੜਕ ਤੇ ਨਿਕਲਦਿਆਂਹੀ ਹਰ ਪਾਸੇ ਧੂੰਏ ਦਾ ਗੁਬਾਰ ਹੀ ਗੁਬਾਰ ਉਹ ਵੀ ਕਾਲਾ ਧੂੰਆਂ ਗੱਡੀਆਂ ਦਾ, ਭੱਠੀਆਂ ਦਾ, ਫੈਕਟਰੀਆਂ ਦਾ ਅਤੇ ਘਰ ਵਿੱਚ ਲੱਗੇ ਏਅਰਕੰਡੀਸ਼ਨਾਂ ਦੀ ਗਰਮੀ ਜੋ ਕਿ ਸੜਕਾਂ ਤੇ ਸਿੱਧੀ ਅਤੇ ਦਿਨ ਰਾਤ ਡਿੱਗ ਰਹੀ ਹੈ ਅਜਿਹੇ ਮੌਕੇ ਤੇ ਜਦੋਂ ਇਸ ਵਾਰ ਦੀਆਂ ਗਰਮੀਆਂ ਵਿਚ ਅਨੁਮਾਨ ਇਹ ਆਇਆ ਕਿ ਅਜਿਹੀ ਗਰਮੀ ਨੇ 118 ਸਾਲ ਦਾ ਰਿਕਾਰਡ ਤੋੜਿਆ ਹੈ ਤਾਂ ਉੇਸ ਸਮੇਂ ਇਸ ਗੱਲ ਨੂੰ ਵਾਚਿਆ ਤਾਂ ਸਭ ਨੇ ਪਰ ਸ਼ਰਮ ਕਿਸੇ ਨੂੰ ਨਹੀਂ ਆਈ ਕਿ ਆਖਿਰ ਇਸ ਸਭ ਦਾ ਕਸੂਰਵਾਰ ਕੌਣ ਹੈ ਅਤੇ ਕਿਸ ਨੇ ਇਹ ਸਾਰਾ ਮਾਹੌਲ ਸਿਰਜਿਆ ਹੈ। ਹੁਣ ਜਦੋਂ ਚਮੜੀ ਰੋਗ ਤੇ ਕੈਂਸਰ ਰੋਗ ਚਰਮ ਸੀਮਾ ਤੇ ਹੈ ਅਤੇ ਕੌਈ ਅਜਿਹਾ ਘਰ ਨਹੀਂ ਕਿ ਜਿੱਥੇ ਕਿਸੇ ਨਾ ਕਿਸੇ ਬੀਮਾਰੀ ਦਾ ਮਰੀਜ਼ ਨਾ ਹੋਵੇ ਤਾਂ ਉਸ ਸਮੇਂ ਅਸੀਂ ਮਾਨਸਿਕ ਤੌਰ ਤੇ ਵਾਤਾਵਰਨ ਨੂੰ ਲੈ ਕੇ ਤੜਫੀ ਤਾਂ ਜਾਂਦੇ ਹਾਂ ਪਰ ਕਰ ਕੱੁਝ ਵੀ ਨਹੀਂ ਰਹੇ ।

ਕੁਦਰਤ ਅਤੇ ਧਰਤੀ ਦੀ ਰੱਖਿਆ ਕਰਨ ਅਤੇ ਵਾਤਾਵਰਨ ਲਈ ਸਕਾਰਾਤਮਕ ਕਾਰਵਾਈ ਕਰਨ ਦੇ ਮਕਸਦ ਨਾਲ ਦੁਨੀਆ ਭਰ ਵਿਚ ਲੋਕਾਂ ਨੂੰ ਵਾਤਾਵਰਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਅਤੇ ਇਸ ਦੀ ਸਾਂਭ-ਸੰਭਾਲ ਪ੍ਰਤੀ ਜਨ-ਜਾਗਰੂਕਤਾ ਲਈ ਵਿਆਪਕ ਪੱਧਰ ‘ਤੇ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਹ ਪ੍ਰੋਗਰਾਮ ਸੰਯੁਕਤ ਰਾਸ਼ਟਰ ਦੁਆਰਾ ਚਲਾਇਆ ਜਾਂਦਾ ਹੈ। 