ਕਾਂਗਰਸੀ ਨੇਤਾਵਾਂ ਦੀ ਸੰਘੀ ਸੰਘ ਦੇ ਹੱਥ-ਹਾਰਦਿਕ ਪਟੇਲ ਸਮੇਤ ਕਾਂਗਰਸ ਦੇ ਸਾਬਕਾ ਮੰਤਰੀ ਵੀ ਬੀ.ਜੇ.ਪੀ. 'ਚ ਸ਼ਾਮਲ

ਕਾਂਗਰਸੀ ਨੇਤਾਵਾਂ ਦੀ ਸੰਘੀ ਸੰਘ ਦੇ ਹੱਥ-ਹਾਰਦਿਕ ਪਟੇਲ ਸਮੇਤ ਕਾਂਗਰਸ ਦੇ ਸਾਬਕਾ ਮੰਤਰੀ ਵੀ ਬੀ.ਜੇ.ਪੀ. ‘ਚ ਸ਼ਾਮਲ

ਦੇਸ਼ ਇਸ ਸਮੇਂ ਕਿੱਧਰ ਨੂ ਜਾ ਰਿਹਾ ਹੈੈ ਇਸ ਦਾ ਤਾਂ ਪਤਾ ਨਹੀਂ ਪਰ ਜਿਸ ਬੇ-ਲਗਾਮ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਬਾਵਜੂਦ ਧਰਮ ਦੇ ਅਧਾਰ ਤੇ ਜਿਸ ਤਰ੍ਹਾਂ ਹਿੰਦੂ ਰਾਸ਼ਟਰਵਾਦ ਦਾ ਬੋਲ-ਬਾਲਾ ਹੈ ਉਸ ਦੀ ਤਹਿਤ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਤੇ ਇਸ ਨੇ ਹਰ ਤਰ੍ਹਾਂ ਦਾ ਪੱਤਾ ਖੇਡ ਕੇ ਜਿੱਥੇ ਦੇਸ਼ ਦੀ 125 ਕਰੋੜ ਜਨਤਾ ਦੀ ਸੰਘੀ ਚੰਦ ਸਰਾਏਦਾਰਾਂ ਦੇ ਹੱਥ ਵਿਚ ਦਿੱਤੀ ਹੈ ੳੇੁਸੇ ਤਰ੍ਹਾਂ ਹੀ ਕਈ ਵੱਡੇ-ਵੱਡੇ ਨੇਤਾਵਾਂ ਦੀ ਸੰਘੀ ਵੀ ਹੁਣ ਸੰਘ ਦੇ ਹੱਥ ਵਿਚ ਆ ਗਈ ਹੈ। ਜਿਸ ਦੀ ਵਜ੍ਹਾ ਤਾਂ ਹਾਲੇ ਤੱਕ ਪਤਾ ਨਹੀਂ ਪਰ ਜਾਪਦਾ ਤਾਂ ਇੰਝ ਹੈ ਕਿ ਕਿਵੇਂ ਨਾ ਕਿਵੇਂ ਜਿੰਂਨ੍ਹਾਂ ਨੇਤਾਵਾਂ ਨੂੰ ਜੇਲ੍ਹ ਦੀਆਂ ਸਲਾਖਾਂ ਦਾ ਡਰ ਸਤਾਉਂਦਾ ਹੈ ਤਾਂ ਉਹ ਝੱਟ ਹੀ ਭਾਰਤੀ ਜਨਤਾ ਪਾਰਟੀ ਦਾ ਪੱਲ੍ਹਾ ਫੜ ਲੈਂਦੇ ਹਨ। ਕਾਂਗਰਸ ਨੇ ਜੈਪੁਰ ਵਿਚ ਪਾਰਟੀ ਦਾ ਅਧਿਵੇਸ਼ਨ ਕੀ ਬੁਲਾਇਆ ਕਿ ਇਸ ਦੇ ਤੁਰੰਤ ਬਾਅਦ ਸ੍ਰੀ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ । ਉਹਨਾਂ ਦੀ ਅਜਿਹੀ ਕਿਹੜੀ ਮਜ਼ਬੂਰੀ ਸੀ ਕਿ ਉਮਰ ਦੇ ਆਖਰੀ ਪੜਾਅ ਤੇ ਉਹ ਆਪਣੇ ਪਿਤਾ ਪੁਰਖੀ ਸਰਮਾਏ ਦੀਆਂ ਕਦਰਾਂ ਕੀਮਤਾਂ ਨੂੰ ਵੀ ਉਹਨਾਂ ਦੀ ਝੋਲੀ ਵਿਚ ਪਾ ਗਏ ਜਿਨ੍ਹਾਂ ਦੀ ਵਿਰੋਧਤਾ ਹਾਲੇ ਉਹ ਪੰਜਾਬ ਦੀਆਂ ਪਿਛਲੀਆਂ ਚੋਣਾਂ ਵਿਚ ਹੀ ਕਰਦੇ ਰਹੇ ਸਨ। ਇਸ ਤੋਂ ਬਾਅਦ ਕਾਨੂੰਨ ਦੇ ਧੁਰੰਤਰ ਕਾਂਗਰਸ ਦੇ ਥੱਮ੍ਹ ਕਹੇ ਜਾਂਦੇ ਸ੍ਰੀ ਕਪਿਲ ਸਿੱਬਲ ਨੇ ਵੀ ਕਾਂਗਰਸ ਤਿਆਗ ਦਿੱਤੀ ਤੇ ਉਹ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ। ਹਾਲ ਹੀ ਵਿਚ ਰਾਜਸਥਾਨ ਤੋਂ ਹਾਰਦਿਕ ਪਟੇਲ ਜੋ ਕਿ ਪਾਟੀਦਾਰ ਅੰਦੋਲਨ ਦੇ ਮੱੱੁਖੀਆ ਵਜੋਂ ਜਾਣੇ ਜਾਂਦੇ ਸਨ ਅਤੇ ਜੋ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤੁਲਨਾ ਜਨਰਲ ਡਾਇਰ ਦੇ ਨਾਲ ਕਰਦੇ ਸਨ ਅਤੇ ਉਹਨਾਂ ਤੇ ਭਾਰਤੀ ਜਨਤਾ ਪਾਰਟੀ ਨੇ ਹੀ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਸੀ ਅਤੇ ਉਹਨਾਂ 9 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਜਿਵੇਂ ਗਰਭ ਅਵਸਥਾ ਵਿਚ ਜਾ ਕੇ ਨਵਾਂ ਜਨਮ ਲੈ ਲਿਆ ਹੋਵੇ ੳੇੁਹ ਵੀ ਅੱਜ ਭਾਰਤੀ ਜਨਤਾ ਪਾਰਟੀ ਵਿਚ ਜਾ ਕੇ ਦੇਸ਼ ਧਰੋਹ ਤੋਂ ਦੇਸ਼ ਭਗਤ ਸਾਬਤ ਹੋ ਗਏ ਹਨ। ਹਾਲ ਹੀ ਵਿਚ ਇੱਕ ਹੈਰਨੀਜਨਕ ਤੱਥ ਉਸ ਸਮੇਂ ਸਾਹਮਣੇ ਆਇਆ ਜਦੋਂ ਪੰਜਾਬ ਕਾਂਗਰਸ ਦੇ ਚਾਰ ਸਾਬਕਾ ਮੰਤਰੀਆਂ ਸਮੇਤ ਅੱਧੀ ਦਰਜਨ ਤੋਂ ਵੱਧ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਭਾਜਪਾ ‘ਚ ਸ਼ਾਮਿਲ ਹੋ ਗਏ ।

ਭਾਜਪਾ ‘ਚ ਸ਼ਾਮਿਲ ਹੋਣ ਵਾਲੇ ਚਾਰ ਸਾਬਕਾ ਮੰਤਰੀਆਂ ‘ਚ ਸ. ਬਲਬੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ ਤੇ ਸੁੰਦਰ ਸ਼ਾਮ ਅਰੋੜਾ ਤੋਂ ਇਲਾਵਾ ਸਾਬਕਾ ਵਿਧਾਇਕ ਸ. ਕੇਵਲ ਸਿੰਘ ਢਿੱਲੋਂ, ਮਹਿੰਦਰ ਕੌਰ ਜੋਸ਼ ਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਜੋ ਪਾਰਟੀ ਦੇ ਮਗਰਲੀਆਂ ਵਿਧਾਨ ਸਭਾ ਚੋਣਾਂ ‘ਚ ਬਠਿੰਡਾ ਤੋਂ ਵੀ ਉਮੀਦਵਾਰ ਸਨ, ਸਰੂਪ ਚੰਦ ਸਿੰਗਲਾ ਵੀ ਸ਼ਾਮਿਲ ਸਨ ।ਇਨ੍ਹਾਂ ਆਗੂਆਂ ਨੂੰ ਪੰਜਾਬ ਭਾਜਪਾ ਦੇ ਹੈੱਡਕੁਆਰਟਰ ਵਿਖੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ, ਪੰਜਾਬ ਭਾਜਪਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਤੇ ਸ੍ਰੀ ਸੁਨੀਲ ਜਾਖੜ ਵਲੋਂ ਸ਼ਾਮਿਲ ਕੀਤਾ ਗਿਆ, ਜਦੋਂ ਕਿ ਇਸ ਮੌਕੇ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼, ਸ. ਮਨਜਿੰਦਰ ਸਿੰਘ ਸਿਰਸਾ, ਸ੍ਰੀ ਤਰੁਣ ਚੁੱਘ, ਮਨੋਰੰਜਨ ਕਾਲੀਆ ਤੇ ਹਰਜੀਤ ਸਿੰਘ ਗਰੇਵਾਲ ਆਦਿ ਵੀ ਹਾਜ਼ਰ ਸਨ ।ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵਲੋਂ ਬਾਅਦ ‘ਚ ਇਨ੍ਹਾਂ ਸਾਰੇ ਸ਼ਾਮਿਲ ਹੋਣ ਵਾਲੇ ਆਗੂਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪਾਰਟੀ ‘ਚ ਜੀ ਆਇਆਂ ਵੀ ਕਿਹਾ ।ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਇਹ ਕਾਂਗਰਸੀ ਆਗੂ ਪਹਿਲਾਂ ਸ੍ਰੀ ਸੁਨੀਲ ਜਾਖੜ ਦੇ ਨਿਵਾਸ ਅਸਥਾਨ ‘ਤੇ ਇਕੱਠੇ ਹੋਏ ਜਿੱਥੇ ਭਾਜਪਾ ਦੇ ਦੂਜੇ ਆਗੂ ਵੀ ਹਾਜ਼ਰ ਸਨ ਅਤੇ ਫਿਰ ਇਕੱਠੇ ਪੰਜਾਬ ਭਾਜਪਾ ਦੇ ਦਫ਼ਤਰ ਪੁੱਜੇ ।ਚੰਡੀਗੜ੍ਹ ਪੁਲਿਸ ਨੂੰ ਕਿਸੇ ਕਸ਼ਮੀਰੀ ਸੰਗਠਨ ਵਲੋਂ ਪੰਜਾਬ ਭਾਜਪਾ ਦੇ ਦਫ਼ਤਰ ਹਮਲਾ ਕਰਨ ਦੀਆਂ ਕੁਝ ਦਿਨ ਪਹਿਲਾਂ ਮਿਲੀਆਂ ਰਿਪੋਰਟਾਂ ਕਾਰਨ ਚੰਡੀਗੜ੍ਹ ਪੁਲਿਸ ਵਲੋਂ ਸ੍ਰੀ ਅਮਿਤ ਸ਼ਾਹ ਦੀ ਫੇਰੀ ਕਾਰਨ ਬਹੁਤ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਅਤੇ ਮੀਡੀਆ ਨੂੰ ਵੀ ਪੰਜਾਬ ਭਾਜਪਾ ਦੇ ਹੈੱਡਕੁਆਰਟਰ ‘ਚ ਦਾਖਲਾ ਨਹੀਂ ਦਿੱਤਾ ਗਿਆ ।ਸ਼ਹਿਰ ਦੀਆਂ ਕਈ ਸੜਕਾਂ ਨੂੰ ਵੀ ਆਮ ਟ੍ਰੈਫਿਕ ਲਈ ਬੰਦ ਰੱਖਿਆ ਹੋਇਆ ਸੀ ।

ਸ੍ਰੀ ਅਮਿਤ ਸ਼ਾਹ ਵਲੋਂ ਭਾਜਪਾ ਹੈਡਕੁਆਰਟਰ ਵਿਖੇ ਭਾਜਪਾ ਦੇ ਸੂਬੇ ਤੋਂ ਸੀਨੀਅਰ ਆਗੂਆਂ ਨਾਲ ਬੈਠਕ ਵੀ ਕੀਤੀ ਗਈ, ਜਿਸ ‘ਚ ਸੰਗਰੂਰ ਜ਼ਿਮਨੀ ਚੋਣ ਤੋਂ ਇਲਾਵਾ ਜਥੇਬੰਦਕ ਮਾਮਲਿਆਂ ‘ਤੇ ਵੀ ਵਿਚਾਰ ਹੋਏ ।ਵਰਨਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਪਾਰਟੀ ਛੱਡਣ ਵਾਲੇ ਕੁਝ ਆਗੂਆਂ ਤਕ ਕੱਲ੍ਹ ਸ਼ਾਮ ਪਹੁੰਚ ਕੀਤੀ ਗਈ ਅਤੇ ਉਨ੍ਹਾਂ ਨੂੰ ਮਨਾਉਣ ਦੀ ਵੀ ਕਾਫ਼ੀ ਕੋਸ਼ਿਸ਼ ਹੋਈ ਪਰ ਇਸ ਕੋਸ਼ਿਸ਼ ‘ਚ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਅੱਜ ਇਕ ਬਿਆਨ ‘ਚ ਕਿਹਾ ਕਿ ਕਾਂਗਰਸ ਇਕ ਵੱਡੀ ਪਾਰਟੀ ਹੈ ਅਤੇ ਜੇ ਕੋਈ ਪਾਰਟੀ ਨੂੰ ਛੱਡ ਕੇ ਜਾਂਦਾ ਵੀ ਹੈ ਤਾਂ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ ਪਰ ਦੋ ਸਾਬਕਾ ਮੰਤਰੀਆਂ ਬਲਬੀਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਬਾਅਦ ‘ਚ ਮੀਡੀਆ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਉਨ੍ਹਾਂ ਨੂੰ ਵੀ ਜ਼ਲੀਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਮੰਤਰੀ ਮੰਡਲ ‘ਚੋਂ ਬਾਹਰ ਕਰ ਦਿੱਤਾ ਗਿਆ ।ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਤਰੁਣ ਚੁੱਘ ਨੇ ਕਿਹਾ ਕਿ ਅੱਜ ਤਾਂ ਤੁਸੀਂ ਕੇਵਲ ਟਰੇਲਰ ਹੀ ਵੇਖਿਆ ਹੈ ਆਉਣ ਵਾਲੇ ਦਿਨਾਂ ਦੌਰਾਨ ਤੁਹਾਨੂੰ ਹੋਰ ਬਹੁਤ ਕੁਝ ਵੇਖਣ ਨੂੰ ਮਿਲੇਗਾ ।

