ਅਜੋਕੀ ਖੇਤੀ ਦੀਆਂ ਚੁਣੌਤੀਆਂ ਦੇ ਹੱਲ ਸੁਝਾਉਂਦੀ ਨਿਵੇਕਲੀ ਪੁਸਤਕ : ਪ੍ਰੋ. ਗੁਰਭਜਨ ਗਿੱਲ

ਪੰਜਾਬ ਦੇ ਵਰਤਮਾਨ ਖੇਤੀ ਢਾਂਚੇ ਨੂੰ ਦਰਪੇਸ਼ ਚੁਣੌਤੀਆਂ ਅਤੇ ਉਹਨਾਂ ਦੇ ਤਕਨੀਕੀ ਅਤੇ ਨੀਤੀ-ਯੁਕਤ ਹੱਲ ਬਾਰੇ ਪ੍ਰਸਿੱਧ ਖੇਤੀ ਵਿਗਿਆਨੀ ਤੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਬਠਿੰਡਾ ਦੇ ਪਰੋ-ਵਾਇਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਵੱਡ ਆਕਾਰੀ ਕਿਤਾਬ ਅੰਗਰੇਜ਼ੀ ਵਿੱਚ ਲਿਖੀ ਹੈ। ਇਸ ਕਿਤਾਬ ਨੂੰ ਤਿੰਨ ਹਿੱਸਿਆਂ ਵਿੱਚ ਲਿਖਿਆ ਗਿਆ ਹੈ । ਪਹਿਲਾ ਹਿੱਸਾ ਖੇਤੀ ਮੁੱਦਿਆਂ ਅਤੇ ਉਹਨਾਂ ਦੇ ਹੱਲ ਨੂੰ ਸਮਰਪਤ ਹੈ, ਦੂਜਾ ਹਿੱਸਾ ਭਾਰਤ ਦੇ ਸਾਬਕਾ ਖੇਤੀ ਕਮਿਸ਼ਨਰ ਅਤੇ ਨਿਰਦੇਸ਼ਕ ਖੇਤੀਬਾੜੀ ਪੰਜਾਬ ਡਾ. ਸੁਖਦੇਵ ਸਿੰਘ ਦੇ ਜੀਵਨ ਅਤੇ ਖੇਤੀਬਾੜੀ ਨੂੰ ਦੇਣ ਬਾਰੇ ਹੈ। ਤੀਸਰੇ ਹਿੱਸੇ ਵਿੱਚ ਉੱਚ ਅਧਿਕਾਰੀਆਂ ਅਤੇ ਮਹੱਤਵਪੂਰਨ ਸਖਸ਼ੀਅਤਾਂ ਵੱਲੋਂ ਲਿਖੀਆਂ ਚਿੱਠੀਆਂ ਅਤੇ ਟਿੱਪਣੀਆਂ ਹਨ।
ਅਜੋਕੀ ਖੇਤੀ ਇੱਕ ਅਜਿਹੇ ਦੌਰ ਵਿੱਚੋਂ ਲੰਘ ਰਹੀ ਹੈ ਜਿਸ ਬਾਰੇ ਮਾਹਿਰਾਂ ਵੱਲੋਂ ਵੱਲੋਂ ਚਿੰਤਨ ਕਰਨਾ ਜਰੂਰੀ ਹੈ। ਡਾ. ਧੀਮਾਨ, ਜੋ ਵਿਗਿਆਨ ਅਤੇ ਸਾਹਿਤ ਦੇ ਸੁਮੇਲ  ਹਨ, ਵੱਲੋਂ ਆਪਣੇ ਨਿੱਜੀ ਤਜ਼ਰਬਿਆਂ ਅਤੇ ਖੇਤੀ ਮਾਹਿਰਾਂ, ਖਾਸ ਕਰ ਸਾਬਕਾ ਖੇਤੀ ਕਮਿਸ਼ਨਰ, ਭਾਰਤ ਸਰਕਾਰ ਡਾ. ਸੁਖਦੇਵ ਸਿੰਘ ਨਾਲ ਵਿਚਾਰ ਵਿਟਾਂਦਰਿਆਂ ਦੇ ਆਧਾਰ ਤੇ ਅਜੋਕੀ ਖੇਤੀ ਬਾਰੇ ਇਸ ਪੁਸਤਕ ਵਿੱਚ ਡੂੰਘੀ ਚਰਚਾ ਕੀਤੀ ਗਈ ਹੈ। ਸ਼ੁਰੂ ਵਿੱਚ ਪੰਜਾਬ ਦੇ ਖੇਤੀ ਸੰਬੰਧੀ ਅੰਕੜੇ ਦਿੱਤੇ ਗਏ ਹਨ। ਬੰਗਾਲ ਦੇ ਵੱਡੇ ਆਕਾਲ (1942) ਅਤੇ ਉਸ ਤੋਂ ਬਾਅਦ ਆਜ਼ਾਦੀ ਨਾਲ ਜੁੜੀ ਭਾਰਤ ਦੀ ਵੰਡ (1947) ਵੇਲੇ ਹੋਏ ਵੱਡੇ ਪੱਧਰ ਦੀ ਕਤਲੋ-ਗਾਰਤ ਅਤੇ ਲੋਕਾਂ ਦੇ ਪਲਾਇਨ ਦੇ ਝਟਕਿਆਂ ਨਾਲ ਭਾਰਤ ਵਲੂੰਧਰਿਆ ਗਿਆ। ਕਿਸੇ ਵੀ ਦੇਸ਼ ਵਾਸਤੇ ਭੋਜਨ ਪੱਖੋਂ ਆਤਮ ਨਿਰਭਰ ਹੋਣਾ ਜਰੂਰੀ ਹੈ ਕਿਉਂਕਿ ਠੂਠਾ ਫੜ੍ਹ ਕੇ ਦੂਜੇ ਦੇਸ਼ਾਂ ਤੋਂ ਅਨਾਜ ਮੰਗਣਾ ਆਪਣੇ ਆਪ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਹੁੰਦੀ ਹੈ। ਡਾ. ਧੀਮਾਨ ਨੇ ਭਾਰਤ ਦੀ ਆਜਾਦੀ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਸੂਝਵਾਨ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਦੇ ਉਦਮਾਂ ਦੀ ਸ਼ਲਾਘਾ ਕਰਦਿਆਂ ਖੁੱਲ ਕੇ ਲਿਖਿਆ ਹੈ ਕਿ ਜਿੰਨ੍ਹਾਂ ਤੱਕ ਖੇਤੀਬਾੜੀ ਨੂੰ ਪੱਕੇ ਪੈਰੀਂ ਨਹੀਂ ਕੀਤਾ ਜਾਂਦਾ ਦੇਸ਼ ਨੂੰ ਵਿਕਾਸ ਦੇ ਰਾਹ ਤੇ ਤੋਰਨਾ ਕਠਿਨ ਕੰਮ ਹੈ। ਪੰਜਾਬ ਨੇ ਮੁਹਰਲੀ ਕਤਾਰ ਵਿੱਚ ਖੜ੍ਹਕੇ ਭਾਰਤ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਵਾਹ ਲਾਈ । ਇਸ ਲਈ ਆਜ਼ਾਦ ਭਾਰਤ ਵੱਲੋਂ ਅਕਾਲ ਕਮਿਸ਼ਨ ਬਣਾਉਣ, 5 ਸਾਲਾ ਯੋਜਨਾਵਾਂ ਬਣਾਉਣ, ਖੇਤੀ ਯੂਨੀਵਰਸਿਟੀਆਂ ਸਥਾਪਤ ਕਰਨ ਅਤੇ ਖੇਤੀ ਦੇ ਪ੍ਰੋਤਸਾਹਿਨ ਲਈ ਪੈਦਾਵਾਰ ਦੀ ਖਰੀਦ ਯਕੀਨੀ ਕਰਨ ਸਮੇਤ ਹਰ ਹੀਲਾ ਕਰਨ ਲਈ ਕੀਤੇ ਉਪਰਾਲੇ ਸਹਾਈ ਹੋਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ 1962 ਵਿੱਚ ਬਣੀ ਜਿੱਥੇ ਕਣਕਾਂ ਦੇ ਬਾਬਲ ਅਤੇ ਨੋਬਲ ਪ੍ਰਾਈਜ ਵਿਜੇਤਾ ਡਾ. ਨਾਰਮਨ ਬੋਰਲੋ ਨੇ ਮੈਕਸੀਕੋ ਤੋਂ ਲਿਆਂਦੀਆਂ ਮਧਰੀਆਂ ਕਣਕਾਂ ਦਾ ਛੱਟਾ ਦੇ ਕੇ ਪੰਜਾਬ ਦੀ ਧਰਤੀ ਤੇ ਕਰਾਮਾਤ ਕੀਤੀ। ਜਿਸ ਤੋਂ ਉਤਸਾਹਿਤ ਹੋ ਕੇ ਪੀ.ਏ.ਯੂ., ਦੇ ਵਿਗਿਆਨੀਆਂ ਡਾ. ਦਿਲਬਾਗ ਸਿੰਘ ਅਥਵਾਲ, ਡਾ. ਖੇਮ ਸਿੰਘ ਗਿੱਲ ਆਦਿ ਵੱਲੋਂ ਕਣਕ ਦੀਆਂ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ। ਇਸੇ ਤਰ੍ਹਾਂ ਉੱਘੇ ਅੰਤਰਰਾਸ਼ਟਰੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨੇ ਚੌਲਾਂ ਦੀਆਂ ਕ੍ਰਾਂਤੀਕਾਰੀ ਕਿਸਮਾਂ ਲੋਕਾਂ ਦੀ ਝੌਲੀ ਪਾ ਕੇ ਕ੍ਰਿਸ਼ਮਾ ਕੀਤਾ। ਇਹਨਾਂ ਸੁਧਰੀਆਂ ਕਿਸਮਾਂ ਦੀ ਕਾਸ਼ਤ ਲਈ ਪੰਜਾਬ ਸਰਕਾਰ ਵੱਲੋਂ ਟਿਊਬਵੈੱਲ ਲਾਉਣ ਅਤੇ ਲੋੜੀਂਦੀਆਂ ਜਿਣਸਾਂ ਦੀ ਉਪਲਬਧੀ ਲਈ ਯੋਗ ਨੀਤੀਆਂ ਘੜੀਆਂ। ਇਹਨਾਂ ਨਾਲ ਕਿਸਾਨਾਂ ਦੀ ਮਿਹਨਤ ਅਤੇ ਮਾਹਿਰਾਂ ਦੀ ਰਾਹਨੁਮਾਈ ਨਾਲ ਪੰਜਾਬ ਦੀ ਖੇਤੀ ਨੇ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ। ਪੰਜਾਬ 1972 ਵਿਚ ਕਣਕ ਅਤੇ 1974 ਵਿਚ ਆਤਮ ਨਿਰਭਰ ਬਣ ਗਿਆ। ਇਸ ਸਦਕਾ ਛੋਟ ਜਿਹਾ ਸੂਬਾ ਪੰਜਾਬ ਰਾਸ਼ਟਰੀ ਖੇਤੀ ਅੰਨ ਭੰਡਾਰ ਵਿੱਚ ਵੱਡਮੁਲਾ ਯੋਗਦਾਨ ਪਾਉਣ ਲੱਗ ਪਿਆ। ਸਮੁੱਚਾ ਵਿਸ਼ਵ ਪੰਜਾਬ ਦੀ ਇਸ ਪ੍ਰਾਪਤੀ ਨੂੰ ਬੜੇ ਅਚੰਭੇ ਨਾਲ ਵੇਖਣ ਲੱਗਾ।ਇਸ ਤਰਾਂ ਪੰਜਾਬ ਵਿੱਚ 60ਵੇਂ ਦੌਰਾਨ ਹਰੀ ਕ੍ਰਾਂਤੀ ਦਾ ਮੁੱਢ ਬੱਝਿਆ। ਡਾ. ਧੀਮਾਨ ਵੱਲੋਂ ਪੁਸਤਕ ਵਿੱਚ ਇਸ ਸਭ ਦਾ ਵਖਿਆਣ ਕੀਤਾ ਗਿਆ ਹੈ ਅਤੇ ਨਾਲ ਹੀ ਹਰੀ ਕ੍ਰਾਂਤੀ ਦੇ ਵਿਆਪਕ ਪ੍ਰਭਾਵਾਂ ਬਾਰੇ ਜਿਕਰ ਹੈ। ਜਿੱਥੇ ਭੋਜਨ ਉਤਪਾਦਨ, ਭੋਜਨ ਸੁਰੱਖਿਆ ਅਤੇ ਗਰੀਬੀ ਘਟਾਉਣ, ਬੱਚਿਆਂ ਦੀ ਚੰਗੇਰੀ ਵਿਦਿਆ ਆਦਿ ਚੰਗੇਰੇ ਪ੍ਰਭਾਵ ਨਾਲ ਖੁਸ਼ਹਾਲੀ ਨਜ਼ਰ ਆਉਣ ਲੱਗੀ ਉੱਥੇ ਵਾਤਾਵਰਣ, ਖਾਸ ਕਰਕੇ ਪਾਣੀ ਅਤੇ ਭੂਮੀ ਦੀ ਸਿਹਤ ਤੇ ਮਾੜਾ ਅਸਰ ਅਤੇ ਧਰਤੀ, ਪਾਣੀ ਅਤੇ ਹਵਾ ਦਾ ਪਰਦੂਸ਼ਣ ਵੀ ਚਿਂਤਾ ਦਾ ਕਾਰਨ ਬਣਿਆ। ਵੇਖਣ ਵਿੱਚ ਇਹ ਵੀ ਆਇਆ ਕਿ ਹਰੀ ਕ੍ਰਾਂਤੀ ਦਾ ਰਾਜਨੀਤਿਕ ਪ੍ਰਭਾਵ ਵੀ ਪਿਆ ਕਿਉਂਕਿ ਕਿਸਾਨ ਜੱਥੇਬੰਦ ਹੋਏ, ਖੇਤਰੀ ਪਾਰਟੀਆਂ ਬਣੀਆਂ ਅਤੇ ਉਨ੍ਹਾਂ ਵੱਲੋਂ ਰਾਸ਼ਟਰੀ ਮੁੱਦਿਆਂ ਨੂੰ ਸਮਝਣ ਅਤੇ ਵਿਚਾਰਨ ਪ੍ਰਤੀ ਰੁਚੀ ਪੈਦਾ ਹੋਈ।
