ਨਵਾਂਸ਼ਹਿਰ-ਰੋਪੜ ਨੈਸ਼ਨਲ ਹਾਈਵੇ ਤੇ ਪਿੰਡ ਕਮਾਲਪੁਰ ਮੋੜ ਤੇ ਕਾਰ ਅਤੇ ਸਕੂਟਰੀ ਦੀ ਹੋਈ ਟੱਕਰ, ਮਾਂ ਦੀ ਹੋਈ ਮੌਤ ਲੜਕੀ ਗੰਭੀਰ ਜ਼ਖਮੀ

ਨਵਾਂਸ਼ਹਿਰ /ਬਲਾਚੌਰ,– ਨਵਾਂਸ਼ਹਿਰ- ਰੋਪੜ ਨੈਸ਼ਨਲ ਹਾਈਵੇ ਤੇ ਪਿੰਡ ਕਮਾਲਪੁਰ ਨਜਦੀਕ ਬਣੇ ਕੱਟ ਤੇ ਸਕੂਟਰੀ ਅਤੇ ਕਾਰ ਦੀ ਹੋਈ ਟੱਕਰ ਵਿੱਚ ਔਰਤ ਦੀ ਹੋਈ ਮੌਤ ,ਜਦੋਂ ਕਿ ਉਸ ਦੀ ਲੜਕੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਹੈ, ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਂ ਤੇ ਧੀ ਪਿੰਡ ਮੰਡੇਰਾ ਮੰਡ ਨੂੰ ਦੋਂਨੇਂ ਸਕੂਟਰੀ ਨੰਬਰ ਪੀਬੀ 32 ਐਸ 2381 ਤੇ ਸਵਾਰ ਹੋ ਕੇ ਨਨਾਣ ਨੂੰ ਲੋਹੜੀ ਦਾ ਥਿਆਰ ਦੇਣ ਲਈ ਜਾ ਰਹੀਆਂ ਸਨ। ਜਦੋਂ ਇਹ ਪਿੰਡ ਕਮਾਲਪੁਰ ਮੇਨ ਹਾਈਵੇ ਤੇ ਬਣੇ ਕੱਟ ਤੋਂ ਪਿੰਡ ਮੰਡੇਰਾ ਮੰਡ ਵੱਲ ਨੂੰ ਮੁੜਨ ਲੱਗੀਆਂ ਤਾਂ ਬਲਾਚੌਰ ਸਾਈਡ ਤੋਂ ਇੱਕ ਇਨੋਵਾ ਕਾਰ ਨੰਬਰ ਪੀਬੀ 08 ਬੀਜੈਡ 0028 ਨੇ ਕਾਫੀ ਦੂਰ ਤੋਂ ਬਰੇਕ ਮਾਰੀ ਪਰੰਤੂ ਫਿਰ ਵੀ ਕਾਰ ਇਹਨਾਂ ਦੀ ਸਕੂਟਰੀ ਵਿੱਚ ਜਾ ਵੱਜੀ, ਜਿਸ ਵਿੱਚ ਕਮਲਜੀਤ ਕੌਰ ਪਤਨੀ ਗੁਰਵਿੰਦਰ ਸਿੰਘ ਉਮਰ 40 ਸਾਲ ਪਿੰਡ ਗਹੂੰਣ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੀ ਲੜਕੀ ਜਸਮੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ , ਉਮਰ 16 ਸਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਤੁਰੰਤ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਕਮਲਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਜਸਮੀਤ ਕੌਰ ਨੂੰ ਚੰਡੀਗੜ੍ਹ ਪੀਜੀਆਈ 32 ਸੈਕਟਰ ਭੇਜ ਦਿੱਤਾ ਹੈ। ਕਾਠਗੜ੍ਹ ਪੁਲਿਸ ਨੇ ਉਕਤ ਦੋਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦਾ ਪਿਤਾ ਗੁਰਵਿੰਦਰ ਸਿੰਘ ਫੌਜ ਵਿੱਚ ਜੱਮੂ ਵਿਖੇ ਨੌਕਰੀ ਕਰਦਾ ਹੈ, ਜੋ ਕਿ ਦੋ ਦਿਨ ਪਹਿਲਾਂ ਹੀ ਆਪਣੀ ਡਿਊਟੀ ਤੇ ਪਿੰਡ ਗਹੂੰਣ ਤੋਂ ਗਿਆ ਹੈ। ਗੁਰਵਿੰਦਰ ਸਿੰਘ ਦੇ ਦੋ ਬੱਚੇ ਇੱਕ ਲੜਕੀ ਅਤੇ ਇੱਕ ਲੜਕਾ ਹੈ, ਲੜਕਾ ਹਜੇ ਛੋਟਾ ਹੈ।

Leave a Reply

Your email address will not be published.


*


%d