ਸੈਰ ਸਪਾਟਾ ਮੰਤਰਾਲੇ ਨੇ ਸਵਦੇਸ਼ ਦਰਸ਼ਨ 2.0 ਸਕੀਮ ਤਹਿਤ ਅੰਮ੍ਰਿਤਸਰ ਅਤੇ ਕਪੂਰਥਲਾ ਨੂੰ ਵਿਕਾਸ ਲਈ ਪਛਾਣਿਆ: ਐਮਪੀ ਅਰੋੜਾ

ਲੁਧਿਆਣਾ ( Gurvinder sidhu): ਕੇਂਦਰੀ ਸੈਰ-ਸਪਾਟਾ ਮੰਤਰਾਲੇ ਨੇ ਹੁਣ ਡੈਸਟੀਨੇਸ਼ਨ ਅਤੇ ਟੂਰਿਜ਼ਮ-ਸੈਂਟਰੀਕ ਅਪ੍ਰੋਚ ਦੀ ਪਾਲਣਾ ਕਰਦੇ ਹੋਏ ਟਿਕਾਊ ਅਤੇ ਜ਼ਿੰਮੇਵਾਰ ਸੈਰ-ਸਪਾਟਾ ਸਥਾਨਾਂ ਨੂੰ ਵਿਕਸਿਤ ਕਰਨ ਦੇ ਮੰਤਵ ਨਾਲ
ਸਵਦੇਸ਼ ਦਰਸ਼ਨ ਯੋਜਨਾ ਨੂੰ ਸਵਦੇਸ਼ ਦਰਸ਼ਨ 2.0 (ਐਸਡੀ 2.0) ਦੇ ਰੂਪ ਵਿੱਚ ਬਦਲ ਦਿੱਤਾ ਹੈ। ਐਸਡੀ 2.0 ਸਕੀਮ ਦੇ ਤਹਿਤ ਵਿਕਾਸ ਲਈ ਕੁੱਲ 57 ਮੰਜ਼ਿਲਾਂ ਦੀ ਪਛਾਣ ਕੀਤੀ ਗਈ ਹੈ। ਐਸਡੀ 2.0 ਸਕੀਮ ਤਹਿਤ ਪੰਜਾਬ ਰਾਜ ਵਿੱਚ ਵਿਕਾਸ ਲਈ ਅੰਮ੍ਰਿਤਸਰ ਅਤੇ ਕਪੂਰਥਲਾ ਸਥਾਨਾਂ ਦੀ ਪਛਾਣ ਕੀਤੀ ਗਈ ਹੈ।
ਕੇਂਦਰੀ ਸੈਰ ਸਪਾਟਾ ਮੰਤਰੀ ਜੀ ਕਿਸ਼ਨ ਰੈੱਡੀ ਨੇ ਰਾਜ ਸਭਾ ਦੇ ਹਾਲ ਹੀ ਵਿੱਚ ਸਮਾਪਤ ਹੋਏ ਅੰਤਰਿਮ ਬਜਟ ਸੈਸ਼ਨ ਵਿੱਚ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਗਏ “ਪੰਜਾਬ ਰਾਜ ਲਈ ਸੈਰ-ਸਪਾਟਾ ਵਿਕਾਸ ਪ੍ਰੋਜੈਕਟ” ‘ਤੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ। ਅਰੋੜਾ ਨੇ ਕੇਂਦਰੀ ਸੈਕਟਰ ਸਕੀਮ ਤਹਿਤ ਪੰਜਾਬ ਰਾਜ ਲਈ ਪ੍ਰਸਤਾਵਿਤ ਸੈਰ ਸਪਾਟਾ ਵਿਕਾਸ ਪ੍ਰਾਜੈਕਟਾਂ ਬਾਰੇ ਪੁੱਛਿਆ ਸੀ; ਅਤੇ ਸ਼ੁਰੂ ਕੀਤੇ ਗਏ ਅਜਿਹੇ ਪ੍ਰੋਜੈਕਟਾਂ ਦੇ ਵੇਰਵੇ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਵੇਰਵੇ ਮੰਗੇ ਗਏ ਸਨ।
ਅੱਜ ਇੱਥੇ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਸੈਰ-ਸਪਾਟਾ ਮੰਤਰਾਲਾ ‘ਸਵਦੇਸ਼ ਦਰਸ਼ਨ’,ਨੈਸ਼ਨਲ ਮਿਸ਼ਨ ਆਨ ਪਿਲਗਰਿਮੇਜ ਰੀਜੁਵੀਨੇਸ਼ਨ ਐਂਡ ਸਪਿਰਚੂਅਲ ਹੇਰਿਟੇਜ ਆਗਮੇਂਟੇਸ਼ਨ ਡਰਾਈਵ (ਪ੍ਰਸ਼ਾਦ) ਅਤੇ ‘ਟੂਰਿਜ਼ਮ ਇਨਫਰਾਸਟਰਕਚਰ ਡਿਵੈਲਪਮੈਂਟ ਲਈ ਕੇਂਦਰੀ ਏਜੰਸੀਆਂ ਦੀ ਸਹਾਇਤਾ’ ਯੋਜਨਾਵਾਂ ਦੇ ਤਹਿਤ ਦੇਸ਼ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ ‘ਤੇ ਸੈਰ-ਸਪਾਟਾ ਨਾਲ ਸਬੰਧਤ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਵਿਕਾਸ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ/ਕੇਂਦਰੀ ਏਜੰਸੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਮੰਤਰੀ ਨੇ ਪੰਜਾਬ ਸਮੇਤ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉਕਤ ਸਕੀਮਾਂ ਤਹਿਤ ਮਨਜ਼ੂਰ ਕੀਤੇ ਪ੍ਰੋਜੈਕਟਾਂ ਦੇ ਵੇਰਵੇ ਵੀ ਪ੍ਰਦਾਨ ਕੀਤੇ।
