ਹਰਿਆਣਾ ਵਿੱਚ ਡੀ.ਐਸ.ਪੀ. ਦੀ ਹੱਤਿਆ ਕ਼ਰਾਇਮ ਪੇਸ਼ਾ ਲੋਕਾਂ ਦੀ ਕੋਝੀ ਹਰਕਤ?

ਹਰਿਆਣਾ ਵਿੱਚ ਡੀ.ਐਸ.ਪੀ. ਦੀ ਹੱਤਿਆ ਕ਼ਰਾਇਮ ਪੇਸ਼ਾ ਲੋਕਾਂ ਦੀ ਕੋਝੀ ਹਰਕਤ?

ਬੀਤੀ ਕੱਲ੍ਹ ਇਕ ਵਾਰ ਫਿਰ ਜ਼ਰਾਇਮ ਪੇਸ਼ਾ ਲੋਕਾਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਉੱਡ ਰਹੀਆਂ ਲਾਅ ਐਂਡ ਆਰਡਰ ਦੀਆਂ ਧੱਜੀਆਂ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਜਦੋਂ ਉਹਨਾਂ ਨੇ ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਨਾਜਾਇਜ਼ ਮਾਈਨਿੰਗ ਰੋਕਣ ਗਏ ਇਕ ਡੀ.ਐਸ.ਪੀ. ਨੇ ਜਦ ਇਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੂੰ ਟਰੱਕ ਹੇਠਾ ਦੇ ਕੇ ਮਾਰ ਦਿੱਤਾ ਗਿਆ। ਜਿਸ ਤੋਂ ਕੁਝ ਘੰਟਿਆਂ ਬਾਅਦ ਪੁਲਿਸ ਨਾਲ ਮੁਕਾਬਲੇ ‘ਚ ਗੋਲੀ ਲੱਗਣ ਤੋਂ ਬਾਅਦ ਟਰੱਕ ਦੇ ਕਲੀਨਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।ਦਰਅਸਲ ਟੌਰੂ ਦੇ ਡੀ.ਐਸ.ਪੀ. ਸੁਰਿੰਦਰ ਸਿੰਘ ਨੇ ਇਕ ਡੰਪਰ-ਟਰੱਕ ਦੇ ਡਰਾਈਵਰ ਨੂੰ ਕਾਗਜ਼ ਚੈੱਕ ਕਰਾਉਣ ਲਈ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਨੇ ਉਸ ‘ਤੇ ਟਰੱਕ ਚੜ੍ਹਾ ਦਿੱਤਾ । ਡੀ.ਐਸ.ਪੀ. ਦੇ ਸੁਰੱਖਿਆ ਮੁਲਾਜ਼ਮ ਤੇ ਉਨ੍ਹਾਂ ਦੇ ਡਰਾਈਵਰ ਨੇ ਜਾਨ ਬਚਾਉਣ ਲਈ ਇਕ ਪਾਸੇ ਛਾਲ ਮਾਰ ਦਿੱਤੀ ਪਰ ਡੀ.ਐਸ.ਪੀ. ਟਰੱਕ ਦੀ ਲਪੇਟ ‘ਚ ਆ ਗਏ।

ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਡੀ.ਐਸ.ਪੀ. ਸੁਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।ਪੁਲਿਸ ਨੇ ਦੱਸਿਆ ਕਿ ਡੀ.ਐਸ.ਪੀ. ਸੁਰਿੰਦਰ ਸਿੰਘ ਨੇ ਜਦ ਸਵੇਰੇ 11.50 ਵਜੇ ਇਕ ਟਰੱਕ ਵੇਖਿਆ ਤਾਂ ਉਹ ਪਚਗਾਓਂ ਇਲਾਕੇ ‘ਚ ਅਰਾਵਲੀ ਪਹਾੜੀਆਂ ‘ਚ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਆਪਣੀ ਟੀਮ ਨਾਲ ਛਾਪਾ ਮਾਰਨ ਗਏ ਸਨ । ਹਰਿਆਣਾ ਦੇ ਡੀ.ਜੀ.ਪੀ. ਪੀ.ਕੇ. ਅਗਰਵਾਲ ਨੇ ਨੂਹ ਵਿਖੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਲੱਤ ‘ਚ ਗੋਲੀ ਲੱਗੀ ਹੈ । ਬਾਅਦ ‘ਚ ਪੁਲਿਸ ਨੇ ਗ੍ਰਿ੍ਫ਼ਤਾਰ ਵਿਅਕਤੀ ਦੀ ਪਛਾਣ ਟਰੱਕ ਕਲੀਨਰ ਵਜੋਂ ਕੀਤੀ, ਜਿਸ ਨੂੰ ਨੂਹ ਦੇ ਨਲਹਾਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਹਾਲਾਂਕਿ ਸ਼ੁਰੂਆਤੀ ਰਿਪੋਰਟਾਂ ‘ਚ ਇਹ ਕਿਹਾ ਗਿਆ ਸੀ ਕਿ ਫੜਿਆ ਗਿਆ ਵਿਅਕਤੀ ਟਰੱਕ ਡਰਾਈਵਰ ਹੈ । ਅਧਿਕਾਰੀਆਂ ਨੇ ਦੱਸਿਆ ਕਿ 2015 ਤੋਂ ਲੈ ਕੇ ਹੁਣ ਤੱਕ ਨੂਹ ‘ਚ ਹਰ ਸਾਲ ਨਾਜਾਇਜ਼ ਮਾਈਨਿੰਗ ਦੀਆਂ ਲਗਪਗ 50 ਸ਼ਿਕਾਇਤਾਂ ਦਰਜ ਹੁੰਦੀਆਂ ਹਨ । ਅਕਸਰ ਮਾਈਨਿੰਗ ਮਾਫੀਆ ਦੇ ਮੈਂਬਰਾਂ ਤੇ ਪੁਲਿਸ ਵਿਚਕਾਰ ਕੁੱਟਮਾਰ ਹੁੰਦੀ ਰਹਿੰਦੀ ਹੈ ।ਦੱਸਣਯੋਗ ਹੈ ਕਿ ਡੀ.ਐਸ.ਪੀ. ਸੁਰਿੰਦਰ ਸਿੰਘ 1994 ‘ਚ ਹਰਿਆਣਾ ਪੁਲਿਸ ‘ਚ ਸਹਾਇਕ ਸਬ ਇੰਸਪੈਕਟਰ ਵਜੋਂ ਭਰਤੀ ਹੋਏ ਸਨ ਅਤੇ ਕੁਝ ਮਹੀਨਿਆਂ ‘ਚ ਸੇਵਾਮੁਕਤ ਹੋਣ ਵਾਲੇ ਸਨ । ਉਹ ਹਿਸਾਰ ਜ਼ਿਲ੍ਹੇ ਦੇ ਸਾਰੰਗਪੁਰ ਪਿੰਡ ਤੋਂ ਸਨ ਅਤੇ ਹੁਣ ਆਪਣੇ ਪਰਿਵਾਰ ਨਾਲ ਕੁਰੂਕਸ਼ੇਤਰ ‘ਚ ਰਹਿੰਦੇ ਸਨ ।

ਆਖਿਰ ਨਜ਼ਾਇਜ਼ ਕੰਮਾਂ ਵਿਚ ਕੀਤੀ ਜਾਂਦੀ ਕਮਾਈ ਦੀ ਮੋਟੀ ਰਕਮ ਨੇ ਇਹਨਾਂ ਲੋਕਾਂ ਦੇ ਕਿੰਨੇ ਹੌਂਸਲੇ ਬੁਲੰਦ ਕੀਤੇ ਹੋਏ ਹਨ ਕਿ ਜਿਸ ਨਾਲ ਇਹ ਜਿਸ ਕਿਸੇ ਦੀ ਵੀ ਜਾਨ ਲੈ ਸਕਦੇ ਹਨ, ਹਾਲ ਹੀ ਵਿੱਚ ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿਚ ਇੱਕ ਨੌਜੁਆਨ ਦਾ ਕਤਲ ਉਥੋਂ ਦੇ ਸਥਾਨਕ ਸਿਿਵਲ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਕਰ ਦਿੱਤਾ ਗਿਆ। ਇਹਨਾਂ ਸਾਰੀਆਂ ਵਾਰਦਾਤਾਂ ਦੇ ਪਿੱਛੇ ਨਿਆਂ ਪਾਲਿਕਾ ਦਾ ਲਚਕੀਲਾਪਨ ਕਹੀਏ ਜਾਂ ਫਿਰ ਜੇਲ੍ਹਾਂ ਅਤੇ ਥਾਣਿਆਂ ਵਿਚ ਮਿਲਨ ਵਾਲੀਆਂ ਸਹੂਲਤਾਂ ਜੋ ਕਿ ਪੈਸੇ ਦੇ ਬਲਬੂਤੇ ਤੇ ਕੁੱਝ ਇਸ ਕਦਰ ਮਿਲਦੀਆਂ ਹਨ ਕਿ ਸਜ਼ਾ ਤਾਂ ਇੱਕ ਨਾਂ ਹੀ ਰਹਿ ਗਿਆ ਹੈ ਪੇਸ਼ ਵਰ ਲੋਕ ਤਾਂ ਉਥੇ ਘਰ ਦੇ ਨਾਲੋਂ ਵੀ ਸੌਖੀ ਜਿੰਦਗੀ ਬਤੀਤ ਕਰਦੇ ਹਨ। ਜਦ ਵੀ ਕਿਸੇ ਨੇ ਬਾਹਰ ਦੀ ਹਵਾ ਖਾਣੀ ਹੁੰਦੀ ਹੈ ਉਹ ਇਲਾਜ ਦੇ ਬਹਾਨੇ ਸਰਕਾਰੀ ਹਸਪਤਾਲਾਂ ਵਿਚ ਦਾਖਲ ਹੋ ਜਾਂਦੇ ਹਨ। ਆਖਿਰ ਅੱਜ ਲਾਅ ਐਂਡ ਆਰਡਰ ਕਿਉਂ ਇਹਨਾਂ ਦੇ ਹੱਥਾਂ ਦੀ ਕਠਪੁਤਲੀ ਬਣ ਬੈਠਾ ਹੈ । ਅੱਜ ਭ੍ਰਿਸ਼ਟਾਚਾਰੀ ਨੌਕਰਸ਼ਾਹਾਂ ਨੂੰ ਉਸ ਡੀ.ਐਸ.ਪੀ. ਦੇ ਵਿਹੜੇ ਵਿੱਚ ਪੈਂਦੇ ਚੀਕ ਚਹਾੜੇ ਕੱੁਝ ਸਮਝਾਉਣ ਲਈ ਸਹਾਈ ਹੋਣਗੇ ਕਿ ਜੇਕਰ ਉਹਨਾਂ ਦੀ ਪੈਸੇ ਦੀ ਭੁੱਖ ਨੇ ਇਹਨਾਂ ਲੋਕਾਂ ਦੇ ਹੌਸਲੇਂ ਬੁਲੰਦ ਨਾ ਕੀਤੇ ਹੁੰਦੇ ਤਾਂ ਅੱਜ ਉਸ ਦੇ ਬੱਚੇ ਅਨਾਥ ਨਾ ਹੁੰਦੇ ਅਤੇ ਆਪਣੀ ਨੌਕਰੀ ਤੋਂ ਬਾਅਦ ਸੇਵਾ ਮੁਕਤੀ ਦਾ ਸਮਾਂ ਜੋ ਉਸ ਨੇ ਪਰਿਵਾਰ ਦੇ ਨਾਲ ਬਿਤਾਉਣਾ ਸੀ ਉਸ ਤੋਂ ਕਦੇ ਉਹ ਵਾਂਝੇ ਨਾ ਹੁੰਦਾ।

ਵੱਡੀਆਂ ਤਨਖਾਹਾਂ ਲੈਣ ਵਾਲੇ ਪੁਲਿਸ ਅਫਸਰ ਅੱਜ ਅਖਬਾਰਾਂ ਵਿਚ ਨਿੱਤ ਦਿਨ ਕੋਈ ਵਿਜੀਲੈਂਸ ਦੇ ਅਛਿੱਕੇ ਚੜ੍ਹਿਆ ਹੁੰਦਾ ਹੈ ਜਾਂ ਫਿਰ ਉਹ ਰਜਨੀਤਿਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਵਿਚਰਦਿਆਂ ਕੱੁਝ ਅਜਿਹੇ ਕਾਰੇ ਕਰ ਰਹੇ ਹੁੰਦੇ ਹਨ ਕਿ ਜਿਸ ਦੇ ਨਾਲ ਅਜੀਬ ਜਿਹੀਆਂ ਦਾਸਤਾਨਾਂ ਸਾਹਮਣੇ ਆਉਂਦੀਆਂ ਹਨ। ਅੱਜ ਜਦੋਂ ਕਿ ਅੰਮ੍ਰਿਤਸਰ ਵਿੱਚ ਹੁਸ਼ਿਆਰ ਨਗਰ ਸੜਕ ’ਤੇ ਪਿੰਡ ਭਕਨਾ ਨੇੜੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲੇ ਦੌਰਾਨ ਇਕ ਗੈਂਗਸਟਰ ਮਾਰਿਆ ਗਿਆ ਹੈ। ਪਿਛਲੇ ਕਰੀਬ 4 ਘੰਟਿਆਂ ਤੋਂ ਮੁਕਾਬਲਾ ਜਾਰੀ ਹੈ। ਗੈਂਗਸਟਰ ਲਗਾਤਾਰ ਫਾਇਰਿੰਗ ਕਰ ਰਹੇ ਹਨ। ਪੁਲਿਸ ਵੱਲੋਂ ਘਰ ਦੀ ਦੀਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਮਾਂਡੋ ਘਰ ਦੇ ਨੇੜੇ ਪਹੁੰਚ ਗਏ ਹਨ। ਹਾਲਾਤ ਤੋਂ ਜਾਪ ਰਿਹਾ ਹੈ ਕਿ ਕਿਸੇ ਵੇਲੇ ਵੀ ਪੁਲਿਸ ਘਰ ਉਤੇ ਹਮਲਾ ਕਰ ਸਕਦੀ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਧੜੇ ਨਾਲ ਸਬੰਧਤ ਪੰਜਾਬ ਦੇ ਲੋੜੀਂਦੇ ਦੋ ਸ਼ਾਰਪ ਸ਼ੂਟਰਾਂ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਅੰਮ੍ਰਿਤਸਰ ਦੇ ਐਨਕਾਊਂਟਰ ਦੀ ਖਬਰ ਹੈ।

ਇਸ ਮੁਕਾਬਲੇ ਵਿੱਚ ਜਗਰੂਪ ਰੂਪਾ ਮਾਰਿਆ ਗਿਆ ਹੈ ਅਤੇ ਮੰਨੂ ਕੁੱਸਾ ਲਗਾਤਾਰ ਏ.ਕੇ.-47 ਨਾਲ ਗੋਲੀਬਾਰੀ ਕਰ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਨੇ ਪਿੰਡ ਵਿੱਚ ਆਉਣ-ਜਾਣ ਵਾਲੇ ਸਾਰੇ ਰਸਤੇ ਘੇਰੇ ਹੋਏ ਹਨ ਅਤੇ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਚੱਲ ਰਹੀ ਹੈ।

ਇਹ ਇਥੇ ਪਿੰਡ ਤੋਂ ਬਾਹਰ ਲੁਕੇ ਹੋਏ ਸਨ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਸੀ। ਅੱਜ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਇਲਾਕੇ ਨੂੰ ਘੇਰਾ ਪਾਇਆ ਤਾਂ ਗੈਂਗਸਟਰਾਂ ਵੱਲੋਂ ਗੋਲੀ ਚਲਾਈ ਗਈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਗੋਲੀ ਚਲਾਈ ਗਈ। ਪੁਲੀਸ ਮੁਕਾਬਲੇ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਅਪਰੇਸ਼ਨ ਸੈੱਲ ਤੇ ਹੋਰ ਪੁਲਿਸ ਜਵਾਨ ਸ਼ਾਮਲ ਹਨ ।ਹਥਿਆਰਬੰਦ ਗੈਂਗਸਟਰਾਂ ਅਤੇ ਪੁਲਿਸ ਦਰਮਿਆਨ ਚੱਲ ਰਹੇ ਮੁਕਾਬਲੇ ਦੌਰਾਨ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਘਟਨਾ ਸਥਾਨ ‘ਤੇ ਪੁੱਜੇ।

ਜੇਕਰ ਅੱਜ ਦੇ ਇਹਨਾਂ ਹਾਲਾਤਾਂ ਨੂੰ ਵੇਖਿਆ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚੋਂ ਚੁਣੌਤੀ ਪੁਲਿਸ ਦੇ ਸਾਹਮਣੇ ਹੈ ਉਹ ਬਹੁਤ ਹੀ ਗੰਭੀਰ ਹੈ। ਇਕ ਅੰਦਾਜ਼ੇ ਮੁਤਾਬਕ ਹੁਣ ਪੰਜਾਬ ਵਿਚ ਅੱਤਵਾਦ ਵਾਲੀਆਂ ਕਾਲੀਆਂ ਰਾਤਾਂ ਦਾ ਦੌਰ ਫਿਰ ਸ਼ੁਰੂ ਹੋ ਗਿਆ ਹੈ ਜਦੋਂ ਏ.ਕ.ੇ 47 ਵਰਗੇ ਹਥਿਆਰ ਸ਼ਰੇਆਮ ਆਮ ਲੋਕਾਂ ਦੇ ਹੱਥ ਹਨ । ਅੱਜ ਅੱਤਵਾਦ ਤੇ ਕਾਬੂ ਪਾਉਣ ਵਾਲੂ ਪੰਜਾਬ ਪੁਲਿਸ ਨੂੰ ਇੱਕ ਵਾਰ ਹੁਣ ਫਿਰ ਉਹ ਹੌਂਸਲਾ ਦਿਖਾਉਣਾ ਪਵੇਗਾ ਅਤੇ ਇਹਨਾਂ ਲੋਕਾਂ ਨੂੰ ਨੱਥ ਪਾਉਣੀ ਪਵੇਗੀ ਕਿ ਅੱਜ ਪੁਲਿਸ ਦੀ ਦਹਿਸ਼ਤ ਨੂੰ ਟਿੱਚ ਜਾਣਦਿਆਂ ਪੁਲਿਸ ਤੇ ਹੀ ਸ਼ਰੇਆਮ ਗੋਲ਼ੀਆਂ ਚਲਾ ਰਹੇ ਹਨ।ਅਜਿਹੇ ਸਮੇਂ ਤੇ ਹੁਣ ਲੋਕਾਂ ਅਤੇ ਪੁਲਿਸ ਦਾ ਸਾਥ ਬਹੁਤ ਹੀ ਲਾਹੇਵੰਦ ਹੋ ਸਕਦਾ ਹੈ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d