ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਮਨਾਈ ਸੰਘਰਸ਼ੀ  ਲੋਹੜੀ

ਸੰਗਰੂਰ:::::::::::::::::::::::ਸਥਾਨਕ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕੋਠੀ ਅੱਗੇ ਪੰਜਾਬ ਸਰਕਾਰ ਦੇ ਲਾਰਿਆਂ ਨੂੰ ਅੱਗ ਲਾ ਕੇ ਸੰਘਰਸ਼ੀ ਲੋਹੜੀ ਮਨਾਈ। ਇਸ ਮੌਕੇ ਬੇਰੁਜ਼ਗਾਰ ਉਹਨਾਂ ਸਾਰੇ ਲਾਰਿਆਂ ਵਾਅਦੇ ਦੇ ਚਾਰਟ ਹੱਥਾਂ ਵਿੱਚ ਲੈ ਕੇ ਪਹੁੰਚੇ ਸਨ ਜੋ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਪੰਜਾਬ ਦੇ ਲੋਕਾਂ ਨਾਲ ਕਰਕੇ ਮੁੱਕਰੇ ਹਨ।ਬੇਰੁਜ਼ਗਾਰ ਸਾਂਝਾ ਮੋਰਚਾ, ਪੰਜਾਬ ਦੇ ਅੰਤਰਗਤ ਬੀ. ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਬੇਰੁਜ਼ਗਾਰ ਓਵਰਏਜ ਅਧਿਆਪਕ ਯੂਨੀਅਨ, ਬੀ. ਐੱਡ. ਮੈਥ-ਸਾਇੰਸ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਬੇਰੁਜ਼ਗਾਰ ਲੈਕਚਰਾਰ ਯੂਨੀਅਨ ਅਤੇ ਆਰਟ ਐਂਡ ਕਰਾਫਟ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂਆਂ ਅਤੇ ਕਾਰਕੁਨਾਂ ਨੇ  ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮੋਰਚੇ ਦੇ ਆਗੂਆਂ ਸੁਖਪਾਲ ਖਾਨ ਜਿਲ੍ਹਾ ਪ੍ਰਧਾਨ ਸੰਗਰੂਰ, ਸਿੰਮੀ ਮੈਡਮ ਪਟਿਆਲਾ, ਰਣਵੀਰ ਨਦਾਮਪੁਰ ਅਤੇ ਜਗਤਾਰ ਸਿੰਘ ਜਿਲ੍ਹਾ ਪ੍ਰਧਾਨ ਮਲੇਰਕੋਟਲਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਵੀ ਨਖਿੱਧ ਹੋ ਨਿਬੜੀ ਹੈ ਪਿਛਲੇ ਦੋ ਸਾਲਾਂ ਤੋਂ ਇੱਕ ਵੀ ਨਵੀਂ ਭਰਤੀ ਦਾ ਇਸ਼ਤਿਹਾਰ ਨਹੀਂ ਦਿੱਤਾ ਗਿਆ ਸਗੋਂ ਪਿੱਛਲੀ ਸਰਕਾਰ ਦੁਆਰਾ ਕੱਢੀਆਂ ਗਈਆਂ ਭਰਤੀਆਂ ਨੂੰ ਵੀ 2 ਸਾਲ ਤੱਕ ਲਟਕਾ-ਲਟਕਾ ਕੇ ਪੂਰਾ ਨਹੀਂ ਕੀਤਾ ਜਿਸ ਵਿੱਚੋਂ ਹਾਲੇ ਤੱਕ 250 ਆਰਟ ਐਂਡ ਕਰਾਫਟ ਭਰਤੀ ਦਾ ਪੇਪਰ ਤੱਕ ਨਹੀਂ ਲਿਆ ਗਿਆ ਅਤੇ 343 ਲੈਕਚਰਾਰ ਭਰਤੀ ਨੂੰ ਵੀ ਪੰਜਾਬ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਮਾਸਟਰ ਕਾਡਰ ਦੇ ਵੱਖ-ਵੱਖ ਥੋੜੀਆਂ ਜਿਹੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਜੋ ਕਿ ਪੰਜਾਹ ਹਜ਼ਾਰ ਉਮੀਦਵਾਰਾਂ ਲਈ ਊਠ ਦੇ ਮੂੰਹ ਵਿੱਚ ਜ਼ੀਰਾ ਦੇਣ ਵਾਲੀ ਗੱਲ ਸੀ। ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ 40 ਹਜ਼ਾਰ ਨੌਕਰੀਆਂ ਦੇਣ ਦਾ ਦਾਅਵਾ ਕਰਦੇ ਹਨ ਦੂਜੇ ਪਾਸੇ ਲੰਬੇ ਸਮੇਂ ਤੋਂ ਪੰਜਾਬੀ, ਹਿੰਦੀ, ਸਮਾਜਿਕ ਸਿੱਖਿਆ, ਅੰਗਰੇਜ਼ੀ, ਮੈਥ ਸਾਇੰਸ ਵਿਸ਼ਿਆਂ ਦੀ ਵੱਡੀ ਗਿਣਤੀ ਵਿੱਚ ਪੋਸਟਾਂ ਦੀ ਮੰਗ ਪੂਰੀ ਨਹੀਂ ਕੀਤੀ ਗਈ। ਮੁੱਖ ਮੰਤਰੀ ਚੋਣਾਂ ਸਮੇਂ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕਰਨ ਦੇ ਐਲਾਨ ਕਰਦੇ ਨਜ਼ਰ ਆਉਂਦੇ ਹਨ ਪ੍ਰੰਤੂ ਇਸ ਸਬੰਧੀ ਵੀ ਹਾਲੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਗਿਆ। ਮਾਸਟਰ ਕੇਡਰ ਤੇ ਲਗਾਈ ਗਈ 55% ਦੀ ਬੇਤੁਕੀ ਸ਼ਰਤ ਰੱਦ ਕਰਕੇ ਵੱਡੀ ਗਿਣਤੀ ਵਿੱਚ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਉਡੀਕਦੇ 31 ਦਸੰਬਰ ਨੂੰ ਹਜ਼ਾਰਾਂ ਨੌਜਵਾਨ ਓਵਰਏਜ ਹੋ ਗਏ ਹਨ। ਮਲਟੀਪਰਪਜ਼ ਹੈਲਥ ਵਰਕਰ ਦੀਆਂ ਦੋ-ਢਾਈ ਸੌ ਪੋਸਟਾਂ ਮੰਜ਼ੂਰ ਹੋਣ ਦੀਆਂ ਕੰਨਸੋਹਾਂ ਹਨ ਪਰੰਤੂ ਹਾਲੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀਆਂ ਹੱਕੀ ਮੰਗਾਂ ਮਾਸਟਰ ਕਾਡਰ ਦੇ ਪ੍ਰਤੀ ਵਿਸ਼ੇ ਅਨੁਸਾਰ ਘੱਟੋ ਘੱਟ ਤਿੰਨ ਹਜ਼ਾਰ ਪੋਸਟਾਂ ਸਾਰੇ ਵਿਸ਼ਿਆਂ ਹਿੰਦੀ, ਪੰਜਾਬੀ, ਇੰਗਲਿਸ਼, ਮੈਥ ਸਾਇੰਸ, ਉਰਦੂ, ਸੰਸਕ੍ਰਿਤ ਦੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਨ, ਆਉਣ ਵਾਲੀਆਂ ਸਾਰੀਆਂ ਨਵੀਆਂ ਭਰਤੀਆਂ ਤੋਂ 55% ਦੀ ਬੇਤੁਕੀ ਸ਼ਰਤ ਨੂੰ ਸਦਾ ਲਈ ਰੱਦ ਕਰਨਾ, ਮਲਟੀਪਰਪਜ ਹੈਲਥ ਵਰਕਰਾਂ ਦਾ ਉਮਰ ਹੱਦ ਵਿੱਚ ਛੋਟ ਦੇ ਕੇ ਇਸ਼ਤਿਹਾਰ ਦੇਂਣਾ, ਮਾਸਟਰ ਕਾਡਰ ਅਤੇ ਈਟੀ ਟੀ ਦੀਆਂ ਨਵੀਂਆਂ ਭਰਤੀਆਂ ਉਮਰ ਹੱਦ ਵਿੱਚ ਛੋਟ ਦੇਣੀ, ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਵੱਡੀ ਗਿਣਤੀ ਵਿੱਚ ਭਰਤੀ ਕਰਨ, 250 ਆਰਟ ਐਂਡ ਕਰਾਫਟ ਟੀਚਰਾਂ ਦੀ ਭਰਤੀ ਮੁਕੰਮਲ ਕਰਨ ਅਤੇ ਪ੍ਰਾਇਮਰੀ ਕੇਡਰ ਵਿੱਚ ਉਮਰ ਹੱਦ ਵਿੱਚ ਛੋਟ ਦੇ ਕੇ 2000 ਭਰਤੀ ਕਰਨ ਆਦਿ ਮੰਗਾਂ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸਦੇ ਤਹਿਤ 26 ਜਨਵਰੀ ਮੌਕੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਪ੍ਰੋਗਰਾਮਾਂ ਦੌਰਾਨ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Leave a Reply

Your email address will not be published.


*


%d