ਮੰਤਰੀ ਵੱਲੋਂ ਮੁਹੱਈਆ ਕਰਵਾਏ ਗਏ ਇਨ੍ਹਾਂ ਵੇਰਵਿਆਂ ਅਨੁਸਾਰ ਪੰਜਾਬ ਵੱਲੋਂ ‘ਸਵਦੇਸ਼ ਦਰਸ਼ਨ ਸਕੀਮ’ ਤਹਿਤ ਸਾਲ 2018-19 ਦੌਰਾਨ ਆਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ, ਚਮਕੌਰ ਸਾਹਿਬ, ਫਿਰੋਜ਼ਪੁਰ, ਖਟਕੜ ਕਲਾਂ, ਕਲਾਨੌਰ ਅਤੇ ਪਟਿਆਲਾ ਦੇ ਵਿਕਾਸ ਲਈ 85.32 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ।
ਇਸੇ ਤਰ੍ਹਾਂ,6.40 ਕਰੋੜ ਰੁਪਏ (2015-16) ਦੀ ਮਨਜ਼ੂਰੀ ਲਾਗਤ ਨਾਲ  ਅੰਮ੍ਰਿਤਸਰ ਵਿੱਚ ਕਰੁਣਾ ਸਾਗਰ ਵਾਲਮੀਕਿ ਸਥਲ ਦੇ ਵਿਕਾਸ ਅਤੇ 31.57 ਕਰੋੜ ਰੁਪਏ (2020-21) ਦੀ ਮਨਜ਼ੂਰੀ ਲਾਗਤ ਨਾਲ ਚਮਕੌਰ ਸਾਹਿਬ ਦੇ ਵਿਕਾਸ ਦੇ ਪ੍ਰਾਜੈਕਟ ਨੂੰ ‘ਪ੍ਰਸ਼ਾਦ’ ਸਕੀਮ ਅਧੀਨ ਪ੍ਰਵਾਨਗੀ ਦਿੱਤੀ ਗਈ ਸੀ। ,
‘ਸੈਰ-ਸਪਾਟਾ ਬੁਨਿਆਦੀ ਢਾਂਚਾ ਵਿਕਾਸ ਲਈ ਕੇਂਦਰੀ ਏਜੰਸੀਆਂ ਦੀ ਸਹਾਇਤਾ’ ਸਕੀਮ ਦੇ ਤਹਿਤ, ਜੇਸੀਪੀ ਅਟਾਰੀ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਪ੍ਰੋਜੈਕਟ ਲਈ 2017-18 ਵਿੱਚ ਬੀਐਸਐਫ ਨੂੰ 13.12 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ, ਅਤੇ 2018-19 ਵਿੱਚ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਦੀ ਬਹਾਲੀ/ਮੁਰੰਮਤ ਅਤੇ ਅੰਮ੍ਰਿਤਸਰ ਵਿੱਚ ਜਲਿਆਂਵਾਲਾ ਬਾਗ ਕੌਮੀ ਯਾਦਗਾਰ ਦੇ ਵਾਧੂ ਕੰਮ ਲਈ ਏ.ਐਸ.ਆਈ. ਨੂੰ 23.02 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ।
ਇਸ ਦੌਰਾਨ ਅਰੋੜਾ ਨੇ ਕਿਹਾ ਕਿ ਇਹ ਜਾਣ ਕੇ ਚੰਗਾ ਲੱਗਿਆ ਕਿ ਅੰਮ੍ਰਿਤਸਰ ਅਤੇ ਕਪੂਰਥਲਾ ਨੂੰ ਸਵਦੇਸ਼ ਦਰਸ਼ਨ 2.0 ਸਕੀਮ ਤਹਿਤ ਵਿਕਾਸ ਲਈ ਪਛਾਣੀਆਂ ਗਈਆਂ ਕੁੱਲ 57 ਸਾਈਟਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਚਿੰਤਾ ਦਾ ਵਿਸ਼ਾ ਹੈ ਕਿ ਵਿੱਤੀ ਸਾਲ 2020-21 ਤੋਂ ਬਾਅਦ ‘ਪ੍ਰਸ਼ਾਦ ਯੋਜਨਾ’ ਅਤੇ ਵਿੱਤੀ ਸਾਲ 2018 ਤੋਂ ਬਾਅਦ ‘ਸੈਰ-ਸਪਾਟਾ ਬੁਨਿਆਦੀ ਢਾਂਚਾ ਵਿਕਾਸ ਲਈ ਕੇਂਦਰੀ ਏਜੰਸੀਆਂ ਦੀ ਸਹਾਇਤਾ’ ਸਕੀਮ ਤਹਿਤ ਕੋਈ ਫੰਡ ਮਨਜ਼ੂਰ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੈਰ-ਸਪਾਟੇ ਦੀ ਚੰਗੀ ਸਮਰੱਥਾ ਹੈ।  ਇਸ ਲਈ ਕੇਂਦਰ ਨੂੰ ਇਸ ਸਰਹੱਦੀ ਸੂਬੇ ਵਿੱਚ ਸੈਰ ਸਪਾਟਾ ਸਥਾਨਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਫੰਡ ਮਨਜ਼ੂਰ ਕਰਨੇ ਚਾਹੀਦੇ ਹਨ।

Leave a Reply

Your email address will not be published.


*


%d