ਸੇਵਾਵਾਂ ਪੱਕੀਆਂ ਕਰਵਾਉਣ ਲਈ ਰੌਣੀ ਫਾਰਮ ਵਿਖੇ ਲਾਇਆ ਧਰਨਾ  

 ਭਵਾਨੀਗੜ੍ਹ ::::::::::::::::::: ਪਸ਼ੂ ਪਾਲਣ ਵਿਭਾਗ ਦੇ ਅੰਦਰ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਸਿਹਤ ਸੰਭਾਲ ‘ਚ ਮੱਦਦ ਵਾਸਤੇ ਰੱਖੇ ਕਾਮੇ ਵੀਹ-ਵੀਹ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਕੱਚੇ ਹਨ ਜਦੋਂ ਕਿ ਵਿਭਾਗਾਂ ਦਾ ਬਾਕੀ ਅਮਲਾ ਪੱਕਾ ਹੈ। ਪਿਛਲੇ ਸਮੇਂ ‘ਚ ਵੱਖ-ਵੱਖ ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਲਈ ਬਣਾਈਆਂ ਨੀਤੀਆਂ ਦਾ ਇਨਾਂ੍ਹ ਕਾਮਿਆਂ ਨੂੰ ਕੋਈ ਲਾਭ ਨਹੀਂ ਹੋਇਆ। ਕਿਉਂਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਇਨ੍ਹਾਂ ਕਾਮਿਆਂ ਦੀ ਸੀਨੀਆਰਤਾ ਸੂਚੀ ਬਣਾ ਕੇ ਪੰਜਾਬ ਸਰਕਾਰ ਨੂੰ ਨਹੀਂ ਭੇਜੀ ਗਈ। ਜਿਸ ਦਾ ਖਮਿਆਜ਼ਾ ਵਿਭਾਗ ਦੀ ਰੀੜ੍ਹ ਦੀ ਹੱਡੀ ਇਨ੍ਹਾਂ ਕਾਮਿਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਰੈਗੂਲਰ ਸੇਵਾਵਾਂ ਨਿਭਾਅ ਰਹੇ ਦਰਜਾ ਚਾਰ ਕਾਮਿਆਂ ਨਾਲ ਵੀ ਪੱਖਪਾਤ ਦੀ ਨੀਤੀ ਅਪਣਾਈ ਜਾ ਰਹੀ ਹੈ। ਇਨਾਂ੍ਹ ਕਾਮਿਆਂ ਦੀਆਂ ਸਮੇਂ ਸਿਰ ਤਨਖਾਹਾਂ ਤੇ ਐੱਲਟੀਸੀ, ਜੀਪੀ ਫੰਡ ਅਡਵਾਂਸ, ਮੈਡੀਕਲ ਬਿੱਲ, ਬਕਾਇਆ ਵਰਦੀਆਂ ਅਤੇ ਲੋੜੀਂਦੇ ਅੌਜਾਰ ਨਹੀਂ ਦਿੱਤੇ ਜਾ ਰਹੇ। ਜਿਸ ਦੇ ਰੋਸ ਵਜੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਝੰਡੇ ਹੇਠ ਭਾਰੀ ਧੁੰਦ ਤੇ ਕੜਕਦੀ ਠੰਢ ਦੇ ਬਾਵਜੂਦ ਇਨ੍ਹਾਂ ਕਾਮਿਆਂ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪਸ਼ੂ ਪਾਲਣ ਵਿਭਾਗ ਰੌਣੀ ਫਾਰਮ ਅੱਗੇ ਧਰਨਾ ਦਿੱਤਾ।ਇਸ ਮੌਕੇ ਸੰਬੋਧਨ ਕਰਦਿਆਂ ਸੂਬਾਈ ਆਗੂ ਦਰਸ਼ਨ ਬੇਲੂਮਾਜਰਾ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਖਾਨਪੁਰ, ਜਨਰਲ ਸਕੱਤਰ ਜਸਵਿੰਦਰ ਸੌਜਾ, ਜਸਵੀਰ ਸਿੰਘ ਖੋਖਰ, ਦਿਆਲ ਸਿੰਘ ਸਿੱਧੂ ਤੇ ਨਾਥ ਸਿੰਘ ਸਮਾਣਾ ਨੇ ਦੱਸਿਆ ਕਿ ਵਿਭਾਗ ਦਾ ਪੂਰਾ ਜ਼ਿਲ੍ਹਾ ਇਨਾਂ੍ਹ ਕਾਮਿਆ ਦੇ ਸਿਰ ‘ਤੇ ਵਿਭਾਗ ਚੱਲ ਰਿਹਾ ਹੈ। ਉਨ੍ਹਾਂ ਕਾਮਿਆਂ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਜਥੇਬੰਦੀ ਵੱਲੋਂ ਬਾਰ-ਬਾਰ ਮੰਗ ਕਰਨ ਦੇ ਬਾਵਜੂਦ ਕੱਚੇ ਕਾਮਿਆਂ ਦੀ ਸੀਨੀਆਰਤਾ ਸੂਚੀ ਨਹੀਂ ਬਣਾਈ ਜਾ ਰਹੀ। ਇਸ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਕੱਚੇ ਕਾਮੇ ਤੁਰੰਤ ਪੱਕੇ ਕੀਤੇ ਜਾਣ, ਕੱਚੇ ਕਾਮਿਆਾਂ ਦੇ ਤਨਖਾਹਾਂ ਦੇ ਬਕਾਏ ਤੁਰੰਤ ਦਿੱਤੇ ਜਾਣ, ਕਾਮਿਆਂ ਨੂੰ ਬੂਟ ਵਰਦੀਆਂ ਤੇ ਲੋੜੀਂਦੇ ਅੌਜਾਰ ਦਿੱਤੇ ਜਾਣ ਅਤੇ ਰੈਗੂਲਰ ਕਾਮਿਆ ਦੀਆਂ ਤਨਖਾਹਾਂ, ਐੱਲਟੀਸੀ, ਜੀਪੀਐੱਫ ਅਡਵਾਂਸ, ਮੈਡੀਕਲ ਬਿੱਲਾਂ ਆਦਿ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇ। ਇਸ ਮੌਕੇ ਗੀਤ ਸਿੰਘ ਸਮਾਣਾ, ਗੁਰਜੰਟ ਸਿੰਘ ਨਾਭਾ, ਵਿਪਨ ਕੁਮਾਰ, ਸੁਰਮੁੱਖ ਸਿੰਘ, ਸ੍ਰੀ ਰਾਮ, ਦਰਸਨ ਸਿੰਘ, ਗੁਰਜੰਟ ਸਿੰਘ ਵਾਲੀਆ, ਹਰਬੰਸ ਸਿੰਘ, ਜਗਤਾਰ ਸਿੰਘ ਨਾਭਾ ਤੇ ਸਤਗੁਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published.


*


%d