ਬਦਲੇ ਦੀ ਰਾਜਨੀਤੀ ਜਨਤਾ ਦੇ ਭਲੇ ਵਿੱਚ ਨਹੀਂ ਹੁੰਦੀ: ਕਾਮਰੇਡ ਸੇਖੋਂ

ਸੰਗਰੂਰ:::::::::::::::::::- ਲੋਕਾਂ ਨੂੰ ਸੁਖ ਸਹੂਲਤਾਂ ਚਾਹੀਦੀਆਂ ਨੇ, ਇਨਸਾਫ਼ ਚਾਹੀਦਾ ਹੈ, ਕਿਸੇ ਨੂੰ ਜੇਲ੍ਹ ’ਚ ਤੁੰਨ ਦੇਣ ਨਾਲ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਦੀ। ਪਰ ਸਰਕਾਰਾਂ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਦੂਹਰਾ ਕੰਮ ਕਰਦੀਆਂ ਹਨ। ਉਹ ਸਿਆਸੀ ਬਦਲਾ ਵੀ ਲੈਂਦੀਆਂ ਹਨ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰਨ ਲਈ ਗੁੰਮਰਾਹ ਵੀ ਕਰਦੀਆਂ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਬਦਲੇ ਦੀ ਰਾਜਨੀਤੀ ਜਨਤਾ ਦੇ ਭਲੇ ਵਿੱਚ ਨਹੀਂ ਹੁੰਦੀ।
ਇੱਥੇ ਇਹ ਵਰਨਣਯੋਗ ਹੈ ਕਿ ਸਿਆਸੀ ਵਿਰੋਧੀਆਂ ਤੇ ਮੁਕੱਦਮੇ ਦਰਜ ਕਰਨੇ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਣਾ ਕੋਈ ਨਵੀਂ ਪਿਰਤ ਨਹੀਂ ਹੈ, ਅਜਿਹਾ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਹੁੰਦਾ ਰਿਹਾ ਹੈ, ਕਾਂਗਰਸ ਸਰਕਾਰ ਵੇਲੇ ਵੀ ਅਤੇ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਹੋ ਰਿਹਾ ਹੈ। ਇਸਦੀ ਤਾਜ਼ਾ ਮਿਸਾਲ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਹੈ, ਜਿਸਨੂੰ ਇੱਕ ਮੁਕੱਦਮੇ ਵਿੱਚੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜਮਾਨਤ ਮਿਲ ਗਈ ਤਾਂ ਉਸਨੂੰ ਪੁਲਿਸ ਇੱਕ ਹੋਰ ਕੇਸ ਵਿੱਚ ਗਿਰਫਤਾਰ ਕਰਕੇ ਲੈ ਗਈ। ਜੇਕਰ ਉਸਤੇ ਪਹਿਲਾਂ ਕੋਈ ਦੋਸ਼ ਸਨ ਤਾਂ ਪੁਲਿਸ ਉਸਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਕਿਉਂ ਨਾ ਲੈ ਕੇ ਆਈ, ਜਮਾਨਤ ਹੋਣ ਤੇ ਹੀ ਗਿਰਫਤਾਰ ਕਿਉਂ ਕਰਨਾ ਪਿਆ? ਇਸਤੋਂ ਸਪਸ਼ਟ ਹੈ ਕਿ ਇਹ ਬਦਲੇ ਦੀ ਭਾਵਨਾ ਤਹਿਤ ਹੀ ਕੀਤਾ ਗਿਆ ਹੈ।
ਕਾ: ਸੇਖੋਂ ਨੇ ਕਿਹਾ ਕਿ ਇਸਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਮੁਕੱਦਮਿਆਂ ਵਿੱਚ ਉਲਝਾਈ ਰੱਖਿਆ ਸੀ। ਜਦ ਕਾਂਗਰਸ ਸਰਕਾਰ ਆਈ ਤਾਂ ਬਾਦਲ ਪਰਿਵਾਰ ਤੇ ਹੋਰ ਅਕਾਲੀ ਆਗੂਆਂ ਨਾਲ ਅਜਿਹਾ ਕੀਤਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਈ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਮੁਕੱਦਮੇ ਦਰਜ਼ ਕੀਤੇ ਤੇ ਜੇਲ੍ਹਾਂ ’ਚ ਸੁੱਟੇ, ਪਰ ਸਭ ਦੀਆਂ ਜਮਾਨਤਾਂ ਹੋ ਗਈਆਂ। ਇਸ ਸਮੁੱਚੀ ਪ੍ਰਕਿਰਿਆ ਤੋਂ ਇਹ ਹੀ ਸਪਸ਼ਟ ਹੁੰਦਾ ਹੈ ਕਿ ਅਜਿਹੇ ਮੁਕੱਦਮੇ ਬਦਲੇ ਦੀ ਭਾਵਨਾ ਨਾਲ ਹੀ ਬਣਾਏ ਜਾਂਦੇ ਹਨ, ਪੁਖਤਾ ਸਬੂਤ ਪੇਸ਼ ਨਾ ਕੀਤੇ ਜਾਣ ਸਦਕਾ ਉਹ ਜਲਦੀ ਬਾਹਰ ਆ ਜਾਂਦੇ ਹਨ।
ਸੂਬਾ ਸਕੱਤਰ ਨੇ ਕਿਹਾ ਕਿ ਬੇਅਦਬੀ ਵਰਗੀਆਂ ਅਤੀ ਸੰਵੇਦਨਸ਼ੀਲ ਘਟਨਾਵਾਂ ਸਬੰਧੀ ਸਰਕਾਰਾਂ ਠੋਸ ਕਾਰਵਾਈ ਨਹੀਂ ਕਰ ਸਕੀਆਂ, ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ’ਚ ਅਸਫਲ ਰਹੀਆਂ ਹਨ। ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ, ਦੂਜੇ ਪਾਸੇ ਸਿਆਸੀ ਵਿਰੋਧੀਆਂ ਤੇ ਮੁਕੱਦਮੇ ਦਰਜ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਰਕਾਰਾਂ ਰਾਜ, ਸਮਾਜ ਵਿਰੋਧੀਆਂ ਨੂੰ ਕਾਬੂ ਕਰ ਰਹੀਆਂ ਹਨ। ਇਸ ਤਰ੍ਹਾਂ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਆਪਣਾ ਸਤ੍ਹਾ ਭੋਗਣ ਦਾ ਸਮਾਂ ਲੰਘਾਇਆ ਜਾ ਰਿਹਾ ਹੈ। ਕਾ: ਸੇਖੋਂ ਨੇ ਕਿਹਾ ਕਿ ਦੋਸ਼ੀ ਵਿਅਕਤੀ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਉਸਨੂੰ ਬਿਲਕੁਲ ਬਖ਼ਸਿਆ ਨਹੀਂ ਜਾਣਾ ਚਾਹੀਦਾ। ਪਰ ਸਿਰਫ਼ ਬਦਲੇ ਦੀ ਭਾਵਨਾ ਨਾਲ ਵੀ ਵਿਰੋਧੀਆਂ ਨੂੰ ਦਬਾ ਦੇਣਾ ਚੰਗੀ ਸਿਆਸਤ ਨਹੀਂ

Leave a Reply

Your email address will not be published.


*


%d