31 ਦਸੰਬਰ ਤੱਕ ਪੁਰਾਣੇ ਡੀਜ਼ਲ ਆਟੋ ਬਦਲੇ ਨਵਾਂ ਇਲੈਕਟ੍ਰਿਕ ਆਟੋ ਲੈਣ ਦਾ ਸੁਨਿਹਰਾ ਮੌਕਾ-ਕਮਿਸ਼ਨਰ 

ਅੰਮ੍ਰਿਤਸਰ, — ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਜਿੰਨਾਂ ਕੋਲ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਦਾ ਚਾਰਜ ਵੀ ਹੈ, ਉਹਨਾਂ ਨੇ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਦੇ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦਫ਼ਤਰ ਦਾ ਦੌਰਾ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਈ.ਸੀ.ਸੀ.ਸੀ. ਦਫ਼ਤਰ ਦਾ ਦੌਰਾ ਕੀਤਾ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਫ਼ਿਰ ਉਹਨਾਂ ਨੂੰ ਰਾਹੀ ਪ੍ਰੋਜੈਕਟ ਬਾਰੇ ਇੱਕ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਉਹਨਾਂ ਨੇ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਸਮੂਹ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਰਾਹੀ ਪ੍ਰੋਜੈਕਟ ਦੇ ਨਾਲ-ਨਾਲ ਹੋਰ ਸਮਾਜ ਭਲਾਈ ਸਕੀਮਾਂ ਤਹਿਤ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦਾ ਲਾਭ ਉਠਾਉਣ ਅਤੇ 31 ਦਸੰਬਰ, 2023 ਤੋਂ ਪਹਿਲਾਂ ਆਪਣੇ ਡੀਜ਼ਲ ਆਟੋ ਨੂੰ ਇਲੈਕਟ੍ਰਿਕ ਆਟੋ ਨਾਲ ਬਦਲ ਲੈਣ, ਕਿਉਂਕਿ ਰਾਹੀ ਪ੍ਰੋਜੈਕਟ ਅਧੀਨ ਇਲੈਕਟ੍ਰਿਕ ਆਟੋ ਸ਼ਹਿਰ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਸਭ ਤੋਂ ਵਧੀਆ ਵਿਕਲਪ ਹੈ ਅਤੇ ਇਹ ਡੀਜ਼ਲ ਆਟੋ ਚਾਲਕਾਂ ਲਈ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਲਈ ਵੀ ਲਾਹੇਵੰਦ ਹੈ ਅਤੇ ਇਸ ਨਾਲ ਉਨ੍ਹਾਂ ਦੀ ਕਮਾਈ ’ਤੇ ਚੰਗੀ ਬੱਚਤ ਹੋ ਰਹੀ ਹੈ ਅਤੇ ਮੁਰੰਮਤ ਦਾ ਕੋਈ ਖ਼ਰਚਾ ਨਹੀਂ ਹੈ। ਉਨ੍ਹਾਂ ਖੁਦ ਮੌਕੇ ’ਤੇ 2-3 ਇਲੈਕਟ੍ਰਿਕ ਆਟੋ ਚਾਲਕਾਂ ਨਾਲ ਗੱਲ ਕੀਤੀ ਅਤੇ ਇਲੈਕਟ੍ਰਿਕ ਆਟੋ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੋਏ। ਇਸ ਮਗਰੋਂ ਉਨ੍ਹਾਂ ਅੰਮ੍ਰਿਤਸਰ ਸ਼ਹਿਰ ਵਿੱਚ ਰਾਹੀ ਪ੍ਰੋਜੈਕਟ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ। ਉੁਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ ਸਾਰੇ ਬਕਾਇਆ ਪ੍ਰੋਜੈਕਟਾਂ ਖਾਸ ਕਰਕੇ ਸਮਾਰਟ ਸਿਟੀ ਪ੍ਰੋਜੈਕਟਾਂ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾਵੇ। ਇਸ ਤੋਂ ਪਹਿਲਾਂ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਉਨਾਂ ਦਾ ਪਹਿਲੀ ਵਾਰ ਦਫੁਤਰ ਆਉਣ ’ਤੇ ਸਵਾਗਤ ਕੀਤਾ। ਇਸ ਮੌਕੇ ਐਸ ਈ ਸੰਦੀਪ ਸਿੰਘ , ਐਸ.ਪੀ. ਸਿੰਘ ਐਕਸੀਅਨ, ਡਾ. ਕਿਰਨ, ਰਜਿੰਦਰ ਸ਼ਰਮਾ, ਸਕੱਤਰ, ਦਲਜੀਤ ਸਿੰਘ ਸਕੱਤਰ, ਜੋਤੀ ਮਹਾਜਨ, ਅਸ਼ੀਸ਼ ਕੁਮਾਰ, ਫੈਰੀ ਭਾਟੀਆ, ਵਿਨੈ ਸ਼ਰਮਾ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਦੇ ਹੋਰ ਸਾਰੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published.


*


%d