ਬੀਕੇਯੂ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਡੀ ਸੀ ਦਫ਼ਤਰਾਂ ਅੱਗੇ ਪੰਜ ਰੋਜ਼ਾ ਪੱਕੇ ਮੋਰਚੇ ਸ਼ੁਰੂ 

ਚੰਡੀਗੜ੍ਹ,:::::::::::::::::::::::::: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਖਦੇ ਕਿਸਾਨੀ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਡਟਵੇਂ ਸੰਘਰਸ਼ ਦੇ ਪਹਿਲੇ ਪੜਾਅ ‘ਤੇ ਦਿਨ ਰਾਤ ਦੇ ਜ਼ਿਲ੍ਹਾ ਪੱਧਰੇ ਪੰਜ ਰੋਜ਼ਾ ਪੱਕੇ ਮੋਰਚੇ ਅੱਜ ਤੋਂ ਸ਼ੁਰੂ ਕਰ ਦਿੱਤੇ ਗਏ ਹਨ । ਪ੍ਰੈੱਸ ਦੇ ਨਾਂ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸਖ਼ਤ ਠੰਢ ਦੇ ਬਾਵਜੂਦ ਪਹਿਲੇ ਦਿਨ 16 ਜ਼ਿਲ੍ਹਿਆਂ ਵਿੱਚ ਕਈ ਸੈਂਕੜੇ ਔਰਤਾਂ ਅਤੇ ਭਾਰੀ ਗਿਣਤੀ ਨੌਜਵਾਨਾਂ ਸਮੇਤ ਕੁੱਲ ਮਿਲਾ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਇਸ ਮੋਰਚੇ ਵਿੱਚ ਸ਼ਾਮਲ ਹੋਏ। ਥਾਂ ਥਾਂ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਇੱਕਸੁਰ ਹੋ ਕੇ ਕਿਹਾ ਕਿ ਕਿਸਾਨਾਂ ਦੀ ਪਿੱਠ ‘ਚ ਛੁਰਾ ਮਾਰਨ ਦੇ ਤੁਲ ਆਪ ਦੀ ਮਾਨ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਪੱਖੀ ਖੇਤੀ ਨੀਤੀ ਬਣਾਉਣ ਪ੍ਰਤੀ ਕੀਤੀ ਵਾਅਦਾਖਿਲਾਫੀ ਅਤੇ ਭਖਦੇ ਕਿਸਾਨੀ ਮਸਲਿਆਂ ਪ੍ਰਤੀ ਧਾਰੀ ਹੋਈ ਮੁਜਰਮਾਨਾ ਚੁੱਪ ਹੀ ਇਹਦੇ ਵਿਰੁੱਧ ਪੱਕਾ ਮੋਰਚਾ ਲਾਉਣ ਦਾ ਆਧਾਰ ਬਣੀ ਹੈ। ਮੋਰਚੇ ਦੇ ਮੁੱਦਿਆਂ ਬਾਰੇ ਉਨ੍ਹਾਂ ਦੱਸਿਆ ਕਿ ਕਿਸਾਨ ਮਜ਼ਦੂਰ ਪੱਖੀ ਖੇਤੀ ਨੀਤੀ ਤੁਰੰਤ ਜਾਰੀ ਕਰਵਾਉਣ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਲਈ ਮਜਬੂਰ ਕਰ ਰਹੇ ਸਮੁੱਚੇ ਕਰਜ਼ਿਆਂ ਦਾ ਖਾਤਮਾ; ਕਰਜਾਗ੍ਰਸਤ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਤੇ 1-1 ਪੱਕੀ ਨੌਕਰੀ ਅਤੇ ਮੁਕੰਮਲ ਕਰਜ਼ਾ ਮੁਕਤੀ ਦੀ ਰਾਹਤ ਤੁਰੰਤ ਦੇਣ; ਪੰਜਾਬ ਦੀ ਜਵਾਨੀ ਨੂੰ ਮੌਤ ਦੇ ਮੂੰਹ ਧੱਕ ਰਹੇ ਤੇ ਗੁੰਡਾਗਰਦੀ ਨੂੰ ਸਿਖਰੀਂ ਪਹੁੰਚਾ ਰਹੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਦੇ ਖਾਤਮੇ ਲਈ ਉਤਪਾਦਕ ਫੈਕਟਰੀਆਂ ਦੇ ਮਾਲਕਾਂ/ਥੋਕ ਵਪਾਰੀਆਂ/ਸਮਗਲਰਾਂ ਤੇ ਉਨ੍ਹਾਂ ਦੇ ਸਰਪ੍ਰਸਤ ਸਿਆਸਤਦਾਨਾਂ ਤੇ ਪੁਲਿਸ/ਸਿਵਲ ਅਫ਼ਸਰਸ਼ਾਹੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ; ਹੜ੍ਹਾਂ, ਫਸਲੀ ਰੋਗਾਂ, ਨਕਲੀ ਬੀਜਾਂ ਦਵਾਈਆਂ ਆਦਿ ਨਾਲ ਹੋਈ ਫ਼ਸਲੀ ਤਬਾਹੀ ਦੀ ਪੂਰੀ ਭਰਪਾਈ ਵਾਲਾ ਮੁਆਵਜ਼ਾ ਏਕੜ ਨੂੰ ਆਧਾਰ ਮੰਨ ਕੇ ਕਾਸ਼ਤਕਾਰਾਂ ਨੂੰ ਤੁਰੰਤ ਦੇਣ; ਕਾਸ਼ਤਕਾਰਾਂ ਦੀ ਜ਼ਮੀਨੀ ਤੋਟ ਪੂਰੀ ਕਰਨ ਤੇ ਆਬਾਦਕਾਰ ਕਿਸਾਨਾਂ ਮਜ਼ਦੂਰਾਂ ਨੂੰ ਕਾਬਜ਼ ਜ਼ਮੀਨਾਂ ਦੇ ਮਾਲਕੀ ਹੱਕ ਤੁਰੰਤ ਦੇਣ; ਹਰ ਬਾਲਗ ਪੰਜਾਬੀ ਨੂੰ ਪੱਕਾ ਰੁਜ਼ਗਾਰ ਦੇਣ; 60 ਸਾਲ ਤੋਂ ਵੱਧ ਉਮਰ ਦੇ ਹਰ ਕਿਸਾਨ ਮਜ਼ਦੂਰ ਮਰਦ ਔਰਤ ਨੂੰ 10000 ਰੁਪਏ ਮਹੀਨਾ ਪੈਨਸ਼ਨ ਦੇਣ; ਅਵਾਰਾ ਪਸ਼ੂਆਂ ਤੇ ਕੁੱਤਿਆਂ ਸਮੇਤ ਸੂਰਾਂ ਦਾ ਸਥਾਈ ਹੱਲ ਕਰਨ; ਸਰਕਾਰੀ ਪ੍ਰਬੰਧਾਂ ਦੀ ਘਾਟ ਕਾਰਨ ਪਰਾਲ਼ੀ ਸਾੜਨ ਲਈ ਮਜਬੂਰ ਕਿਸਾਨਾਂ ਉੱਤੇ ਮੜ੍ਹੇ ਗਏ ਜੁਰਮਾਨੇ, ਪੁਲਿਸ ਕੇਸ ਤੇ ਲਾਲ ਐਂਟਰੀਆਂ ਰੱਦ ਕਰਨ; ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਅਤੇ ਫਾਲਤੂ ਦਰਿਆਈ ਪਾਣੀ ਸਮੇਤ ਹੜ੍ਹਾਂ ਦਾ ਪਾਣੀ ਧਰਤੀ ਵਿੱਚ ਮੁੜ-ਭਰਾਈ ਕਰਨ; ਗੰਨਾ ਉਤਪਾਦਕਾਂ ਦੇ ਮਿੱਲਾਂ ਵੱਲ ਖੜ੍ਹੇ ਕ੍ਰੋੜਾਂ ਰੁਪਏ ਦੇ ਬਕਾਏ ਤੁਰੰਤ ਅਦਾ ਕਰਨ ਅਤੇ ਗੰਨੇ ਦਾ ਰੇਟ 450 ਰੁਪਏ ਪ੍ਰਤੀ ਕੁਇੰਟਲ ਕਰਨ; ਹਰ ਕਿਸਮ ਦੀ ਫਸਲੀ ਤਬਾਹੀ ਦੀ ਪੂਰੀ ਭਰਪਾਈ ਵਾਲ਼ਾ ਫ਼ਸਲੀ ਬੀਮਾ ਸਰਕਾਰੀ ਖਰਚੇ ‘ਤੇ ਕਰਨ; ਖੇਤੀ ਮੋਟਰਾਂ ਅਤੇ ਘਰੇਲੂ ਬਿਜਲੀ ਸਮਾਰਟ ਮੀਟਰ ਲਾਉਣੇ ਬੰਦ ਕਰਨ ਵਰਗੇ ਹੋਰ ਕਈ ਮੁੱਦੇ ਇਸ ਸੰਘਰਸ਼ ਦਾ ਅਹਿਮ ਹਿੱਸਾ ਹਨ।
ਅੱਜ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ ਕਮਲਜੀਤ ਕੌਰ ਬਰਨਾਲਾ, ਕੁਲਦੀਪ ਕੌਰ ਕੁੱਸਾ ਅਤੇ ਜ਼ਿਲ੍ਹਾ/ਬਲਾਕ ਪੱਧਰੇ ਸਥਾਨਕ ਆਗੂ ਸ਼ਾਮਲ ਸਨ। ਫ਼ਸਲੀ ਤਬਾਹੀਆਂ ਦੇ ਮੁਆਵਜ਼ੇ ਤੇ ਸ਼ਹੀਦ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ ਨੌਕਰੀਆਂ ਲੈਣ ਲਈ ਅਤੇ ਜ਼ਮੀਨਾਂ ਤੇ ਘਰ ਜ਼ਬਰਦਸਤੀ ਅਕਵਾਇਰ/ਨਿਲਾਮ ਕਰਨ ਵਿਰੁੱਧ ਮਹੀਨਿਆਂ ਬੱਧੀ ਚੱਲ ਰਹੇ ਪੱਕੇ ਮੋਰਚਿਆਂ ਨੂੰ ਨਜ਼ਰਅੰਦਾਜ਼ ਕਰਨਾ ਮਾਨ ਸਰਕਾਰ ਦੇ ਕਿਸਾਨ ਮਜ਼ਦੂਰ ਵਿਰੋਧੀ ਕਿਰਦਾਰ ਉੱਤੇ ਮੋਹਰ ਲਾਉਂਦਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ 10 ਫ਼ਰਵਰੀ ਤੱਕ ਜ਼ਿਲ੍ਹਾ ਪੱਧਰੇ ਪੰਜ ਰੋਜ਼ਾ ਧਰਨਿਆਂ ਦੀ ਆਵਾਜ਼ ਨੂੰ ਵੀ ਮਾਨ ਸਰਕਾਰ ਵੱਲੋਂ ਅਣਸੁਣੀ ਕਰਨ ਦੀ ਸੂਰਤ ਵਿੱਚ ਮੋਰਚੇ ਦਾ ਅਗਲਾ ਪੜਾਅ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਹੋਵੇਗਾ, ਜਿਸਦਾ ਠੋਸ ਐਲਾਨ 10 ਫ਼ਰਵਰੀ ਨੂੰ ਕੀਤਾ ਜਾਵੇਗਾ।

Leave a Reply

Your email address will not be published.


*


%d