ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਤੇ ਪੁਲੀਸ ਵਿਚਾਲੇ ਖਿੱਚ-ਧੂਹ

 ਭਵਾਨੀਗੜ੍ਹ ;;;;;;;; (ਮਨਦੀਪ ਕੌਰ ਮਾਝੀ) ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਸੈਂਕੜੇ ਬੇਰੁਜ਼ਗਾਰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ। ਇਸ ਮੌਕੇ ਬੇਰੁਜ਼ਗਾਰਾਂ ਨੇ ਪੁਲੀਸ ਵੱਲੋਂ ਲਾਈਆਂ ਰੋਕਾਂ ਨੂੰ ਟੱਪਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਤੇ ਪੁਲੀਸ ਵਿਚਾਲੇ ਜਬਰਦਸਤ ਖਿੱਚ-ਧੂਹ ਹੋ ਗਈ। ਬੇਰੁਜ਼ਗਾਰ ਨਾਕਾਬੰਦੀ ਤੋੜ ਕੇ ਅੱਗੇ ਵਧਣਾ ਚਾਹੁੰਦੇ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਉਥੇ ਹੀ ਰੋਕੀ ਰੱਖਿਆ। ਬੇਰੁਜ਼ਗਾਰਾਂ ਅਤੇ ਪੁਲੀਸ ਵਿਚਕਾਰ ਕਰੀਬ ਪੰਜ ਵਾਰ ਜੰਮ ਕੇ ਖਿੱਚ-ਧੂਹ ਅਤੇ ਧੱਕਾ-ਮੁੱਕੀ ਹੋਈ। ਇਸ ਦੌਰਾਨ ਕਈ ਬੇਰੁਜ਼ਗਾਰ ਹੇਠਾਂ ਵੀ ਡਿੱਗ ਗਏ ਅਤੇ ਦੋਵੇਂ ਧਿਰਾਂ ਨੂੰ ਖੂਬ ਜ਼ੋਰ ਅਜਮਾਈ ਕਰਦਿਆਂ ਪਸੀਨੋ-ਪਸੀਨੀਂ ਹੋਣਾ ਪਿਆ। ਪੁਲੀਸ ਨੇ ਬੇਰੁਜ਼ਗਾਰਾਂ ਨੂੰ ਅੱਗੇ ਨਹੀਂ ਵਧਣ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਆਵਾਜਾਈ ਠੱਪ ਕਰਕੇ ਧਰਨਾ ਲਾ ਦਿੱਤਾ।ਅੱਜ ਵੱਖ-ਵੱਖ ਯੂਨੀਅਨਾਂ ਨਾਲ ਸਬੰਧਤ ਬੇਰੁਜ਼ਗਾਰ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ, ਜਿਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਗੇਟ ’ਤੇ ਪੁੱਜੇ। ਜਿਉਂ ਹੀ ਬੇਰੁਜ਼ਗਾਰਾਂ ਨੇ ਜਬਰੀ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲੀਸ ਨਾਲ ਝੜਪ ਹੋ ਗਈ। ਪੰਜ ਵਾਰ ਬੇਰੁਜ਼ਗਾਰਾਂ ਨੇ ਪੁਲੀਸ ਨਾਲ ਪੇਚਾ ਪਾਉਂਦਿਆਂ ਅੱਗੇ ਵਧਣ ਦਾ ਯਤਨ ਕੀਤਾ ਪਰ ਸਫ਼ਲ ਨਾ ਹੋਏ, ਜਿਸ ਮਗਰੋਂ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਬੇਰੁਜ਼ਗਾਰ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਝੁਨੀਰ ਅਤੇ ਹਰਜਿੰਦਰ ਮਾਨਸਾ ਨੇ ਕਿਹਾ ਕਿ ਸਰਕਾਰ ਚੋਣਾਂ ਵੇਲੇ ਕੀਤੇ ਵਾਅਦੇ ਤੋਂ ਮੁੱਕਰ ਚੁੱਕੀ ਹੈ। ਲੋਕਾਂ ਦੇ ਦੁਆਰ ਜਾ ਕੇ ਸਮੱਸਿਆਵਾਂ ਹੱਲ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਦੁਆਰ ਉਹ ਖੁਦ ਚੱਲ ਕੇ ਆਏ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਦੋ ਸਾਲ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਭਰਤੀ ਦਾ ਕੋਈ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਅਤੇ ਬੇਰੁਜ਼ਗਾਰ ਲਗਾਤਾਰ ਓਵਰਏਜ ਹੋ ਰਹੇ ਹਨ।
ਇਸ ਦੌਰਾਨ ਲੰਬੀ ਜੱਦੋ-ਜਹਿਦ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਰੁਜ਼ਗਾਰ ਸਾਂਝਾ ਮੋਰਚਾ ਦੀ 6 ਮਾਰਚ ਨੂੰ ਮੁੱਖ ਮੰਤਰੀ ਦਫ਼ਤਰ ਚੰਡੀਗੜ੍ਹ ਵਿੱਚ ਮੀਟਿੰਗ ਤੈਅ ਕਰਵਾਈ, ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਜੇਕਰ ਮੀਟਿੰਗ ਨਾ ਹੋਈ ਜਾਂ ਬੇਸਿੱਟਾ ਰਹੀ ਤਾਂ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਮੁੜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਮਨ ਸੇਖਾ, ਸੁਖਪਾਲ ਖ਼ਾਨ, ਕੁਲਦੀਪ ਸਿੰਘ ਭੁਟਾਲ, ਮੁਨੀਸ਼ ਕੁਮਾਰ, ਵਰਿੰਦਰ ਸਿੰਘ, ਸੁਖਦੇਵ ਬਰਨਾਲਾ, ਲਲਿਤਾ ਪਟਿਆਲਾ, ਮਨਪ੍ਰੀਤ ਕੌਰ ਭੁੱਚੋ, ਗੁਰਜੀਤ ਕੌਰ, ਸਿਮਰਨਜੀਤ ਕੌਰ, ਪ੍ਰਭਸਿਮਰਨ ਕੌਰ, ਗੁਰਸਿਮਰਨ ਕੌਰ, ਅਨੀਤਾ ਦੇਵੀ ਭੀਖੀ, ਗਗਨਦੀਪ ਕੌਰ ਭੁੱਚੋ, ਨਵਦੀਪ ਕੌਰ ਬਰਨਾਲਾ, ਰਜਨੀ ਬਾਲਾ ਰਾਮਪੁਰਾ, ਮਨਜੀਤ ਕੌਰ ਦਿੜ੍ਹਬਾ, ਮਨਦੀਪ ਕੌਰ ਦਿੜ੍ਹਬਾ, ਰਾਧਿਕਾ ਪਟਿਆਲਾ, ਰਮਨਦੀਪ ਕੌਰ ਸਮਾਣਾ, ਹਰਪ੍ਰੀਤ ਕੌਰ ਸਮਾਣਾ, ਸਵਰਨਜੀਤ ਕੌਰ ਸੰਗਰੂਰ, ਮਮਤਾ ਨਵਾਂ ਸ਼ਹਿਰ, ਜਸਵੀਰ ਕੌਰ ਹਰਦਿੱਤਪੁਰਾ, ਰਾਜਵੀਰ ਕੌਰ ਸੰਗਰੂਰ, ਮਨਪ੍ਰੀਤ ਸੰਗਰੂਰ, ਬਚਿੱਤਰ ਬੁਢਲਾਡਾ ਆਦਿ ਹਾਜ਼ਰ ਸਨ।

Leave a Reply

Your email address will not be published.


*


%d