ਡਿਪਟੀ ਕਮਿਸ਼ਨਰ ਨੇ ਫੂਡ ਸੇਫਟੀ ਆਨ ਵ੍ਹੀਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਮਾਨਸਾ, ( ਡਾ ਸੰਦੀਪ ਘੰਡ)
ਲੋਕਾਂ ਲਈ ਖਾਣ ਪੀਣ ਦੇ ਪਦਾਰਥਾਂ ’ਚ ਸ਼ੁੱਧਤਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟਰੇਸਨ ਖਰੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਪਰਮਵੀਰ ਸਿੰਘ ਵੱਲੋਂ ਫੂੂਡ ਸੇੇਫਟੀ ਆਨ ਵ੍ਹੀਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ, ਐਸ.ਡੀ.ਐਮ. ਬੁਢਲਾਡਾ ਸ੍ਰ ਗਗਨਦੀਪ ਸਿੰਘ ਅਤੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ 50/- ਰੁਪਏ ਪ੍ਰਤੀ ਟੈਸਟਿੰਗ ਫੀਸ ਨਾਲ ਦੁੱਧ, ਦਹੀਂ, ਦੇਸੀ ਘਿਓ, ਰਿਫਾਇੰਡ, ਮਸਾਲੇ ਅਤੇ ਪਾਣੀ ਆਦਿ ਟੈਸਟ ਕਰਕੇ ਰਿਪੋਰਟ ਦੇੇਵੇਗੀ, ਜਿਸ ਨਾਲ ਲੋਕਾਂ ’ਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਆਪਣੀ ਇੱਛਾ ਅਨੂਸਾਰ ਸੈਂਪਲ ਚੈਕਿੰਗ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖਾਣ ਪੀਣ ਦੀਆਂ ਦੁਕਾਨਾਂ ਦੇ ਲਾਇਸੰਸ ਅਤੇ ਰਜਿਸਟ੍ਰੇਸ਼ਨ ਜ਼ਰੂਰੀ ਹੈ ਅਤੇ ਖਾਣ ਪੀਣ ਦੀਆਂ ਵਸਤਾਂ ਬਣਾਉਣ ਵਾਲੇ ਕਾਮਿਆਂ ਨੂੰ ਸਾਫ ਸਫਾਈ ਦਾ ਖਾਸ ਖਿਆਲ ਰੱਖਦੇ ਹੋਏ ਸਿਰ ਢਕਿਆ ਹੋਣਾ, ਮੂੰਹ ’ਤੇ ਮਾਸਕ ਅਤੇ ਹੱਥਾਂ ’ਤੇ ਦਸਤਾਨੇ ਪਹਿਨਣੇ ਲਾਜ਼ਮੀ ਹਨ। ਖਾਣ ਪੀਣ ਦੀਆਂ ਵਸਤਾਂ ਸਰਕਾਰ ਦੇ ਮਾਪਦੰਡ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਸ੍ਰੀਮਤੀ ਦਿਵਿਆ ਗੋਸਵਾਮੀ ਫੂਡ ਸੇਫਟੀ ਅਫਸਰ, ਸ੍ਰੀ ਅਮਰਿੰਦਰ ਸਿੰਘ ਫੂਡ ਸੇਫਟੀ ਅਫਸਰ, ਲਕਸ਼ਵੀਰ ਸਿੰਘ ਫੂਡ ਕਲਰਕ ਵੇਦ ਪ੍ਰਕਾਸ਼ ਹਾਜਰ ਸਨ।

Leave a Reply

Your email address will not be published.


*


%d