ਭਾਜਪਾ ਬਾਰੇ ਸੋਚ ਸਮਝ ਕੇ ਬੋਲਣ ਸੁਖਬੀਰ ਬਾਦਲ  – ਪ੍ਰੋ. ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ 16 ਮਈ (   ਪ੍ਰੋ. ਸਰਚਾਂਦ ਸਿੰਘ    ) ਭਾਜਪਾ ਦੇ ਸੂਬਾਈ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਰਮਨਾਕ ਹਾਰ ਬਾਰੇ ਕੰਧ ’ਤੇ ਲਿਖਿਆ ਦੇਖ  ਹਤਾਸ਼ ਤੇ ਬੁਰੀ ਤਰਾਂ ਬੁਖਲਾ ਗਏ ਹਨ। ਉਨ੍ਹਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਸਮਰਥਨ ਕਰਨ ਵਾਲੇ ਸਿੱਖਾਂ ’ਤੇ ਕੀਤੀ ਗਈ ਟਿੱਪਣੀ ਸ਼ਰਮਨਾਕ ਹੀ ਨਹੀਂ ਸਗੋਂ ਸੰਵਿਧਾਨ ਦੁਆਰਾ ਮਿਲੇ ਵੋਟ ਅਧਿਕਾਰ ਦਾ ਸਿੱਧਾ ਸਿੱਧਾ ਹਨਨ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਥਕ ਸਰੂਪ ਤੇ ਸਿਧਾਂਤਾਂ ਦੀ ਰਾਖੀ ਲਈ ਜਾਣੇ ਜਾਂਦੇ ਅਕਾਲੀ ਦਲ ਲਈ ਇਸ ਤੋਂ ਵੱਧ ਨਮੋਸ਼ੀ ਕੀ ਹੋ ਸਕਦੀ ਹੈ ਕਿ ਸਿੱਖਾਂ ਦੀ ਧਾਰਮਿਕ ਰਾਜਧਾਨੀ ਤੇ ਗੁਰੂ ਨਗਰੀ ਅੰਮ੍ਰਿਤਸਰ ’ਚ ਉਤਾਰੇ ਜਾਣ ਲਈ ਉਸ ਕੋਲ ਕੋਈ ਸਿੱਖ ਚਿਹਰਾ ਤਕ ਨਹੀਂ ਰਿਹਾ। ਜਦੋਂ ਕਿ ਅਕਾਲੀ ਦਲ ਹਮੇਸ਼ਾਂ ਅੰਮ੍ਰਿਤਸਰ ਲਈ ਸਿੱਖ ਉਮੀਦਵਾਰ ਅਤੇ ਪ੍ਰਸ਼ਾਸਨ ’ਚ ਸਿੱਖ ਡੀ ਸੀ ਅਤੇ ਸਿੱਖ ਸੀ ਪੀ ਜਾਂ ਐਸ ਐਸ ਪੀ ਦੀ ਤਾਇਨਾਤੀ ਦੀ ਵਕਾਲਤ ਕਰਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਗੁਨਾਹ ਹੀ ਇੰਨੇ ਵੱਡੇ ਹਨ ਕਿ ਵਾਰ ਵਾਰ ਮੁਆਫ਼ੀ ਮੰਗਣ ’ਤੇ ਵੀ ਸਿੱਖ ਸਮਾਜ ਨੇ ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਭਾਜਪਾ ਖ਼ਿਲਾਫ਼ ਝੂਠਾ ਬਿਰਤਾਂਤ ਬਿਠਾਉਣ ਦੀ ਗੁਮਰਾਹਕੁਨ ਕੋਸ਼ਿਸ਼ ਨੂੰ ਸਿੱਖ ਕੌਮ ਸਮਝ ਚੁੱਕੀ ਹੈ। ਸਿੱਖ ਹੁਣ ਉਸ ਦੀਆਂ ਗੱਲਾਂ ’ਚ ਨਹੀਂ ਆਉਣ ਲੱਗੇ ਹਨ।  