ਕੀ ਇਹ ਸੱਚ ਹੈ ਕਿ ਸਾਧੂ ਤੇ ਸੰਗਤ ਮਿਲ ਕੇ ਘਪਲੇਬਾਜ਼ੀਆਂ ਕਰਦੇ ਰਹੇ ਤੇ ਮਹਾਰਾਜ ਨੂੰ ਪਤਾ ਹੀ ਨਹੀਂ ਲੱਗਿਆ ?

ਕੀ ਇਹ ਸੱਚ ਹੈ ਕਿ ਸਾਧੂ ਤੇ ਸੰਗਤ ਮਿਲ ਕੇ ਘਪਲੇਬਾਜ਼ੀਆਂ ਕਰਦੇ ਰਹੇ ਤੇ ਮਹਾਰਾਜ ਨੂੰ ਪਤਾ ਹੀ ਨਹੀਂ ਲੱਗਿਆ ?

ਕੱੁਝ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਹੀ ਕਾਂਗਰਸ ਨੂੰ ਝੱਟਕੇ ਤੇ ਝੱਟਕੇ ਲੱਗ ਰਹੇ ਹਨ ਪਰ ਉੱਚ ਲੀਡਰਸ਼ਿਪ ਨਾ ਤਾਂ ਤਫੜ ਰਹੀ ਹੈ ਅਤੇ ਨਾ ਹੀ ਕੱੁਝ ਬੋਲ ਰਹੀ ਹੈ। ਨਾ ਤੜਫਨਾ ਤੇ ਨਾ ਬੋਲਣਾ ਬਹੁਤ ਕੱੁਝ ਜਾਹਿਰ ਤਾਂ ਕਰਦਾ ਹੈ, ਪਰ ਕੋਈ ਅਜਿਹਾ ਅਕਸ਼ ਨਹੀਂ ਪੇਸ਼ ਹੁੰਦਾ ਕਿ ਆਖਿਰ ਇਸ ਦੀ ਅਸਲੀਅਤ ਕੀ ਹੈ ? ਜੇਕਰ ਮੌਜੂਦਾ ਸਮੇਂ ਦੇਸ਼ ਅਤੇ ਸੂਬਿਆਂ ‘ਚ ਚਲ ਰਹੀ ਸਿਆਸਤ ਦੀ ਗੱਲ ਕਰੀੇਏ ਤਾਂ ਇਸ ਸਮੇਂ ਸਾਰੀਆਂ ਹੀ ਰਾਜਸੀ ਪਾਰਟੀਆਂ ਹਾਸ਼ੀਏ ਤੇ ਤਾਂ ਹਨ, ਪਰ ਕਾਰਨ ਸਭ ਦੇ ਵੱਖਰੇ-ਵੱਖਰੇ ਹਨ। ਕਿਸੇ ਵੀ ਮਾਮਲਿਆਂ ਸੰਬੰਧੀ ਕਿਸੇ ਦੀ ਹਾਈਕਮਾਨ ਬੋਲਦੀ ਨਹੀਂ ।

ਅਗਰ ਦੇਖਿਆ ਜਾਵੇ ਤਾਂ ਕਾਂਗਰਸ ਦੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅਤੇ ਫਿਰ ਕੱੁਝ ਮਹੀਨਿਆਂ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਚੱਲੀ ਸਰਕਾਰ ਤੋਂ ਬਾਅਦ ਹੋਈਆਂ ਚੋਣਾਂ ਵਿਚ ਇਸ ਪਾਰਟੀ ਦਾ ਗ੍ਰਾਫ਼ ਵੀ ਬਹੁਤ ਹੇਠਾਂ ਆ ਗਿਆ ਸੀ।

