ਜ਼ਿਲ੍ਹਾ ਪੁਲੀਸ ਸੰਗਰੂਰ ਨੇ 2 ਔਰਤਾਂ ਸਮੇਤ 6 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ 1 ਕਿਲੋ 105 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਕੀਤੀ ਹੈ

ਭਵਾਨੀਗੜ੍ਹ     (ਮਨਦੀਪ ਕੌਰ ਮਾਝੀ ) ਜ਼ਿਲ੍ਹਾ ਪੁਲੀਸ ਨੇ 2 ਔਰਤਾਂ ਸਮੇਤ 6 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ 1 ਕਿਲੋ 105 ਗ੍ਰਾਮ ਹੈਰੋਇਨ ( ਚਿੱਟਾ ) ਬਰਾਮਦ ਕੀਤੀ ਹੈ। ਤਸਕਰਾਂ ਕੋਲੋਂ 29500 ਰੁਪਏ ਡਰੱਗ ਮਨੀ, ਕਾਰ ਅਤੇ ਸਕੂਟੀ ਵੀ ਬਰਾਮਦ ਹੋਈ ਹੈ। ਨਸ਼ਾ ਤਸਕਰਾਂ ’ਵਿੱਚੋਂ 2 ਨਸ਼ਾ ਤਸ਼ਕਰਾਂ ਨੂੰ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਜ਼ਿਲ੍ਹਾ ਸੰਗਰੂਰ ਦੇ ਨਸ਼ਾ ਤਸਕਰ ਹੈਰੋਇਨ ਖਰੀਦ ਕੇ ਲਿਆਏ ਸਨ।
ਅੱਜ ਕਪਤਾਨ ਪੁਲੀਸ (ਡੀ) ਪਲਵਿੰਦਰ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡ ਦੁੱਗਾਂ ਤੋਂ ਸਵਿਫ਼ਟ ਕਾਰ ਸਵਾਰ ਗੁਰਰਾਜ ਸਿੰਘ ਉਰਫ਼ ਹੈਪੀ ਵਾਸੀ ਮੁੰਡਾ ਖੇੜਾ ਉਰਫ਼ ਬੇਲੂਮਾਜਰਾ ਥਾਣਾ ਸਦਰ ਸਮਾਣਾ ਅਤੇ ਰਘਵੀਰ ਸਿੰਘ ਉਰਫ਼ ਸੰਮਾ ਵਾਸੀ ਰਾਮਗੜ੍ਹ ਉਰਫ਼ ਭਗਤੂਆਣਾ ਥਾਣਾ ਜੈਤੋ ਜ਼ਿਲ੍ਹਾ ਫਰੀਦਕੋਟ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਵਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਹੈਰੋਇਨ ਅਜੈ ਸਿੰਘ ਉਰਫ਼ ਖੁੰਡੀ ਉਰਫ਼ ਜਸ਼ਨ ਵਾਸੀ ਭੈਣੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਲਿਆਂਦੀ ਸੀ। ਪੁਲੀਸ ਨੇ ਅਜੈ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਗੁਰਰਾਜ ਸਿੰਘ ਅਤੇ ਅਜੈ ਸਿੰਘ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹਨ। ਇੰਜ ਹੀ ਬੀਬੀਐੱਮਬੀ ਗਰਿੱਡ ਸੰਗਰੂਰ ਨੇੜਿਉਂ ਇਤਲਾਹ ਮਿਲਣ ’ਤੇ ਹਰਪ੍ਰੀਤ ਕੌਰ ਵਾਸੀ ਭਰੂਰ ਅਤੇ ਨਵਦੀਪ ਕੌਰ ਉਰਫ਼ ਦੀਪੀ ਵਾਸੀ ਸੰਗਰੂਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 705 ਗ੍ਰਾਮ ਹੈਰੋਇਨ, 29500/-ਰੁਪਏ ਡਰੱਗ ਮਨੀ ਸਮੇਤ ਸਕੂਟੀ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਵੇਂ ਔਰਤਾਂ ਦੀ ਪੁੱਛਗਿੱਛ ਦੇ ਆਧਾਰ ’ਤੇ ਬਲਜਿੰਦਰ ਸਿੰਘ ਵਾਸੀ ਬੀੜ ਰਾਉਂਕੇ ਜ਼ਿਲ੍ਹਾ ਮੋਗਾ ਅਤੇ ਅਮਰਦੀਪ ਸੇਖਾਵਤ ਵਾਸੀ ਹਿਸਾਰ ਹਰਿਆਣਾ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਅਮਰਦੀਪ ਸੇਖ਼ਾਵਤ ਦੀ ਗ੍ਰਿਫ਼ਤਾਰੀ ਬਾਕੀ ਹੈ।

Leave a Reply

Your email address will not be published.


*


%d