ਉਨ੍ਹਾਂ ਬਾਦਲ ’ਤੇ ਮੌਕਾ ਪ੍ਰਸਤ ਹੋਣ ਦਾ ਦੋਸ਼ ਲਾਉਂਦਿਆਂ ਸਵਾਲ ਉਠਾਇਆ ਕਿ ਕੀ ਬਾਦਲ ਸਿੱਖਾਂ ਨੂੰ ਇਹ ਦੱਸਣ ਦੀ ਖੇਚਲ ਕਰੇਗਾ ਕਿ ਜਿਸ ਭਾਜਪਾ ’ਤੇ ਉਹ ਹੁਣ ਤਲਖ਼ੀ ਜਤਾ ਰਹੇ ਹਨ, ਉਸ ਨਾਲ ਕਰੀਬ ਤਿੰਨ ਦਹਾਕਿਆਂ ਦੀ ਸਾਂਝ ਕਿਉਂ ਰੱਖੀ ਗਈ? ਸਿੱਖ ਸੰਗਤ ਨੂੰ ਭਾਜਪਾ ਪ੍ਰਤੀ ਗੁਮਰਾਹ ਕਰਨ ਦੀ ਸੁਖਬੀਰ ਬਾਦਲ ਨਾਕਾਮ ਕੋਸ਼ਿਸ਼ ਕਰ ਰਿਹਾ ਹੈ, ਉਸੇ ਪਾਰਟੀ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਮਸਲਿਆਂ ਨੂੰ ਲੈ ਕੇ ਕੀਤੀਆਂ ਗਈਆਂ ਪਹਿਲ ਕਦਮੀਆਂ ਦੇ ਲਈ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸਟੇਜ ਤੋਂ ਨਰਿੰਦਰ ਮੋਦੀ ਦੀ ’ਮਸੀਹਾ’ ਕਹਿ ਕੇ ਵਡਿਆਈ ਕੀਤੀ ਗਈ ਸੀ। ਉਨ੍ਹਾਂ ਸੁਖਬੀਰ ਬਾਦਲ ਨੂੰ ਯਾਦ ਦਿਵਾਉਂਦਿਆਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਸਿੱਖ ਕੌਮ ਵੱਲੋਂ 70 ਸਾਲਾਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਕਰਨ ’ਤੇ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੌਮੀ ਸੇਵਾ ਅਵਾਰਡ ਨਾਲ ਸਨਮਾਨਿਤ ਕਰਨ ਸਮੇਂ ਸ਼੍ਰੋਮਣੀ ਕਮੇਟੀ ਨੇ ਲਿਖਤੀ ਸਨਮਾਨ ਪੱਤਰ ’ਚ ਖ਼ੁਦ ਲਿਖਿਆ ਕਿ ’’ਸਤਿਗੁਰੂ ਸੱਚੇ ਪਾਤਿਸ਼ਾਹ ਜੀ ਦੇ 550 ਵੇਂ ਪ੍ਰਕਾਸ਼ ਪੁਰਬ ’ਤੇ ਸਿੱਖ ਸੰਗਤ ਨੂੰ ਇਸ ਤੋਂ ਵੱਡੀ ਰੱਬੀ ਦਾਤ ਕੀ ਮਿਲ ਸਕਦੀ ਸੀ ਕਿ ਦੇਸ਼ ਦਾ ਕੋਈ ਮੁਖੀਆ ’ਮਸੀਹਾ’ ਬਣਕੇ ਸਿੱਖ ਜਗਤ ਦੀ ਇਸ ਸੱਧਰ ਦੀ ਪੂਰਤੀ ਲਈ ਸਿਆਸੀ, ਪ੍ਰਸ਼ਾਸਨਿਕ ਅਤੇ ਕੂਟਨੀਤਕ ਦਲੇਰੀ ਦਾ ਮੁਜ਼ਾਹਰਾ ਕਰੇ।’’ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਸਾਹਿਬਾਨ ਦਾ ਹਮੇਸ਼ਾਂ ਦਿਲੋਂ ਸਤਿਕਾਰ ਕੀਤਾ। ਜਿਸ ਲਾਲ ਕਿਲ੍ਹੇ ਤੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਲਈ ਸ਼ਹੀਦੀ ਦਾ ਫ਼ਰਮਾਨ ਜਾਰੀ ਹੋਇਆ, ਭਾਜਪਾ ਸਰਕਾਰ ਵੱਲੋਂ ਉਸੇ ਲਾਲ ਕਿਲ੍ਹੇ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਹਰ ਸਾਲ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ। ਇਥੇ ਹੀ ਗਲ ਨਹੀਂ ਮੁੱਕ ਦੀ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਦਿਆਂ ਪਾਰਲੀਮੈਂਟ ’ਚ ਜੂਨ ’84 ’ਚ ਸ੍ਰੀ ਦਰਬਾਰ ਸਾਹਿਬ ’ਤੇ ਕਾਂਗਰਸ ਵੱਲੋਂ ਕਰਾਏ ਗਏ ਹਮਲੇ ਨੂੰ ’ਹਮਲਾ’ ਕਰਾਰ ਦਿੱਤਾ। ਨਵੰਬਰ  ’84ਦੇ ਸਿੱਖ ਕਤਲੇਆਮ ਨੂੰ ’ਭਿਆਨਕ ਨਰਸੰਹਾਰ’ ਕਰਾਰ ਦਿੱਤਾ। ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ। ਕਤਲੇਆਮ ਪੀੜਤਾਂ ਨੂੰ ਮਾਲੀ ਮਦਦ ਦਿੱਤੀ।  ਜੋਧਪੁਰ ਨਜ਼ਰਬੰਦਾਂ ਨੂੰ ਮੁਆਵਜ਼ਾ ਦੇਣ ਦੀ ਪਹਿਲਕਦਮੀ ਕੀਤੀ। ਕਾਂਗਰਸ ਸਰਕਾਰ ਵੱਲੋਂ ਜਾਰੀ ਕਾਲੀ ਸੂਚੀ ਦਾ ਖ਼ਾਤਮਾ ਕੀਤਾ।  ਅਫ਼ਗ਼ਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਤੇ ਅਨੇਕਾਂ ਸਿੱਖਾਂ ਨੂੰ ਸੁਰੱਖਿਅਤ ਲਿਆਂਦੇ ਗਏ। ਸਿੱਖ ਸ਼ਰਨਾਰਥੀਆਂ ਲਈ ਨਾਗਰਿਕਤਾ ਸੋਧ ਕਾਨੂੰਨ ਦਾ ਲਾਭ ਦਿੱਤਾ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਅੱਗੇ ਕਿਹਾ ਕਿ ਅਕਾਲੀ ਦਲ ਦਾ ਜੋ ਹੁਣ ਹਸ਼ਰ ਹੋ ਰਿਹਾ ਹੈ ਉਹ ਸਿੱਖ ਪੰਥ ਨੂੰ ਪਿੱਠ ਦਿਖਾਉਣ ਅਤੇ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਦਾ ਨਤੀਜਾ ਹੈ। ਸਿੱਖ ਸੰਗਤ ਵੱਲੋਂ ਬਾਦਲ ਕੇ ਅਕਾਲੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ’’ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਮਿਲਿਆ’’ ਕਹਿਣਾ ਵੀ ਕੋਰਾ ਝੂਠ ਹੈ।
ਪ੍ਰੋ. ਸਰਚਾਂਦ ਸਿੰਘ ਨੇ ਸਿੱਖ ਸੰਗਤਾਂ ਨੂੰ ਸੁਖਬੀਰ ਬਾਦਲ ਵੱਲੋਂ ਦਿੱਲੀ, ਪਟਨਾ, ਹਜ਼ੂਰ ਸਾਹਿਬ ਅਤੇ ਹਰਿਆਣਾ ਗੁਰਦੁਆਰਾ ਕਮੇਟੀਆਂ ਬਾਰੇ ਕੀਤੀ ਜਾ ਰਹੀ ਗ਼ਲਤ ਬਿਆਨੀ ਬਾਰੇ ਸੁਚੇਤ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੀ ਜਥੇਦਾਰੀ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕਹਿਣਾ ਬਿਲਕੁਲ ਦਰੁਸਤ ਸੀ ਕਿ  ਅਕਾਲੀ  ਦਲ ਜੋ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਾਰਟੀ ਸੀ, ਹੁਣ ਸਰਮਾਏਦਾਰਾਂ ਦੇ ਹੱਥਾਂ ’ਚ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਧਾਮਾਂ ਦੀ ਅਜ਼ਾਦੀ ਅਤੇ ਸੇਵਾ ਸੰਭਾਲ ਦੀ ਲਹਿਰ ਵਿਚੋਂ ਹੋਂਦ ’ਚ ਆਇਆ ਅਕਾਲੀ ਦਲ ਕੌਮੀ ਪਰਵਾਨਿਆਂ ਦੀ ਪਾਰਟੀ ਸੀ, ਜਿਸ ਦੇ ਚੋਣ ਨਿਸ਼ਾਨ ’ਤੱਕੜੀ’ ਦਾ ਮਤਲਬ ’ਪੰਥ’ ਹੋਇਆ ਕਰਦਾ ਸੀ। ਲੀਡਰਾਂ ਦੀ ਜੀਵਨ ਸ਼ੈਲੀ ਦੂਜਿਆਂ ਲਈ ਪ੍ਰੇਰਨਾ ਸਰੋਤ ਹੋਇਆ ਕਰਦਾ ਸੀ, ਪਾਰਟੀ ਦੀ ਕਮਾਨ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਦੇ ਹੱਥ ਆਈ ਹੈ, ਪਾਰਟੀ ਨੂੰ ਬਹੁਤ ਤੇਜ਼ੀ ਨਾਲ ਖੋਰਾ ਲੱਗਾ ਤੇ ਪਤਨ ਵਲ ਵਧਿਆ ਹੈ। ਅਕਾਲੀ ਦਲ ਦੇ ਅਪਰਾਧੀਕਰਨ ਤੇ ਇਸ ਉਪਰ ਹੁੱਲੜਬਾਜ਼ ਅਨਸਰਾਂ ਦੇ ਭਾਰੂ ਹੋਣ ਦਾ ਅਮਲ ਸ਼ੁਰੂ ਹੋਇਆ। ਅੱਜ ਦੀ ਲੀਡਰਸ਼ਿਪ ’ਚ ਵਪਾਰਕ ਬਿਰਤੀ ਤੋਂ ਇਲਾਵਾ ਕਈਆਂ ਦਾ ਨਸ਼ਿਆਂ ਦੇ ਧੰਦਿਆਂ ’ਚ ਜ਼ਮਾਨਤਾਂ ’ਤੇ ਹੋਣਾ ਪਾਰਟੀ ਅਤੇ ਨੈਤਿਕ ਪਤਨ ਦਾ ਕਾਰਨ ਬਣਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ਉੱਤੇ ਚੋਣਾਂ ਜਿੱਤਣਾ ਸੁਖਬੀਰ ਦਾ ਇਕਲੌਤਾ ਮਕਸਦ ਸੀ ਅਤੇ ਉਸ ਨੇ ਆਪਣੇ ਇਸ ਕਾਰਜ ਨੂੰ ਐਨੀ ਸੰਜੀਦਗੀ ਨਾਲ ਲਿਆ ਕਿ ਨਾਸਤਿਕਾਂ, ਕਾਨੂੰਨ ਨੂੰ ਟਿੱਚ ਜਾਣਨ ਵਾਲਿਆਂ, ਨਸ਼ੇੜੀਆਂ ਅਤੇ ਇੱਥੋਂ ਤਕ ਕਿ ਮੁਜਰਮਾਂ ਲਈ ਵੀ ਪਾਰਟੀ ਦੇ ਦਰ ਖੋਲ੍ਹ ਦਿੱਤੇ। ਅਕਾਲੀ ਦਲ ਵਿਚ ਜਿੱਥੇ ਵਿਚਾਰਧਾਰਾ ਦੀ ਪ੍ਰਾਥਮਿਕਤਾ ਸੀ ਪਰਿਵਾਰਵਾਦ ਦੇ ਭਾਰੂ ਹੋਣ ਨਾਲ ਮਲਾਈ ਖਾਣ ਵਾਲੇ, ਅਹੁਦਿਆਂ ਦੇ ਲਾਲਚੀ ਤੇ ਚਾਪਲੂਸਾਂ ਦੇ ਟੋਲਿਆਂ ਨੇ ਆਪਣੀ ਜਗਾ ਬਣਾ ਲਈ।  ਚੋਣਾਂ ਵੇਲੇ ਟਿਕਟ ਦੇਣ ਦਾ ਮਾਪਦੰਡ ਲੋਕਾਂ ਲਈ ਜੇਲ੍ਹ ਕੱਟਣਾ ਜਾਂ ਕੁਰਬਾਨੀ ਹੁੰਦਾ ਸੀ। ਹੁਣ ਮਹਿੰਗੇ ਚਿੱਟੇ ਕੁੜਤੇ ਪਜਾਮੇ, ਬੂਟ, ਲੈਂਡ ਕਰੂਜ਼ਰ ਤੇ ਫਾਰਚੂਨਰ ਗੱਡੀਆਂ ਨਾਲ ਲੈਸ ਅਕਾਲੀ ਕਾਕਿਆਂ ਨੂੰ ਅਹਿਮੀਅਤ ਮਿਲਣਾ ਪਿਛਲੇ ਦੋ ਦਹਾਕਿਆਂ ਤੋਂ ਅਕਾਲੀ ਸਿਆਸਤ ਵਿਚ ਆਈਆਂ ਵੱਡੀਆਂ ਤਬਦੀਲੀਆਂ ਦਾ ਸਬੂਤ ਹੈ। ਇਸ ਸਭ ਲਈ ਸੁਖਬੀਰ ਬਾਦਲ ਜ਼ਿੰਮੇਵਾਰ ਹੈ।

Leave a Reply

Your email address will not be published.


*


%d