ਪੰਜਾਬ ਪੁਲਿਸ ਵੱਲੋਂ ਸਿਟ ਦਾ ਵੀ ਗਠਨ, ਡਿਪਟੀ ਕਮਿਸ਼ਨਰ ਨੇ ਦਿੱਤੇ ਹੋਏ ਹਨ ਮੈਜਿਸਟਰੀਅਲ ਜਾਂਚ ਦੇ ਆਦੇਸ਼

ਸੰਗਰੂਰ::::::::::::::::::::::::::::::: ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਅਰਪਿਤ ਸ਼ੁਕਲਾ ਵੱਲੋਂ ਅੱਜ ਸਥਾਨਕ ਪੁਲਿਸ ਲਾਈਨਜ਼ ਵਿਖੇ ਕੀਤੀ ਗਈ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਗਿਆ ਕਿ ਡੀ.ਆਈ.ਜੀ. ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲਿਸ ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦਿਆਂ ਦਿੜ੍ਹਬਾ ਇਲਾਕੇ ਵਿੱਚ ਮਿਲਾਵਟੀ ਸ਼ਰਾਬ ਵੇਚਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਜ਼ਿਲ੍ਹਾ ਪੁਲਿਸ ਵੱਲੋਂ ਇਸ ਗੈਂਗ ਦੇ ਮੁੱਖ ਸਰਗਨੇ ਸਮੇਤ 4 ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਮਿਲਾਵਟੀ ਸ਼ਰਾਬ, ਅਤੇ ਸ਼ਰਾਬ ਬਣਾਉਣ ਤੇ ਇਸਨੂੰ ਵੇਚਣ ਲਈ ਵਰਤਿਆ ਜਾਣ ਵਾਲਾ ਸਾਮਾਨ ਵੀ ਭਾਰੀ ਮਾਤਰਾ ਵਿੱਚ ਜ਼ਬਤ ਕੀਤਾ ਹੈ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਥਿਤ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖੀ ਪੁੱਤਰ ਅਵਤਾਰ ਸਿੰਘ, ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਅਮਰੀਕ ਸਿੰਘ ਦੋਵੇਂ ਵਾਸੀਆਨ ਪਿੰਡ ਗੁੱਜਰਾਂ, ਗੁਰਲਾਲ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਉੱਭਾਵਾਲ ਅਤੇ ਹਰਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਤੇਈਪੁਰ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਅਰਪਿਤ ਸ਼ੁਕਲਾ ਨੇ ਦੱਸਿਆ ਕਿ 20 ਮਾਰਚ ਦੀ ਸਵੇਰ ਦਿੜ੍ਹਬਾ ਦੇ ਪਿੰਡ ਗੁੱਜਰਾਂ ਦੇ 4 ਵਿਅਕਤੀਆਂ ਦੀ ਮਿਲਾਵਟੀ ਸ਼ਰਾਬ ਪੀਣ ਨਾਲ ਮੌਤ ਅਤੇ ਕੁਝ ਹੋਰਨਾਂ ਦੇ ਬਿਮਾਰ ਹੋ ਕੇ ਸਿਵਲ ਹਸਪਤਾਲ ਸੰਗਰੂਰ ਦਾਖਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਉਨ੍ਹਾਂ ਦੱਸਿਆ ਕਿ ਸੰਗਰੂਰ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਜਿੱਥੇ ਜਗਜੀਤ ਸਿੰਘ (27) ਪੁੱਤਰ ਜੋਗਾ ਸਿੰਘ, ਭੋਲਾ ਸਿੰਘ (55) ਪੁੱਤਰ ਬਸੰਤ ਸਿੰਘ, ਪਰਗਟ ਸਿੰਘ (40) ਪੁੱਤਰ ਜੋਰਾ ਸਿੰਘ ਅਤੇ ਨਿਰਮਲ ਸਿੰਘ (40) ਪੁੱਤਰ ਜੋਰਾ ਸਿੰਘ, ਸਾਰੇ ਵਾਸੀਆਨ ਪਿੰਡ ਗੁੱਜਰਾਂ, ਮ੍ਰਿਤਕ ਪਾਏ ਗਏ। ਉਨ੍ਹਾਂ ਦੱਸਿਆ ਕਿ ਬਿਮਾਰ ਹੋਣ ਵਾਲੇ ਕੁਝ ਵਿਅਕਤੀਆਂ ਜਿਨ੍ਹਾਂ ਵਿੱਚ ਲਾਡੀ ਸਿੰਘ (27) ਪੁੱਤਰ ਜਗਰੂਪ ਸਿੰਘ ਵਾਸੀ ਗੁੱਜਰਾਂ, ਕ੍ਰਿਪਾਲ ਸਿੰਘ ਪੁੱਤਰ ਮੋਹਣ ਲਾਲ ਅਤੇ ਕੁਲਦੀਪ ਸਿੰਘ ਉਰਫ਼ ਟੱਲੀ ਪੁੱਤਰ ਗੁਰਜੰਟ ਸਿੰਘ, ਦੋਵੇਂ ਵਾਸੀਆਨ ਪਿੰਡ ਢੰਡੋਲੀ ਖੁਰਦ ਅਤੇ ਗੁਰਸੇਵਕ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਉਪਲੀ ਦੀ ਰਾਜਿੰਦਰਾ ਹਸਪਤਾਲ ਵਿਖੇ ਦੌਰਾਨ-ਏ ਇਲਾਜ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਦਿਕ 12 ਹੋਰ ਵਿਅਕਤੀ ਜਿਨ੍ਹਾਂ ਵਿੱਚ ਵੀਰਪਾਲ ਸਿੰਘ, ਰਾਮ ਚੰਦ, ਬੇਅੰਤ ਸਿੰਘ, ਹਰਪਾਲ ਸਿੰਘ, ਸਮੀ ਸਿੰਘ, ਜਰਨੈਲ ਸਿੰਘ ਉਰਫ਼ ਕਾਲਾ, ਗੁਰਜੀਤ ਸਿੰਘ ਉਰਫ਼ ਜੀਤੀ, ਰਣਧੀਰ ਸਿੰਘ, ਸਤਨਾਮ ਸਿੰਘ, ਬਬਲੀ ਅਤੇ ਲਖਵਿੰਦਰ ਸਿੰਘ ਸਾਰੇ ਵਾਸੀਆਨ ਪਿੰਡ ਗੁੱਜਰਾਂ ਅਤੇ ਗੁਰਜੰਟ ਸਿੰਘ ਵਾਸੀ ਢੰਡੋਲੀ ਖੁਰਦ ਸ਼ਾਮਲ ਹਨ, ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।
ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਥਿਤ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਨੇ ਮਿਤੀ 16 ਤੇ 17 ਮਾਰਚ 2024 ਨੂੰ ਗੁਰਲਾਲ ਸਿੰਘ ਤੋਂ ਮਿਲਾਵਟੀ ਸ਼ਰਾਬ ਖਰੀਦ ਕੇ ਪੀੜਤ ਵਿਅਕਤੀਆਂ ਨੂੰ ਵੇਚੀ ਸੀ ਜਿਸ ਤੋਂ ਬਾਅਦ ਹੁਣ ਤੱਕ 8 ਪੀੜਤਾਂ ਦੀ ਮੌਤ ਹੋ ਗਈ ਜਦਕਿ 12 ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਉਜਾਗਰ ਹੋਣ ਤੇ 20 ਮਾਰਚ 2024 ਨੂੰ ਇਸ ਕੇਸ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ 302 ਤੇ 34 ਅਤੇ ਆਬਕਾਰੀ ਐਕਟ ਦੀ ਧਾਰਾ 61/1/14 ਤਹਿਤ ਪੁਲਿਸ ਥਾਣਾ ਦਿੜ੍ਹਬਾ ਵਿਖੇ 25 ਨੰਬਰ ਪਰਚਾ ਦਰਜ ਕਰਕੇ ਕੁਝ ਹੀ ਸਮੇਂ ਅੰਦਰ ਮਨਪ੍ਰੀਤ ਅਤੇ ਸੁਖਵਿੰਦਰ ਨੁੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੌਰਾਨ ਗੁਰਲਾਲ ਸਿੰਘ ਦਾ ਨਾਂ ਇਸ ਮਾਮਲੇ ਵਿੱਚ ਮਾਸਟਰਮਾਈਂਡ ਦੇ ਤੌਰ ਤੇ ਉੱਭਰਿਆ ਜਿਸ ਤੋਂ ਤੁਰੰਤ ਬਾਅਦ ਉਸਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਲਾਲ ਨੇ ਪੜਤਾਲ ਦੌਰਾਨ ਖੁਲਾਸਾ ਕੀਤਾ ਕਿ ਤੇਈਪੁਰ ਦਾ ਰਹਿਣ ਵਾਲਾ ਹਰਮਨਪ੍ਰੀਤ ਵੀ ਇਸ ਮਾਮਲੇ ਵਿੱਚ ਉਸਦਾ ਸਾਥੀ ਹੈ ਜਿਸਨੂੰ ਵੀ ਤੁਰੰਤ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਥਿਤ ਮੁਲਜ਼ਮਾਂ ਕੋਲੋਂ 200 ਲੀਟਰ ਏਥੇਨਲ, 156 ਅਲਕੋਹਲ ਦੀਆਂ ਬੋਤਲਾਂ, ਮਿਲਾਵਟੀ ਸ਼ਰਾਬ ਦੀਆਂ ਬਗੈਰ ਕਿਸੇ ਲੇਬਲ ਤੋਂ 80 ਬੋਤਲਾਂ, 130 ਲੇਬਲ ਵਾਲੀਆਂ ਮਿਲਾਵਟੀ ਸ਼ਰਾਬ ਦੀਆਂ ਬੋਤਲਾਂ, 4500 ਖਾਲੀ ਬੋਤਲਾਂ, 4600 ਢੱਕਣ, 10 ਲੀਟਰ ਸ਼ਰਾਬ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਫਲੇਵਰ, 25 ਲੀਟਰ ਰੰਗ, ਇੱਕ ਬੋਟਲਿੰਗ ਮਸ਼ੀਨ, 8 ਐਲਕੋਹਲ ਮੀਟਰ, ਇੱਕ ਲੇਪਟੋਪ, ਇੱਕ ਪ੍ਰਿੰਟਰ, ਇੱਕ ਪੈਕਟ ਕੋਰਾ ਕਾਗਜ਼, 4 ਬੋਤਲ ਕਾਲਾ ਰੰਗ ਲੇਬਲ ਵਾਲਾ, ਬੋਤਲਾਂ ਦੇ ਲੇਬਲ, ਹਾਂਡਾ ਅਮੇਜ਼ ਕਾਰ, ਟੱਬ ਅਤੇ ਬਾਲਟੀ ਅਤੇ 315 ਗੱਤੇ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਕਥਿਤ ਮੁਲਜ਼ਮਾਂ ਉੱਪਰ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੁਖ਼ਤਾ ਪੜਤਾਲ ਲਈ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਵੱਲੋਂ ਵੀ ਐਸ.ਡੀ.ਐਮ. ਦਿੜ੍ਹਬਾ ਦੀ ਅਗਵਾਈ ਵਿੱਚ ਇੱਕ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਤਿੰਨ ਦਿਨਾਂ ਵਿੱਚ ਉਨ੍ਹਾਂ ਨੂੰ ਆਪਣੀ ਰਿਪੋਰਟ ਪੇਸ਼ ਕਰੇਗੀ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਵਿਭਿੰਨ ਪੱਖਾਂ ਤੋਂ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਵਿੱਚ ਐਸ.ਪੀ, ਡੀਐਸਪੀ (ਡੀ), ਡੀਐਸਪੀ ਦਿੜ੍ਹਬਾ, ਐਸ.ਐਚ.ਓ ਦਿੜ੍ਹਬਾ ਜਾਂਚ ਕਰ ਰਹੇ ਹਨ।
ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੁਲਿਸ ਵੱਲੋਂ ਆਪਣੀ ਕਾਰਵਾਈ ਦੇ ਨਾਲ-ਨਾਲ ਹੋਰਨਾਂ ਲੋਕਾਂ ਨੂੰ ਇਸ ਮਾਰੂ ਸ਼ਰਾਬ ਦੇ ਪ੍ਰਭਾਵ ਤੋਂ ਬਚਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਰਾਹੀਂ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਮਿਲਾਵਟੀ ਸ਼ਰਾਬ ਬਾਰੇ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹੈ ਜਾਂ ਮਿਲਾਵਟੀ ਸ਼ਰਾਬ ਦੇ ਸੇਵਨ ਕਰਕੇ ਸਿਹਤ ਵਿਗੜਦੀ ਹੈ ਤਾਂ ਉਹ ਵਿਅਕਤੀ ਤੁਰੰਤ 112 ਨੰਬਰ ਡਾਇਲ ਕਰਕੇ ਪੁਲਿਸ ਦੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।

Leave a Reply

Your email address will not be published.


*


%d