ਬੀਕੇਯੂ ਡਕੌਂਦਾ ਬਲਾਕ ਜਗਰਾਓਂ ਵੱਲੋਂ ਵੱਡੇ ਕਾਫ਼ਲਿਆਂ ਸਮੇਤ 26 ਜਨਵਰੀ ਨੂੰ ਟਰੈਕਟਰ ਮਾਰਚ ‘ਚ ਸ਼ਾਮਲ ਹੋਣ ਦਾ ਐਲਾਨ

: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ ਦੀ ਮੀਟਿੰਗ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਬਲਾਕ ਪ੍ਰੈੱਸ ਸਕੱਤਰ ਤੇਜ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜਨਵਰੀ ਨੂੰ ਪੂਰੇ ਭਾਰਤ ਸਮੇਤ ਪੰਜਾਬ ਚ ਕਿਸਾਨੀ ਮੰਗਾਂ ਤੇ ਜੋਰ ਦੇਣ ਲਈ ਵੱਖ ਵੱਖ ਥਾਵਾਂ ਤੇ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ। ਲੁਧਿਆਣਾ ਜਿਲੇ ਦੀ ਸਾਂਝੀ ਮੀਟਿੰਗ ਵਿੱਚ ਹੋਏ ਫੈਸਲੇ ਮੁਤਾਬਿਕ 26 ਜਨਵਰੀ ਨੂੰ ਜਿਲੇ ਭਰ ਦੀਆਂ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਸਵੇਰੇ 11 ਵਜੇ ਮੁਲਾਂਪੁਰ ਜੀ ਟੀ ਰੋਡ ਤੇ ਹਵੇਲੀ ਹੋਟਲ ਕੋਲ ਇਕੱਤਰ ਹੋ ਕੇ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਤੇ ਮਾਰਚ ਕਰਨਗੀਆਂ। ਉਨਾਂ ਦੱਸਿਆ ਕਿ ਕਿਸਾਨ ਅੰਦੋਲਨ ਦੋਰਾਨ ਇਸੇ ਦਿਨ ਦਿੱਲੀ ਵਿਚ ਹਜਾਰਾਂ ਟਰੈਕਟਰ  ਨੇ ਮਾਰਚ ਕਰਕੇ ਮੋਦੀ ਹਕੂਮਤ ਨੂੰ ਖੇਤੀ ਦੇ ਕਿਸਾਨ ਵਿਰੋਧੀ ਕਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਸੀ। ਦੋ ਸਾਲ ਬਾਅਦ ਕੇਂਦਰੀ ਹਕੂਮਤ ਤੇ ਕਾਬਜ ਭਾਜਪਾ ਦੀ ਫਾਸ਼ੀਵਾਦੀ ਸਰਕਾਰ ਤੋਂ ਲਟਕ ਰਹੀਆਂ ਮੰਗਾਂ ਦੀ ਪ੍ਰਾਪਤੀ ਲਈ ਇਹ ਮਾਰਚ ਕੱਢ ਕੇ ਅਗਲੇ ਆਰਪਾਰ ਦੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਮੀਟਿੰਗ ਵਿੱਚ ਬੋਲਦਿਆਂ ਨਿਰਮਲ ਸਿੰਘ ਭੰਮੀਪੁਰਾ, ਬਹਾਦਰ ਸਿੰਘ ਲੱਖਾ, ਕਮਲਜੀਤ ਸਿੰਘ ਹਠੂਰ, ਕੁਲਦੀਪ ਸਿੰਘ ਕਾਉਂਕੇ, ਕਮਲਜੀਤ ਸਿੰਘ, ਕੁਲਵਿੰਦਰ ਸਿੰਘ ਕਾਲਾ ਡੱਲਾ, ਬਹਾਦਰ ਸਿੰਘ ਨਵਾਂ ਡੱਲਾ, ਅਮਰਜੀਤ ਸਿੰਘ ਬੁਰਜਕਲਾਰਾ, ਜਸਪਾਲ ਸਿੰਘ ਕਾਉਂਕੇ, ਬਲਵਿੰਦਰ ਸਿੰਘ ਲੰਮਾ, ਪਰਮਜੀਤ ਸਿੰਘ ਲੰਮੇ, ਚਮਕੋਰ ਸਿੰਘ ਚਚਰਾੜੀ ਆਦਿ ਆਗੂਆਂ ਨੇ ਕਿਹਾ ਕਿ ਤੇਈ ਫਸਲਾਂ ਤੇ ਪੂਰੇ ਦੇਸ਼ ਚ ਐਮ ਐਸ ਪੀ ਹਾਸਲ ਕਰਨ, ਕਿਸਾਨ ਤੇ ਲੋਕ ਪੱਖੀ ਨਵੀਂ ਖੇਤੀ ਨੀਤੀ ਲਿਆਉਣ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਇੰਨਬਿੰਨ  ਲਾਗੂ ਕਰਵਾਉਣ, ਹਰ ਤਰਾਂ ਦੇ ਕਿਸਾਨੀ ਕਰਜਿਆਂ ਤੇ ਲੀਕ ਮਰਵਾਉਣ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ,  ਸੱਠ ਸਾਲ ਤੋਂ ਉਪਰ ਕਿਸਾਨਾਂ ਲਈ ਘੱਟੋਘੱਟ ਦਸ ਹਜਾਰ ਰੁਪਏ ਮਾਸਕ ਪੈਨਸ਼ਨ ਲਾਗੂ ਕਰਵਾਉਣ, ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਲਈ ਮੁਆਵਜਾ ਅਤੇ ਸਰਕਾਰੀ ਨੋਕਰੀ ਦਿਵਾਉਣ, ਭਾਰਤ ਸਰਕਾਰ ਨੂੰ ਸੰਸਾਰ ਵਪਾਰ ਸੰਸਥਾਂ ਚੋਂ ਬਾਹਰ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਕ ਮਤੇ ਰਾਹੀਂ ਮੀਟਿੰਗ ਨੇ ਸਬਸਿਡੀਆਂ ਖਤਮ ਕਰਨ ਖਿਲਾਫ ਜਰਮਨ ਦੇ ਕਿਸਾਨਾਂ ਵਲੋਂ ਕੀਤੇ ਮਿਸਾਲੀ ਟਰੈਕਟਰ ਮਾਰਚ ਅਤੇ ਸਮੁੱਚੇ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕੀਤਾ। ਇਸ ਸਮੇਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਜਿਲਾ ਵਿੱਤ ਸਕੱਤਰ ਤਾਰਾ ਸਿੰਘ ਅੱਚਰਵਾਲ ਅਤੇ ਵੱਖ ਵੱਖ ਇਕਾਈਆਂ ਦੇ ਆਗੂ ਹਾਜਰ ਸਨ।

Leave a Reply

Your email address will not be published.


*


%d