ਫ਼ਲੀਸਤੀਨੀ ਲੋਕਾਂ ‘ਤੇ ਠੋਸੀ ਜੰਗ ਖਿਲਾਫ਼ ਪਹਿਲੀ ਜਨਵਰੀ ਨੂੰ ਸੂਬੇ ਭਰ ‘ਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ

ਚੰਡੀਗੜ੍ਹ/ਜਲੰਧਰ, -: ਪੰਜਾਬ ਦੀਆਂ ਸੱਤ ਖੱਬੀਆਂ, ਇਨਕਲਾਬੀ ਪਾਰਟੀਆਂ ਤੇ ਜਥੇਬੰਦੀਆਂ ਵਲੋਂ ਸੂਬੇ ਦੇ ਜੁਝਾਰੂ ਲੋਕਾਂ ਨੂੰ ਨਵੇਂ ਸਾਲ 2024 ਦੇ ਪਹਿਲੇ ਦਿਨ ਇਜ਼ਰਾਇਲ ਵਲੋਂ ਨਿਰਦੋਸ਼ ਫ਼ਲਸਤੀਨੀਆਂ ਦੀ ਕੀਤੀ ਜਾ ਰਹੀ ਵਹਿਸ਼ੀ ਕਤਲੋਗਾਰਤ ਖਿਲਾਫ ਜਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਵਿਸ਼ਾਲ ਮੁਜ਼ਾਹਰੇ ਕਰਕੇ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।
ਇਹ ਜਾਣਕਾਰੀ ਸੀਪੀਆਈ ਦੇ ਜਨਰਲ ਸਕੱਤਰ ਬੰਤ ਬਰਾੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ, ਸੀਪੀਆਈ (ਮ.ਲ.) ਨਿਊ ਡੈਮੋਕ੍ਰੇਸੀ ਦੇ ਆਗੂ ਕਾਮਰੇਡ ਅਜਮੇਰ ਸਿੰਘ, ਸੀਪੀਆਈ (ਮ.ਲ.) ਲਿਬਰੇਸ਼ਨ ਦੇ ਸਕੱਤਰ ਗੁਰਮੀਤ ਸਿੰਘ ਬਖਤਪੁਰ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਐਮ.ਸੀ.ਪੀ.ਆਈ.-ਯੂ ਦੇ ਸਕੱਤਰ ਕਿਰਨਜੀਤ ਸਿੰਘ ਸੇਖੋਂ, ਮੁਕਤੀ ਸੰਗਰਾਮ ਮਜ਼ਦੂਰ ਮੰਚ ਦੇ ਆਗੂ ਲਖਵਿੰਦਰ ਨੇ ਅੱਜ ਇੱਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਦਿੱਤੀ ਹੈ।
ਬਿਆਨ ਜਾਰੀ ਕਰਨ ਵਾਲੇ ਆਗੂਆਂ ਨੇ ਮੰਗ ਕੀਤੀ ਹੈ ਕਿ ਇਹ ਨਿਹੱਕੀ ਜੰਗ ਤੁਰੰਤ ਰੋਕੀ ਜਾਵੇ ਅਤੇ ਸੰਸਾਰ ਭਰ ਦੇ ਇਨਸਾਫ਼ ਪਸੰਦ ਲੋਕਾਂ ਦੇ ਜਬਰਦਸਤ ਵਿਰੋਧ ਨੂੰ ਅਣਡਿੱਠ ਕਰਕੇ ਯੂ.ਐਨ.ਓ. ਦੇ ਸ਼ਾਂਤੀ ਮਤਿਆਂ ਨੂੰ ਪੈਰਾਂ ਹੇਠ ਮਧੋਲ ਰਹੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਜਾਵੇ। ਉਨ੍ਹਾਂ ਲੋਕਾਈ ਨੂੰ ਇਜ਼ਰਾਇਲੀ ਵਸਤਾਂ ਦਾ ਬਾਈਕਾਟ ਕਰਨ ਦਾ ਵੀ ਸੱਦਾ ਦਿੱਤਾ ਹੈ।