ਇਸ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀਆਂ 77 ਸੀਟਾਂ ਵਿਚੋਂ ਇਸ ਵਾਰ ਮਹਿਜ਼ 17 ਸੀਟਾਂ ‘ਤੇ ਹੀ ਸਬਰ ਕਰਨਾ ਪਿਆ ਪਰ ਇਹ ਸਿਆਸੀ ਝਟਕਾ ਕਾਂਗਰਸੀਆਂ ਨੂੰ ਹਤਾਸ਼ ਕਰ ਗਿਆ। ਇਸ ਨਾਲ ਇਕ ਤਰ੍ਹਾਂ ਨਾਲ ਪਾਰਟੀ ਵਿਚ ਹਲਚਲ ਮਚ ਗਈ। ਜਿੰਨੀ ਟੁੱਟ-ਭੱਜ ਪਿਛਲੇ ਕੁਝ ਮਹੀਨਿਆਂ ਵਿਚ ਪੰਜਾਬ ਕਾਂਗਰਸ ਵਿਚ ਹੋਈ ਹੈ, ਉਹ ਹੈਰਾਨ ਕਰਨ ਵਾਲੀ ਹੈ। ਇਸ ਸਮੇਂ ਚਾਹੇ ਵਿਧਾਨ ਸਭਾ ਵਿਚ ਵਿਰੋਧੀ ਧੜੇ ਦੇ ਆਗੂ ਹੰਢੇ ਵਰਤੇ ਸਿਆਸਤਦਾਨ ਪ੍ਰਤਾਪ ਸਿੰਘ ਬਾਜਵਾ ਹਨ ਅਤੇ ਪਾਰਟੀ ਦੀ ਪ੍ਰਧਾਨਗੀ ਨੌਜਵਾਨ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੌਂਪੀ ਗਈ ਹੈ ਪਰ ਸਮੁੱਚੇ ਰੂਪ ਵਿਚ ਕਾਂਗਰਸ ਦੇ ਪ੍ਰਸ਼ਾਸਨ ਦੀ ਪਿਛਲੀ ਕਾਰਗੁਜ਼ਾਰੀ ਨੇ ਸੂਬੇ ਦੇ ਲੋਕਾਂ ਨੂੰ ਨਿਰਾਸ਼ ਹੀ ਨਹੀਂ ਸੀ ਕੀਤਾ, ਸਗੋਂ ਹਾਲੋਂ-ਬੇਹਾਲ ਕਰ ਦਿੱਤਾ ਸੀ। ਇਸ ‘ਤੇ ਲਗਾਤਾਰ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਇਸ ਦਾ ਅਕਸ ਬੇਹੱਦ ਮੱਧਮ ਪਾ ਦਿੱਤਾ ਸੀ। ਅਕਾਲੀ ਦਲ ਅਤੇ ਕਾਂਗਰਸ ਦੀ ਸਾਖ਼ ਗੁਆਚਣ ਤੋਂ ਬਾਅਦ ਹੀ ਲੋਕਾਂ ਨੇ ਤੀਸਰੀ ਪਾਰਟੀ ਲਈ ਹੁੰਗਾਰਾ ਭਰਿਆ ਸੀ। ਕਾਂਗਰਸ ਹਾਈਕਮਾਨ ਨੇ ਇਕ ਸਮੇਂ ਨਵਜੋਤ ਸਿੰਘ ਸਿੱਧੂ ‘ਤੇ ਵਿਸ਼ਵਾਸ ਪ੍ਰਗਟਾਇਆ ਸੀ। ਸਿੱਧੂ ਕਰਕੇ ਹੀ ਅਖੀਰ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਪਰ ਉਸ ਤੋਂ ਬਾਅਦ ਸਿੱਧੂ ਦੀ ਸਮੁੱਚੀ ਕਾਰਗੁਜ਼ਾਰੀ ਨੇ ਜਿਥੇ ਹਾਈਕਮਾਨ ਨੂੰ ਨਿਰਾਸ਼ ਕੀਤਾ, ਉਥੇ ਸੂਬਾ ਪਾਰਟੀ ਵਿਚ ਵੀ ਉਸ ਦੀਆਂ ਕਾਰਵਾਈਆਂ ਨੇ ਇਕ ਤਰ੍ਹਾਂ ਨਾਲ ਤਰਥਲੀ ਮਚਾ ਦਿੱਤੀ ਸੀ ਅਤੇ ਲੋਕਾਂ ਦਾ ਵਿਸ਼ਵਾਸ ਉਸ ਤੋਂ ਵੀ ਜਾਂਦਾ ਰਿਹਾ ਸੀ। ਉਸ ਸਮੇਂ ਪਾਰਟੀ ਅੰਦਰ ਹੋਈ ਵੱਡੀ ਟੁੱਟ-ਭੱਜ ਕਰਕੇ ਵੀ ਇਸ ਨੂੰ ਚੋਣਾਂ ਵਿਚ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ ਸੀ ਪਰ ਉਸ ਤੋਂ ਬਾਅਦ ਵੀ ਅਨੇਕਾਂ ਕਾਰਨਾਂ ਕਰਕੇ ਅਤੇ ਖ਼ਾਸ ਤੌਰ ‘ਤੇ ਹਾਈਕਮਾਨ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਕਰਕੇ ਪਾਰਟੀ ਨਿਵਾਣਾਂ ਵੱਲ ਹੀ ਜਾਂਦੀ ਰਹੀ। ਸੁਨੀਲ ਜਾਖੜ ਵਰਗੇ ਵਿਅਕਤੀ ਨੂੰ ਇਸ ਮਰਹਲੇ ‘ਤੇ ਪਾਰਟੀ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸ਼ਾਮਿਲ ਹੋਣਾ ਚਾਹੀਦਾ ਸੀ ਕਿ ਨਹੀਂ, ਇਹ ਗੱਲ ਵੀ ਅੱਜ ਵੱਡੀ ਬਹਿਸ ਦਾ ਵਿਸ਼ਾ ਹੈ ਪਰ ਇਸ ਨੇ ਪਾਰਟੀ ਨੂੰ ਜੜ੍ਹਾਂ ਤੋਂ ਹਿਲਾ ਕੇ ਰੱਖ ਦਿੱਤਾ ਸੀ।

ਹੁਣ ਕਾਂਗਰਸ ਦੇ 4 ਸਾਬਕਾ ਮੰਤਰੀਆਂ, ਇਕ ਵਿਧਾਇਕ ਅਤੇ ਅੱਧੀ ਦਰਜਨ ਤੋਂ ਵੱਧ ਸੀਨੀਅਰ ਆਗੂਆਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਨੇ ਕਾਂਗਰਸੀ ਸਫ਼ਾਂ ਵਿਚ ਪੈਦਾ ਹੋਈ ਨਿਰਾਸ਼ਾ ਨੂੰ ਹੋਰ ਵੀ ਵਧਾ ਦਿੱਤਾ ਹੈ। ਭਾਜਪਾ ਨੇ ਇਕ ਹੋਰ ਸੋਚੀ-ਸਮਝੀ ਚਾਲ ਚਲਦਿਆਂ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਦੇ ਚੋਣ ਦੰਗਲ ਵਿਚ ਉਤਾਰ ਦਿੱਤਾ ਹੈ। ਇਸ ਚੋਣ ਦੇ ਨਤੀਜੇ ਕੀ ਨਿਕਲਦੇ ਹਨ, ਇਸ ਬਾਰੇ ਤਾਂ ਫਿਲਹਾਲ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਅਕਾਲੀਆਂ ਵਾਂਗ ਕਾਂਗਰਸ ਦੇ ਵੀ ਟੁਕੜੇ-ਟੁਕੜੇ ਹੋਣ ਨੇ ਸੂਬੇ ਦੀ ਸਮੁੱਚੀ ਸਿਆਸਤ ਵਿਚ ਹੀ ਨਿਰਾਸ਼ਾ ਪੈਦਾ ਕਰ ਦਿੱਤੀ ਹੈ।

ਆਖਿਰ ਇਹਨਾਂ ਸਾਰਿਆਂ ਮਾਮਲਿਆਂ ਵਿਚੋਂ ਸਾਧੂ-ਸੰਗਤ ਮਾਮਲੇ ਨੇ ਤਾਂ ਕੱੁਝ ਹੋਰ ਹੀ ਜਲਵਾ ਦਿਖਾ ਦਿੱਤਾ ਹੈ। ਹੁਣ ਦੇਖਣਾ ਤਾਂ ਇਹ ਹੈ ਕਿ ਸਾਧੂ-ਤੇ ਸੰਗਤ ਸੱਚੇ ਹਨ ਜਾਂ ਵਿਜੀਲੈਂਸ ਇਹ ਤੇ ਆਉਣ ਵਾਲਾ ਵਕਤ ਹੀ ਆਪਸੀ ਕਾਨਾ-ਫੂਸੀ ਵਿਚ ਦੱਸੇਗਾ। ਕਿਉਂਕਿ ਕਿਸੇ ਵੀ ਭ੍ਰਿਸ਼ਟ ਕਾਂਡ ਦੀ ਕੋਈ ਵੀ ਸਜ਼ਾ ਅੱਜ ਤੱਕ ਜਾਹਿਰ ਨਹੀਂ ਹੋਈ । ਇਸ ਖਬਰ ਦਾ ਤਾਪ ਵੀ ਇੱਕ ਦੋ ਦਿਨ ਹੀ ਰਹਿਣਾ ਹੈ ਫਿਰ ਕਿਸ ਨੇ ਲੱਭਣਾ ਹੈ ਕਿ ਪੈਸਾ ਕਿੱਥੇ ਗਿਆ ਤੇ ਕਿਸ ਕਿਸ ਦੀ ਤਿਜੌਰੀ ਵਿਚ ਤੇ ਕਿਸ ਦੀ ਜੇਬ ਨੂੰ ਭਰ ਗਿਆ। ਇਹ ਸਭ ਕੱੁਝ ਜਦੋਂ ਹੋਇਆ ਤਾਂ ੳੇੁਸ ਸਮੇਂ ਦੇ ਮੱੁਖ ਮੰਤਰੀ ਤੇ ਪਾਰਟੀ ਕਮਾਨ ਕਿਉਂ ਚੁੱਪ ਬੈਠੀ ਰਹੀ ਜਾਂਚ ਤਾਂ ਇਸ ਗੱਲ ਦੀ ਕਰਨੀ ਬਣਦੀ ਹੈ। ਬਾਕੀ ਸੂਬਿਆਂ ਤੇ ਲੈਕੇ ਭਾਰਤ ਤੱਕ ਦੀ ਸਿਆਸਤ ਦਾ ਅਸਲ ਸੱਚ ਤਾਂ ਇਹ ਹੈ “ਕੱੁੱਤੀ ਚੋਰਾਂ ਨਾਲ ਰਲੀ ਹੋਈ ਹੈ” ਤੇੇ ਤਦ ਤੱਕ ਰਲੀ ਰਹੇਗੀ ਜਦ ਤੱਕ ਦੇਸ਼ ਦੀ ਜਨਤਾ ਨੂੰ ਇਹ ਅੰਦਾਜ਼ਾ ਨਹੀਂ ਹੋ ਜਾਂਦਾ ਕਿ ਭ੍ਰਿਸ਼ਟਾਚਾਰ ਦੀ ਕਮਾਈ ਨਾਲ ਪਲ ਰਿਹਾ ਕੁੱਤੀ ਦਾ ਪਰਿਵਾਰ ਹੁਣ ਪੂਰੀ ਤਰ੍ਹਾਂ ਹਲਕ ਗਿਆ ਹੈ ਤੇ ਹੁਣ ਕਿਸੇ ਵੀ ਐਂਟੀ ਰੈਬੀਜ਼ ਦਵਾਈ ਨੇ ਕੰਮ ਨਹੀਂ ਆਉਣਾ ਅਤੇ ਇਸ ਕੱਟੇ ਦਾ ਇਲਾਜ ਮੌਤ ਹੀ ਹੈ। ਅਜਿਹੇ ਮੌਕੇ ਤੇ ਜਦੋਂ ਹਲਕੇ ਕੱੁਤੇ ਨੂੰ ਅਤੇ ਹਲਕੇ ਕੱੁਤੇ ਦੇ ਵੱਢੇ ਨੂੰ ਮੌਤ ਹੀ ਸ਼ਾਂਤ ਕਰ ਸਕਦੀ ਹੈ ਤਾਂ ਉਸ ਸਮੇਂ ਇੱਕ ਹੀ ਇਲਾਜ ਹੈ ਕਿ ਹਲਕੇ ਕੱੁਤਿਆਂ ਦੇ ਪਰਿਵਾਰਾਂ ਨੂੰ ਹੀ ਮਾਰ ਮੁਕਾਇਆ ਜਾਵੇ ਤਾਂ ਜੋ ਕਿਸੇ ਹੋਰ ਨੂੰ ਨਾ ਵੱਢ ਲੈਣ। ਭ੍ਰਿਸ਼ਟਾਚਾਰੀ ਨੂੰ ਫੜਨ ਦੀ ਹਿੰਮਤ ਤਾਂ ਹੋ ਜਾਂਦੀ ਹੈ ਪਰ ਇਹਨਾਂ ਨੂੰ ਫੜਨ ਵਾਲੇ ਕਈ ਤਾਂ ਪਹਿਲਾਂ ਹੀ ਭੱਜ ਜਾਂਦੇ ਹਨ ਕਿ ਕਿਤੇ ਇਹ ਹਲਕੇ ਕੱੁਤੇ ਵੱਢ ਨਾ ਲੈਣ। ਪਰ ਜਿੰਨ੍ਹਾਂ ਨੂੰ ਇਹ ਵੱਢ ਲੈਂਦੇ ਹਨ ਉਹ ਤਾਂ ਫਿਰ ਚੁੱਪ-ਚਪੀਤੇ ਇਹਨਾਂ ਦੇ ਪਰਿਵਾਰ ਵਿਚ ਹੀ ਸ਼ਾਮਿਲ ਹੋ ਜਾਂਦੇ ਹਨ।

ਹੁਣ ਜਦੋਂ ਭ੍ਰਿਸ਼ਟਾਚਾਰ ਦੀਆਂ ਤੰਦਾ ਦਾ ਉਲਝਿਆ ਜਾਲ ਜੋ ਕਿ ਰਹਿੰਦੀ ਦੁਨੀਆਂ ਤੱਕ ਤਾਂ ਸੁਲ਼ਝਾਇਆ ਨਹੀਂ ਜਾ ਸਕਦਾ ਪਰ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਇਸ ਦੀ ਤੰਦ ਨੂੰ ਆਪਣੇ ਘਰ ਵਿਚੋਂ ਹੀ ਫੜ ਕੇ ਸੁਲਝਾਉਣ ਦੀ ਸ਼ੁਰੂਆਤ ਕਰ ਬੈਠੀ ਹੈ ਬਸ਼ਰਤੇ ਕਿ ੳੇੁਹ ਬਾਕੀਆਂ ਨੂੰ ਫੜੇ ਜਾਣ ਦੀ ਦਹਿਸ਼ਤ ਹੇਠ ਆਪਣੇ ਪਰਿਵਾਰ ਵਿੱਚ ਸ਼ਾਮਿਲ ਕਰ ਲੈਣ ਦੀ ਗਲਤੀ ਨਾ ਕਰ ਬੈਠੇ।ਨਹੀਂ ਤਾਂ ਕੋਈ ਫਰਕ ਨਹੀਂ ਰਹਿਣਾ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d