ਡਿਪਟੀ ਕਮਿਸ਼ਨਰ ਵੱਲੋਂ ਖਰਾਬ ਮੌਸਮ ਕਾਰਨ ਫਸਲਾਂ ਦੇ ਸੰਭਾਵੀ ਨੁਕਸਾਨ ਦਾ ਮੁਢਲਾ ਮੁਲਾਂਕਣ ਕਰਨ ਦੇ ਹੁਕਮ ਜਾਰੀ

ਲੁਧਿਆਣਾ:::::::::: (Gurvinder sidhu) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਖਰਾਬ ਮੌਸਮ ਕਾਰਨ ਫਸਲਾਂ ਦੇ ਸੰਭਾਵੀ ਨੁਕਸਾਨ ਦਾ ਮੁਢਲਾ ਮੁਲਾਂਕਣ ਕਰਨ ਲਈ ਉਪ ਮੰਡਲ ਮੈਜਿਸਟਰੇਟ, ਜਗਰਾਉਂ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਪਿਛਲੇ ਹਫ਼ਤੇ ਜ਼ਿਲ੍ਹੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਗੜੇਮਾਰੀ ਹੋਈ ਸੀ।
ਟੀਮਾਂ ਨੇ ਕਾਉਂਕੇ ਕਲਾਂ, ਅਗਵਾੜ ਲੋਪੋ ਕਲਾਂ, ਅਗਵਾੜ ਲੋਪੋਂ ਖੁਰਦ, ਅਗਵਾੜ ਗੁੱਜਰਾਂ, ਕੋਠੇ ਸ਼ੇਰਜੰਗ, ਕੋਠੇ ਫਤਿਹਦੀਨ, ਕੋਠੇ ਜੀਵਾ, ਕੋਠੇ ਖਜੂਰਾਂ, ਰਸੂਲਪੁਰ ਅਤੇ ਚੀਮਾ ਆਦਿ ਪਿੰਡਾਂ ਵਿੱਚ ਖੇਤਾਂ ਦਾ ਸਰਵੇ ਕੀਤਾ।
ਡਿਪਟੀ ਕਮਿਸ਼ਨਰ ਨੇ ਹੋਰਨਾਂ ਸਬ-ਡਵੀਜ਼ਨਾਂ ਦੇ ਐਸ.ਡੀ.ਐਮਜ਼ ਨੂੰ ਮੁਢਲਾ ਮੁਲਾਂਕਣ ਕਰਨ ਲਈ ਕਿਹਾ ਅਤੇ ਪਟਵਾਰੀਆਂ ਅਤੇ ਹੋਰ ਸਬੰਧਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ ਖੇਤਰਾਂ ਦਾ ਨਿਰੀਖਣ ਕਰਨ ਉਪਰੰਤ ਮੁਲਾਂਕਣ ਰਿਪੋਰਟ ਤਿਆਰ ਕਰਨ।
ਡਿਪਟੀ ਕਮਿਸ਼ਨਰ ਸਾਹਨੀ ਨੇ ਅਧਿਕਾਰੀਆਂ ਨੂੰ ਮੁੱਢਲੀਆਂ ਰਿਪੋਰਟਾਂ ਜਲਦ ਤੋਂ ਜਲਦ ਤਿਆਰ ਕਰਨ ਲਈ ਕਿਹਾ। ਉਨ੍ਹਾਂ ਸਾਰੀ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅੰਨਦਾਤਾ ਦੀ ਫਸਲ ਦੇ ਸੰਭਾਵੀ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪਾਬੰਦ ਹੈ। ਉਨ੍ਹਾਂ ਕਿਹਾ ਇਸ ਪ੍ਰਕਿਰਿਆ ਵਿੱਚ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਸ਼ਾਸਨ ਇਸ ਸੰਕਟ ਦੀ ਘੜੀ ਵਿੱਚ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜਾ ਹੈ ਅਤੇ ਇਸ ਦੀ ਰਿਪੋਰਟ ਸੂਬਾ ਸਰਕਾਰ ਨੂੰ ਭੇਜੀ ਜਾਵੇਗੀ।

Leave a Reply

Your email address will not be published.


*


%d