ਆਗੂਆਂ ਨੇ ਅਮਰੀਕਾ ਨਾਲ ਇਲਹਾਕ ਦੇ ਚਲਦਿਆਂ ਇਜ਼ਰਾਈਲ ਦੇ ਹੱਕ ਚ ਖੜ੍ਹਣ ਵਾਲੀ ਮੋਦੀ ਦੀ ਫਾਸ਼ੀ ਹਕੂਮਤ ਦੀ ਜੋਰਦਾਰ ਨਿੰਦਾ ਕਰਦਿਆਂ ਸੰਸਾਰ ਭਰ ਦੇ ਇਨਸਾਫਪਸੰਦ ਲੋਕਾਂ ਨੂੰ ਜੰਗਬੰਦੀ ਅਤੇ ਫਲਸਤੀਨੀ ਲੋਕਾਂ ਦੇ ਹੱਕ ਚ ਹੋਰ ਤੇਜ਼ੀ ਨਾਲ ਆਵਾਜ਼ ਬੁਲੰਦ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ। ਆਗੂਆਂ ਨੇ ਇਜ਼ਰਾਈਲੀ ਵਿਰੋਧੀ ਹਰ ਆਵਾਜ਼ ਨੂੰ ਕੁਚਲਣ ਲਈ ਪਰਚੇ ਦਰਜ ਕਰਨ, ਸੋਸ਼ਲ ਮੀਡੀਆ ਤੋਂ ਜੰਗ ਵਿਰੋਧੀ ਸਮੱਗਰੀ ਹਟਾਉਣ ਦੀ ਸਿਰੇ ਦੀ ਪੱਖਪਾਤੀ ਕਾਰਵਾਈ ਦੀ ਵੀ ਕਰੜੀ ਨਿੰਦਾ ਕੀਤੀ ਹੈ।
ਉਨਾਂ ਦੱਸਿਆ ਕਿ ਸਬੰਧਤ ਧਿਰਾਂ 25 ਦਿਸੰਬਰ ਨੂੰ ਸਾਰੇ ਜਿਲਿਆਂ ਚ ਮੀਟਿੰਗਾਂ ਕਰਕੇ ਜਿਲ੍ਹਾ ਅਤੇ ਤਹਿਸੀਲ ਪੱਧਰਾਂ ‘ਤੇ ਇਨ੍ਹਾਂ ਰੋਸ ਮਾਰਚਾਂ ਦੀ  ਵਿਉਂਤਬੰਦੀ ਕਰਨਗੀਆਂ। ਉਨਾਂ ਸਭਨਾਂ ਜਮਹੂਰੀ ਸ਼ਕਤੀਆਂ, ਜਥੇਬੰਦੀਆਂ ਨੂੰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ‘ਚ ਸ਼ਾਮਲ  ਹੋਣ ਦੀ ਅਪੀਲ ਕੀਤੀ ਹੈ।
ਆਗੂਆਂ ਨੇ ਡਾਢਾ ਦੁਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਪਿਛਲੇ ਢਾਈ ਮਹੀਨਿਆਂ ਤੋਂ ਫ਼ਲਸਤੀਨ ਨੂੰ ਕਬਰਗਾਹ ‘ਚ ਬਦਲਣ ਲਈ ਅਤੇ ਫਲੀਸਤੀਨੀ ਲੋਕਾਂ ਨੂੰ ਦੇਸ਼ ਬਦਰ ਕਰਨ ਲਈ ਇਜ਼ਰਾਈਲ ਵਲੋਂ ਅਮਰੀਕਾ ਸਮੇਤ ਸਾਰੇ ਧੜਵੈਲ ਸਾਮਰਾਜੀ ਦੇਸ਼ਾਂ ਅਤੇ ਇਨ੍ਹਾਂ ਦੇ ਯੂਰਪੀ ਯੂਨੀਅਨ ਵਿਚਲੇ ਸੰਗੀ-ਸਾਥੀਆਂ ਦੀ ਸ਼ਹਿ ‘ਤੇ ਠੋਸੀ ਗਈ ਇਸ ਨਿਹੱਕੀ ਜੰਗ ਖਿਲਾਫ਼ ਸੰਸਾਰ ਭਰ ‘ਚ ਰੋਹਲੀ ਆਵਾਜ਼ ਉਠਾਈ ਜਾ ਰਹੀ ਹੈ ਪਰ ਜੰਗਬਾਜ਼ ਲੋਕ ਰਾਇ ਨੂੰ ਟਿੱਚ ਜਾਣਦਿਆਂ ਵਿਆਪਕ ਤਬਾਹੀ ਕਰੀ ਜਾ ਰਹੇ ਹਨ। 1948 ਤੋਂ ਇੰਗਲੈਂਡ-ਅਮਰੀਕਾ ਦੀ ਸ਼ਹਿ ‘ਤੇ ਫ਼ਲਸਤੀਨੀ ਲੋਕਾਂ ਦੀਆਂ ਜ਼ਮੀਨਾਂ-ਕਾਰੋਬਾਰਾਂ ‘ਤੇ ਕਬਜ਼ਾ ਕਰਕੇ ਜਿਉਨਵਾਦੀਆਂ ਨੇ ਮੱਧਪੂਰਬ ਦੇ ਇਸ ਛੋਟੇ ਜਿਹੇ ਦੇਸ਼ ਨੂੰ ਖੁੱਲ੍ਹੀ ਜੇਲ੍ਹ ‘ਚ ਬਦਲ ਕੇ ਫ਼ਲੀਸਤੀਨੀਆਂ ਨੂੰ ਪਲ-ਪਲ ਮਰਨ ਲਈ ਮਜ਼ਬੂਰ ਕੀਤਾ ਹੋਇਆ ਹੈ। ਵਰਤਮਾਨ ਜੰਗ ਦੌਰਾਨ ਗਾਜ਼ਾ ‘ਚ ਪਝੰਤਰ ਪ੍ਰਤੀਸ਼ਤ ਲੋਕਾਂ ਅਤੇ ਘਰਾਂ ਦੀ ਬਰਬਾਦੀ, ਰਾਸ਼ਨ ਦੀ ਭਾਰੀ ਕਿੱਲਤ, ਇਲਾਜ ਪਖੋਂ ਮਰ ਤੇ ਸਹਿਕ ਰਹੇ ਲੋਕ, ਵੀਹ ਹਜ਼ਾਰ ਤੋਂ ਉਪਰ ਲੋਕਾਂ ਸਮੇਤ ਅੱਠ ਹਜ਼ਾਰ ਮਾਸੂਮਾਂ ਦਾ ਕਤਲ ਅੱਜ ਦੇ ਸਮੇਂ ਦਾ ਸੰਸਾਰ ਦਾ ਸਭ ਤੋਂ  ਵੱਡਾ ਦਿਲ ਕੰਬਾਊ  ਦੁਖਾਂਤ ਹੈ। ਸੋਸ਼ਲ ਮੀਡੀਆ ਅਤੇ ਪ੍ਰਿੰਟ ਤੇ ਬਿਜਲਈ ਮੀਡੀਆ ‘ਤੇ ਮਲਬੇ ਦੇ ਢੇਰਾਂ ਚੋਂ ਕੱਢੀਆਂ ਜਾ ਰਹੀਆਂ ਹਰ ਉਮਰ ਦੇ ਲੋਕਾਂ ਦੀਆਂ ਲਾਸ਼ਾਂ, ਰੋਂਦੇ-ਵਿਲਕਦੇ ਬੱਚਿਆਂ ਦੀਆਂ ਚੀਕਾਂ, ਵਗਦੇ ਲਹੂ ਦੀਆਂ ਘਰਾਲਾਂ  ਦੀਆਂ ਤਸਵੀਰਾਂ ਅਤੇ ਵੀਡੀਓਜ਼ ਹਰ ਜਮੀਰਵਾਨ ਦਾ ਦਿਲ ਵਲੂੰਧਰਦੀਆਂ ਹਨ। ਇਸ ਅਸੱਭਿਅਕ ਵਰਤਾਰੇ ਨੂੰ ਠਲ੍ਹ ਪਾਉਣ ਲਈ ਸੰਸਾਰ ਦੇ ਸਾਰੇ ਅਮਨ ਪਸੰਦ ਲੋਕਾਂ ਦਾ ਸਾਂਝਾ ਪ੍ਰਤੀਰੋਧ ਅਜੋਕੀ ਦੌਰ ਦੀ ਸਭ ਤੋਂ ਵੱਡੀ ਤੇ ਪ੍ਰਾਥਮਿਕ ਲੋੜ ਹੈ।

Leave a Reply

Your email address will not be published.


*


%d