1972 ਵਿਚ, ਇਸ ਨੂੰ ਪਹਿਲੀ ਵਾਰ ਮਨਾਇਆ ਗਿਆ, ਇਹ ਵਾਤਾਵਰਨ ਦੇ ਮੁੱਦਿਆਂ ਤੋਂ ਲੈ ਕੇ ਸਮੁੰਦਰੀ ਪ੍ਰਦੂਸ਼ਣ, ਮਨੁੱਖੀ ਅਤਿ-ਆਬਾਦੀ, ਅਤੇ ਗਲੋਬਲ ਵਾਰਮਿੰਗ, ਟਿਕਾਊ ਖਪਤ ਅਤੇ ਜੰਗਲੀ-ਜੀਵਨ ਜੁਰਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਕ ਮੁਹਿੰਮ ਰਹੀ ਸੀ।

ਵਿਸ਼ਵ ਵਾਤਾਵਰਨ ਦਿਵਸ ਸਾਲ ਵਿਚ 143 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਨਾਲ ਮਨਾਇਆ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਸੂਬੇ ‘ਚ ਹਰਿਆਲੀ ਵਧਾਉਣ ਤੇ ਸੂਬਾ ਵਾਸੀਆਂ ਨੂੰ ਸਾਫ-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਰਕਾਰ ਵਲੋਂ ‘ਆਈ ਹਰਿਆਲੀ’ ਐਪ ਸ਼ੁਰੂ ਕੀਤੀ ਹੋਈ ਹੈ। ‘ਆਈ ਹਰਿਆਲੀ’ ਐਪ ਦੇਸ਼ ਦੀ ਪਹਿਲੀ ਐਂਡਰਾਇਡ ਅਧਾਰਿਤ ਮੋਬਾਈਲ ਐਪਲੀਕੇਸ਼ਨ ਹੈ, ਜਿਸ ਰਾਹੀਂ ਪੰਜਾਬ ਦੇ ਵਸਨੀਕਾਂ ਨੂੰ ਭੂਗੋਲਿਕ ਤੌਰ ‘ਤੇ ਆਪਣੀ ਨਜ਼ਦੀਕੀ ਸਰਕਾਰੀ ਨਰਸਰੀ ਤੋਂ ਆਪਣੀ ਪਸੰਦ ਦੇ ਬੂਟੇ ਚੁਣਨ ਤੇ ਹਾਸਲ ਕਰਨ ਦੀ ਸਹੂਲਤ ਦਿੱਤੀ ਗਈ। ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ‘ਘਰ-ਘਰ ਹਰਿਆਲੀ’ ਯੋਜਨਾ ਤਹਿਤ ਆਈ ਹਰਿਆਲੀ ਐਪ ਰਾਹੀਂ ਕੋਈ ਵੀ ਵਿਅਕਤੀ ਆਪਣੇ ਮੋਬਾਈਲ ਤੇ ਇਕ ਬਟਨ ਦੇ ਕਲਿੱਕ ਨਾਲ ਹੀ ਘਰ ਬੈਠਿਆਂ ਆਨਲਾਈਨ ਬੂਟੇ ਬੁੱਕ ਕਰਵਾ ਸਕਦਾ ਹੈ। ਪ੍ਰਤੀ ਦਿਨ ਪ੍ਰਤੀ ਵਿਅਕਤੀ ਬੁਕਿੰਗ ਨੂੰ 15 ਪੌਦਿਆਂ ਤੱਕ ਸੀਮਤ ਕੀਤਾ ਗਿਆ ਹੈ। ਇਸ ਐਪ ਰਾਹੀਂ ਕਿਸੇ ਵੀ ਵਿਅਕਤੀ ਵਲੋਂ ਬੂਟੇ ਪ੍ਰਾਪਤ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ॥ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਫੋਨ ਦੇ ਪਲੇਅ ਸਟੋਰ ‘ਤੇ ਜਾ ਕੇ ਆਈ ਹਰਿਆਲੀ ਐਪ ਡਾਊਨਲੋਡ ਕਰਨੀ ਹੈ। ਆਈ ਹਰਿਆਲੀ ਐਪ ਡਾਊਨਲੋਡ ਕਰਕੇ ਉਸ ਤੋਂ ਬਾਅਦ ਐਪ ਨੂੰ ਖੋਲਣਾ ਹੈ।

ਐਪ ਖੋਲਣ ਤੇ ਤੁਸੀਂ ਆਪਣਾ ਨਾਂਅ ਅਤੇ ਮੋਬਾਈਲ ਨੰਬਰ ਭਰਣਾ ਹੈ। ਉਸ ਤੋਂ ਬਾਅਦ ਤੁਹਾਡੇ ਮੋਬਾਈਲ ‘ਤੇ ਇਕ ਚਾਰ ਅੰਕਾਂ ਦਿਨ ਦਾ ਓ.ਟੀ .ਪੀ ਆਏਗਾ ਤੁਸੀਂ ਉਹ ਓ.ਟੀ .ਪੀ ਉਸ ਐਪ ਵਿਚ ਭਰ ਦੇਣਾ ਹੈ। ਉਸ ਤੋਂ ਬਾਅਦ ਤੁਹਾਡੇ ਕੋਲੋਂ ਪੁੱਛਿਆ ਜਾਵੇਗਾ ਕਿ ਤੁਸੀਂ ਕਿਸ ਥਾਂ ਤੇ ਪੌਦੇ ਲਗਾਉਣ ਦਾ ਆਰਡਰ ਦੇਣਾ ਚਾਹੁੰਦੇ ਹਨ ਉੱਥੇ ਤੁਸੀਂ ਆਪਣਾ ਜ਼ਿਲ੍ਹਾ ਅਤੇ ਤਹਿਸੀਲ ਦਾ ਨਾਮ ਭਰਣਾ ਹੈ ਅਤੇ ਉਸ ਤੋਂ ਬਾਅਦ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਂਅ ਵੀ ਭਰਨਾ ਪਵੇਗਾ। ਫਿਰ ਤੁਹਾਡੇ ਕੋਲੋਂ ਪੁੱਛਿਆ ਜਾਵੇਗਾ ਕਿ ਤੁਹਾਡਾ ਇਲਾਕਾ ਪੇਂਡੂ ਹੈ ਜਾਂ ਸ਼ਹਿਰੀ ਤਾਂ ਉੱਥੇ ਤੁਸੀਂ ਜੇਕਰ ਪਿੰਡ ਵਿਚ ਰਹਿੰਦੇ ਹੋ ਤਾਂ ਪੇਂਡੂ ਭਰ ਦੇਣਾ ਹੈ ਅਤੇ ਜੇਕਰ ਸ਼ਹਿਰ ਵਿਚ ਰਹਿੰਦੇ ਹੋ ਤਾਂ ਸ਼ਹਿਰੀ ਭਰ ਦੇਣਾ ਹੈ। ਇਹ ਸਾਰਾ ਪ੍ਰੋਸੈਸ ਪੂਰਾ ਕਰਕੇ ਤੁਹਾਡੇ ਫੋਨ ਦੇ ਸਾਰੀਆਂ ਸਰਕਾਰੀ ਨਰਸਰੀਆਂ ਦੀ ਲਿਸਟ ਖੁੱਲ੍ਹ ਜਾਵੇਗੀ ਅਤੇ ਉਸ ਲਿਸਟ ਵਿਚ ਇਹ ਵੀ ਦੱਸਿਆ ਹੋਵੇਗਾ ਕਿ ਕਿਹੜੀ ਨਰਸਰੀ ਤੁਹਾਡੇ ਘਰ ਤੋਂ ਕਿੰਨੀ ਦੂਰੀ ‘ਤੇ ਹੈ। ਉਥੋਂ ਤੁਸੀਂ ਸਿਲੈਕਟ ਕਰਣਾ ਹੈ ਕਿ ਤੁਸੀਂ ਕਿਹੜੀ ਨਰਸਰੀ ਤੋਂ ਪੌਦੇ ਲੈਣੇ ਹਨ। ਨਰਸਰੀ ਸਿਲੈਕਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਉਸ ਨਰਸਰੀ ਵਿਚ ਮੌਜੂਦ ਹਰ ਤਰ੍ਹਾਂ ਦੇ ਛਾਂਦਾਰ, ਸਜਾਵਟੀ, ਫੁੱਲਾਂ ਵਾਲੇ , ਫਲਾਂ ਵਾਲੇ ਆਦਿ ਪੌਦਿਆਂ ਦੀ ਲਿਸਟ ਖੁੱਲ ਜਾਵੇਗੀ ਉਸ ਲਿਸਟ ਵਿਚੋਂ ਤੁਸੀਂ ਆਪਣੀ ਮਨਪਸੰਦ ਦੇ ਪੌਦੇ ਬੁੱਕ ਕਰਵਾ ਸਕਦੇ ਹੋ। ਤੁਸੀਂ ਪੌਦੇ ਬੁੱਕ ਕਰਕੇ ਉਸ ਦਾ ਸਕਰੀਨ ਸ਼ਾਟ ਜਾਂ ਫਿਰ ਪ੍ਰਿੰਟ ਕੱਢ ਕੇ ਨਰਸਰੀ ਵਿਚ ਦਿਖਾ ਕੇ ਬਹੁਤ ਅਸਾਨੀ ਨਾਲ ਪੌਦੇ ਪ੍ਰਾਪਤ ਕਰ ਸਕਦੇ ਹੋ। ਤੁਸੀਂ ਇਕ ਦਿਨ ਵਿਚ ਇਕ ਮੋਬਾਈਲ ਨੰਬਰ ਤੋਂ 15 ਪੌਦੇ ਬੁੱਕ ਕਰ ਸਕਦੇ ਹੋ।

ਪਰ ਅਜਿਹਾ ਤਦ ਹੋ ਸਕਦਾ ਹੈ ਜਦ ਤੁਸੀਂ ਵਟਸਅੱਪ ਦੇ ਵਿਚੋਂ ਨਿਕਲ ਕਿ ਕੁੱਝ ਸਮੇਂ ਲਈ ਬਾਹਰ ਆ ਜਾਵੋ, ਅਜਿਹਾ ਕਦੀ ਨਾ ਸੋਚੋ ਕਿ ਇੱਕ ਸਾਡੇ ਕਰਨ ਨਾਲ ਕੀ ਹੋ ਜਾਵੇਗਾ। ਕਰੋਨਾ ਕਾਲ ਵਿਚ ਜੇਕਰ ਜਲੰਧਰ ਤੋਂ ਹਿਮਾਲਿਆ ਦੀਆਂ ਚੋਟੀਆਂ ਨਜ਼ਰ ਆ ਸਕਦੀਆਂ ਹਨ ਤਾਂ ਅਸਮਾਨ ਵਿਚ ਤਾਰੇ ਸਾਫ ਨਜ਼ਰ ਆ ਸਕਦੇ ਹਨ ਕਿਉਂਕਿ ਉਸ ਸਮੇਂ ਪ੍ਰਦੂਸ਼ਨ ਫੈਲਾਉਣ ਵਾਲੀਆਂ ਸੰਪੂਰਨ ਇਕਾਈਆਂ ਬੰਦ ਸਨ। ਜੇਕਰ ਗੌਰ ਨਾਲ ਵੇਖਿਆ ਜਾਵੇ ਤਾਂ ਕਰੋਨਾ ਵਰਗਾ ਵਾਇਰਸ ਹੈ ਹੀ ਪ੍ਰਦੂਸ਼ਣ ਦੀ ਉਪਜ ਜੋ ਕਿ ਸਭ ਤੋਂ ਪਹਿਲਾਂ ਇਨਸਾਨ ਦੇ ਫੇਫੜਿਆਂ ਨੂੰ ਦਾਗਦਾਰ ਕਰਦਾ ਸੀ ਜੋ ਕਿ ਸਾਹ ਕਿਿਰਆ ਲੈਣ ਲਈ ਅਨੁਕੂਲ ਨਹੀਂ ਸਨ ਰਹਿੰਦੇ । ਅਜਿਹੇ ਮੌਕੇ ਤੇ ਜਦੋਂ ਪੂਰਾ ਵਿਸ਼ਵ ਲੱਖਾਂ ਜਾਨਾਂ ਗਵਾ ਬੈਠਾ ਹੈ ਅਤੇ ਨੀਲੀਆਂ ਗੈਸਾਂ ਨੂੰ ਲੈ ਕੇ ਧਰਤੀ ਦਾ ਤਾਪਮਾਨ ਸੰਪੂਰਨ ਤੌਰ ਤੇ ਵਿਗੜ ਹੀ ਨਹੀਂ ਰਿਹਾ ਬਲਕਿ ਕਿਸੇ ਸਮੇਂ ਜਵਾਲਾਮੁਖੀ ਜਿਹੇ ਗੁਬਾਰ ਫਟ ਕੇ ਧਰਤੀ ਨੂੰ ਤਹਿਸ-ਨਹਿਸ ਕਰ ਸਕਦੇ ਹਨ ਅਤੇ ਕਰੋਨਾ ਤੋਂ ਵੀ ਵੱਢੀ ਸਿਿਖਆ ਦੇ ਸਕਦੇ ਹਨ ਪਰ ਪਤਾ ਨਹੀਂ ਇਨਸਾਨ ਫਿਰ ਵੀ ਸਿੱਖੇਗਾ ਕਿ ਨਹੀਂ।

ਹੁਣ ਚਾਹੀਦਾ ਹੈ ਕਿ ਹਰ ਘਰ ਆਪਣਾ ਫਰਜ਼ ਸਮਝਦੇ ਹੋਏ ਅਤੇ ਹਰ ਜੀਅ ਇਹ ਕੋਸ਼ਿਸ਼ ਕਰੇ ਕਿ ੳੇੁਹ ਚਾਹੇ ਗਮਲੇ ਵਿਚ ਜਾਂ ਆਸ-ਪਾਸ ਕਿਸੇ ਅਜਿਹੀ ਖਾਲੀ ਜਗ੍ਹਾ ਤੇ ਆਪਣੇ ਨਾਂ ਦਾ ਇੱਕ ਪੌਦਾ ਲਗਾਵੇ ਉਸ ਦੀ ਪਾਲਨਾ ਕਰੇ ਅਤੇ ਇਸ ਗੱਲ ਦੀ ਬੱਚਿਆਂ ਵਿੱਚ ਮੁਕਾਬਲੇਬਾਜ਼ੀ ਦੀ ਹੌੋਂਦ ਲਿਆਂਦੀ ਜਾਵੇ ਕਿ ਕਿਸ ਦਾ ਪੌਦਾ ਵਧੀਆ ਅਤੇ ਵੱਡਾ ਹੁੰਦਾ ਹੈ ਤਾਂ ਅਜਿਹੇ ਮਾਹੌਲ ਦੇ ਨਾਲ ਇੱਕ ਇਨਾਮ ਰਾਸ਼ੀ ਕਾਇਮ ਕੀਤੀ ਜਾਵੇ ਤਾਂ ਜੋ ਵਾਤਾਵਰਨ ਸ਼ੱੁਧਤਾ ਦਾ ਮਾਹੌਲ ਸਿਰਜਿਆ ਜਾ ਸਕੇ । ਆਓ ! ਰਲ-ਮਿਲ ਕੁ ਸਾਂਝਾ ਹੰਭਲ਼ਾ ਮਾਰੀਏ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d