ਇਤਿਹਾਸ ਗਵਾਹ ਹੈ ਕਿ ਜਦੋਂ ਕਿਸੇ ਗਾਉਣ ਵਾਲੇ ਦੀ ਅਵਾਜ਼ ਜਵਾਨੀ ਦੇ ਦੌਰ ਵਿੱਚ ਹੁੰਦੀ ਹੈ ਤਾਂ ੳਹ ਆਪਣੀ ਹੇਕ ਨਾਲ ਰੰਗੀਲੀ ਦੁਨੀਆਂ ਦੇ ਗਾਣੇ ਗਾ ਕੇ ਵਾਹ-ਵਾਹ ਖੱਟਦਾ ਹੈ, ਜਦੋਂ ਉਸ ਦੀ ਆਵਾਜ਼ ਮੱਧਮ ਹੋ ਜਾਂਦੀ ਹੈ ਤਾਂ ਉਹ ਭਗਤੀ ਸੰਗੀਤ ਦੀ ਦੁਨੀਆਂ ਵੱਲ ਵੱਧ ਜਾਂਦਾ ਹੈ, ਇਸ ਤੋਂ ਬਾਅਦ ਜਦੋਂ ਉਸ ਦੀ ਆਵਾਜ਼ ਵਿਚ ਬਿਲਕੱੁਲ ਹੀ ਦਮ ਨਹੀਂ ਰਹਿੰਦਾ ਤਾਂ ਉਹ ਵਧਾਈਆਂ ਮੰਗਣ ਵਾਲਿਆ ਨਾਲ ਜਾਣਾ ਸ਼ੁਰੂ ਕਰ ਦਿੰਦਾ ਹੈ। ਇਹ ਹੁੰਦੀ ਹੈ ਉਸ ਸਮੇਂ ਉਸ ਦੀ ਕਲਾ ਦੀ ਨਿਪੁੰਸਕਤਾ । ਇਸੇ ਤਰ੍ਹਾਂ ਹੀ ਜੇਕਰ ਸੱਤ੍ਹਾ ਦੇ ਸਾਰੇ ਸੁੱਖ ਮਾਨਣ ਤੋਂ ਬਾਅਦ ਉਸ ਪਾਰਟੀ ਨੂੰ ਪਿੱਠ ਦਿਖਾਉਣਾ ਕਿ ਜਿਸ ਦੇ ਸਿਰ ਤੇ ਸਾਰੀ ਉਮਰ ਮੌਜਾ ਮਾਣੀਆਂ , ਆਖਿਰ ਤੇ ਉਸ ਨੂੰ ਛੱਡ ਜਾਣਾ ਇੱਕ ਸਿਆਸੀ ਨਿਪੁੰਸਕਤਾ ਨਾ ਕਹੀਏ ਤੇ ਹੋਰ ਇਸ ਨੂੰ ਕੀ ਕਹੀਏ। ਕਹਿੰਦੇ ਨੇ ਕਿ ਕਮਲ ਦੇ ਫੁੱਲ ਦੀ ਸ਼ੋਭਾ ਉਸ ਦੇ ਚਿੱਕੜ ਵਿਚ ਖਿੜੇ ਹੋਣ ਦੀ ਵਜ੍ਹਾ ਨਾਲ ਹੁੰਦੀ ਹੈ ਜਾਪਦਾ ਤਾਂ ਇੰਝ ਹੈ ਕਿ ਹੁਣ ਭਾਜਪਾ ਆਪਣੇ ਫੁੱਲ ਦੇ ਆਲੇ-ਦੁਆਲੇ ਚਿੱਕੜ ਨੂੰ ਇਕੱਠਾ ਕਰਨ ਵਿਚ ਰੁੱਝ ਗਈ ਹੈ , ਕਿਤੇ ਉਹ ਨਾ ਹੋਵੇ ਕਿ ਇਸ ਚਿੱਕੜ ਦੇ ਛਿੱਟੇ ਕਮਲ ਦੀਆਂ ਉਹਨਾਂ ਪੱਤੀਆਂ ਨੂੰ ਦਾਗਦਾਰ ਕਰ ਦੇਣ ਜੋ ਕਿ ਆਪਣੇ-ਆਪ ਵਿਚ ਇਸ ਸਮੇਂ ਕਿਸੇ ਅਜੀਬ ਰੰਗ ਵਿੱਚ ਰੰਗੀਆਂ ਹੋਈਆਂ ਹਨ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d