ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਹੋ ਰਹੀ ਧੱਕੇਸ਼ਾਹੀ ਦਾ ਵਿਰੋਧ

ਟੋਰਾਂਟੋ (ਕੈਨੇਡਾ):::::::::::::::: ਬਰੈਪਟਨ ਵਿੱਚ ਕੁਈਨ ਸਟ੍ਰੀਟ ਤੇ ਸਥਿਤ ਅਲਗੋਮਾ ਯੂਨੀਵਰਸਿਟੀ ਵਿੱਚ ‘ਆਈ. ਟੀ. ਦੇ ਗਰੈਜੂਏਸ਼ਨ ਕੋਰਸ’ ਦੇ ਸੌ ਦੇ ਕਰੀਬ ਵਿਦਿਆਰਥੀਆਂ ਨੂੰ ਬੇਵਜ੍ਹਾ ਫੇਲ੍ਹ ਕਰਨ ਤੋਂ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਦੇ ਰਾਹ ਤੇ ਪਏ ਹੋਏ ਹਨ।
ਇਸ ਸਮੇਂ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ (ਮਾਇਸੋ) ਦੇ ਬੁਲਾਰੇ ਖੁਸ਼ਪਾਲ ਗਰੇਵਾਲ, ਮਨਪ੍ਰੀਤ ਕੌਰ ਲੌਂਗੋਵਾਲ, ਵਰੁਣ ਖੰਨਾ ਤੇ ਮਨਦੀਪ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੜਤਾਲ ਉਪਰੰਤ ਪਤਾ ਲੱਗਾ ਕਿ ਅਲਗੋਮਾ ਯੂਨੀਵਰਸਿਟੀ ਹਰ ਸਾਲ ਸੈਂਕੜੇ ਵਿਦਿਆਰਥੀਆਂ ਨੂੰ ਫੇਲ੍ਹ ਕਰਕੇ ਮੋਟੀਆਂ ਫੀਸਾਂ ਬਟੋਰਨ ਦਾ ਗੋਰਖਧੰਦਾ ਕਰਦੀ ਆ ਰਹੀ ਹੈ। ਇਸ ਸਾਲ ਵੀ ‘ਆਈਟੀ ਦੇ ਗਰੈਜੂਏਸ਼ਨ ਕੋਰਸ’ ਵਿੱਚ ‘ਤਕਨੀਕਸ ਆਫ ਸਿਸਟਮ ਐਨਾਲਿਸਟ’ ਵਿਸ਼ੇ ਵਿੱਚੋਂ ਸੌ ਦੇ ਕਰੀਬ ਵਿਦਿਆਰਥੀਆਂ ਨੂੰ ਫੇਲ੍ਹ ਕਰ ਦਿੱਤਾ ਗਿਆ। ਜਿਨ੍ਹਾਂ ਵਿਦਿਆਰਥੀਆਂ ਨੇ ਪੂਰੀ ਮਿਹਨਤ ਨਾਲ ਪੇਪਰ ਦਿੱਤੇ ਸਨ ਤੇ ਜਿਨ੍ਹਾਂ ਨੂੰ ਪਾਸ ਹੋਣ ਦਾ ਪੂਰਾ ਭਰੋਸਾ ਸੀ ਉਹ ਵਿਦਿਆਰਥੀ ਵੀ ਇਸ ਵਿਸ਼ੇ ਵਿੱਚੋਂ ਫੇਲ੍ਹ ਕਰ ਦਿੱਤੇ ਗਏ, ਜਿਸਤੋਂ ਵਿਦਿਆਰਥੀਆਂ ਨੂੰ ਸ਼ੰਕਾ ਪੈਦਾ ਹੋਇਆ ਤੇ ਉਹਨਾਂ ਪੇਪਰ ਦੁਬਾਰਾ ਚੈੱਕ ਕਰਨ ਦੀ ਅਪੀਲ ਕੀਤੀ। ਵਿਦਿਆਰਥੀਆਂ ਨੇ ਸੰਬੰਧਿਤ ਪ੍ਰੋਫੈਸਰ ਤੇ ਯੂਨੀਵਰਸਿਟੀ ਪ੍ਰਬੰਧਕਾਂ  ਨਾਲ ਵਾਰ-ਵਾਰ ਤਾਲਮੇਲ ਕਰਨ ਦੇ ਯਤਨ ਕੀਤੇ ਪਰ ਪ੍ਰੋਫੈਸਰ ਤੇ ਯੂਨੀਵਰਸਿਟੀ ਪ੍ਰਬੰਧਕਾਂ ਦਾ ਵਤੀਰਾ ਟਾਲ-ਮਟੋਲ ਵਾਲਾ ਰਿਹਾ ਜਿਸਤੋਂ ਉਹਨਾਂ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ। ਸਾਬਕਾ ਵਿਦਿਆਰਥੀਆਂ ਤੋਂ ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਯੂਨੀਵਰਸਿਟੀ ਹਰ ਸਾਲ ਸੈਂਕੜੇ ਵਿਦਿਆਰਥੀਆਂ ਨੂੰ ਫੇਲ੍ਹ ਕਰਕੇ ਮੋਟੀਆਂ ਫੀਸਾਂ ਵਸੂਲਣ ਦਾ ਗੋਰਖਧੰਦਾ ਕਰਦੀ ਆ ਰਹੀ ਹੈ। ਇਸ ਨਾਲ ਇੱਕ ਤਾਂ ਵਿਦਿਆਰਥੀਆਂ ਉੱਤੇ ਪ੍ਰਤੀ ਕੋਰਸ $3000 ਤੋਂ $3500 ਡਾਲਰ ਤੱਕ ਦਾ ਵਾਧੂ ਆਰਥਿਕ ਬੋਝ ਪੈਂਦਾ ਹੈ ਤੇ ਦੂਸਰਾ ਉਹਨਾਂ ਦੀ ਪੜ੍ਹਾਈ ਚਾਰ ਮਹੀਨੇ ਲਈ ਹੋਰ ਅੱਗੇ ਪੈ ਜਾਂਦੀ ਹੈ। ਇਸਤੋਂ ਇਲਾਵਾ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਵਿੱਚ ਆਨਲਾਈਨ ਤੇ ਆਫਲਾਈਨ ਕਲਾਸਾਂ ਵਿੱਚ ਪੜ੍ਹਾਈ ਦਾ ਮਿਆਰ ਬੇਹੱਦ ਮਾੜਾ ਹੈ। ਵਿਦਿਆਰਥੀਆਂ ਨੂੰ ਕਲਾਸ ਵਿੱਚ ਯੂਟਿਊਬ ਰਿਕਾਰਡਿਡ ਵੀਡਿਓ ਦਿਖਾਕੇ ਬੁੱਤਾ ਸਾਰ ਦਿੱਤਾ ਜਾਂਦਾ ਹੈ। ਕਲਾਸ ਵਿੱਚ ਟੀਚਰਾਂ ਦੀ ਹਿੱਸੇਦਾਰੀ ਨਾਮਾਤਰ ਹੈ। ਬਾਥਰੂਮ ਪਾਸ ਦੇ ਬੇਲੋੜੇ ਚਾਲੀ ਡਾਲਰ ਵਸੂਲੇ ਜਾਂਦੇ ਹਨ। ਤੇ ਪ੍ਰੋਫੈਸਰ (ਜਿਸਨੇ ਵਿਦਿਆਰਥੀਆਂ ਨੂੰ ਫੇਲ੍ਹ ਕੀਤਾ) ਦਾ ਵਿਦਿਆਰਥੀਆਂ ਪ੍ਰਤੀ ਵਤੀਰਾ ਬੇਹੱਦ ਹੰਕਾਰ ਤੇ ਜ਼ਲੀਲ ਕਰਨ ਵਾਲਾ ਹੈ। ਵਿਦਿਆਰਥੀ ਬੇਹੱਦ ਪ੍ਰੇਸ਼ਾਨ ਹਨ ਤੇ ਸਰਦ ਰੁੱਤ ’ਚ ਇਨਸਾਫ ਲਈ ਸੰਘਰਸ਼ ਕਰਨ ਲਈ ਮਜਬੂਰ ਹਨ।
ਇਸ ਸਮੇਂ ਮਾਇਸੋ ਦੇ ਆਗੂਆਂ ਨੇ ਅਲਗੋਮਾ ਯੂਨੀਵਰਸਿਟੀ ਵਿਦਿਆਰਥੀਆਂ ਨਾਲ ਕੈਨੇਡਾ ਵਿੱਚ ਵਿਦਿਆਰਥੀ ਸੰਘਰਸ਼ਾਂ ਦੇ ਤਜਰਬੇ ਸਾਂਝੇ ਕਰਦਿਆਂ ਉਹਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਸੰਘਰਸ਼ ਨੂੰ ਜਿੱਤ ਤੱਕ ਹੋਰ ਤੇਜ਼ ਕਰਨ ਦਾ ਭਰੋਸਾ ਦਿੱਤਾ। ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ (ਮਾਇਸੋ) ਵੱਲੋਂ  ਕੈਨੇਡਾ ਵਿੱਚ ਵਸਦੇ ਅੰਤਰਰਾਸ਼ਟਰੀ ਵਿਦਿਆਰਥੀਆਂ, ਸਮੂਹ ਇਨਸਾਫਪਸੰਦ ਲੋਕਾਂ ਅਤੇ ਸਮਾਜਿਕ ਜੱਥੇਬੰਦੀਆਂ ਨੂੰ ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਦਾ ਸਾਥ ਦੇਣ ਦਾ ਸੱਦਾ ਦਿੱਤਾ ਗਿਆ।

Leave a Reply

Your email address will not be published.


*


%d