ਇਹ ਸਭ ਕੁੱਝ ਹੁੰਦਿਆਂ ਹੋਇਆਂ ਪੰਜਾਬ ਅਨੇਕਾਂ ਤਰ੍ਹਾਂ ਦੀਆਂ ਖੇਤੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ।ਛੋਟੇ ਕਿਸਾਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਛੋਟੇ ਕਿਸਾਨਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਖੇਤੀ ਖਰਚੇ ਵਧ ਰਹੇ ਹਨ, ਆਮਦਨ ਘਟ ਰਹੀ ਹੈ,  ਕਿਸਾਨਾਂ ਨੂੰ ਕਰਜੇ ਦੀ ਮਾਰ ਝੱਲਣੀ ਪੈ ਰਹੀ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹੋਕਾ ਦਿੱਤਾ ਸੀ ਕਿ ਸਾਲ 2022 ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ ਪਰ ਇਹ ਸਭ ਗੱਲਾਂ ਹੀ ਰਹੀਆਂ।  ਨਤੀਜੇ ਵੱਜੋਂ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪਿਆ ਹੈ।
ਇੱਕ ਹੋਰ ਸਮੱਸਿਆ ਇਹ ਹੈ ਕਿ ਪੇਂਡੂ ਨੌਜਵਾਨ ਖੇਤੀ ਕਰਨ ਤੋਂ ਮੂੰਹ ਮੋੜ ਰਹੇ ਹਨ, ਵਿਦੇਸ਼ਾਂ ਵਿੱਚ ਜਾਣ ਦੀ ਹੋੜ ਵਿੱਚ ਹਨ। ਪੰਜਾਬ ਦੀ ਖੇਤੀ ਨੂੰ ਹੋਰਨਾਂ ਸੂਬਿਆਂ ਤੋਂ ਆਈ ਕਾਮਿਆਂ ਤੇ ਨਿਰਭਰ ਹੋਣ ਪੈ ਰਿਹਾ ਹੈ, ਜਿਸ ਕਰਕੇ ਪੰਜਾਬ ਦਾ ਕਿਸਾਨ ਆਰਥਿਕ ਪੱਖੋਂ ਕਮਜ਼ੋਰ ਹੋ ਰਿਹਾ ਹੈ ਅਤੇ ਬਾਹਰੋਂ ਆਈ ਲੇਬਰ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ। ਨੌਜਵਾਨ ਪੀੜ੍ਹੀ ਸੂਬੇ ਵਿੱਚੋਂ ਬਾਹਰ ਜਾਣ ਕਰਕੇ ਖੇਤੀਬਾੜੀ ਅਤੇ ਪੰਜਾਬ ਬਜ਼ੁਰਗਾਂ ਉਪਰ ਹੀ ਨਿਰਭਰ ਹੋ ਗਿਆ ਹੈ। ਉਨ੍ਹਾਂ ਵਿੱਚੋਂ ਵੀ ਬਹੁਤੇ ਲੋਕ ਸ਼ਹਿਰਾਂ ਵੱਲ ਨੂੰ ਮੂੰਹ ਕਰ ਰਹੇ ਹਨ। ਖੇਤੀ ਦਾ ਹਾਲ ਮਾੜਾ ਹੋ ਰਿਹਾ ਹੈ।
ਖੇਤੀ ਜਿਨਸਾਂ ਦੀ ਡੱਬਾਬੰਦੀ ਅਤੇ ਸਾਂਭ-ਸੰਭਾਲ ਬਹੁਤ ਘੱਟ ਹੈ। ਖੇਤੀ ਸੰਨਤ ਦੀ ਕਮੀ ਹੈ। ਰਲਕੇ ਖੇਤੀ ਕਰਨ ਦੀ ਪ੍ਰਥਾ ਖਤਮ ਹੋ ਚੁੱਕੀ ਹੈ। ਸਰਕਾਰ ਵੱਲੋਂ ਵੀ ਇਸ ਵੱਲ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਜਾ ਰਿਹਾ। ਖੇਤੀ ਵਿੱਚ ਵੰਨ-ਸੁਵੰਨਤਾ ਨਹੀਂ ਲਿਆਂਦੀ ਜਾ ਸਕੀ ਹਾਲਾਂਕਿ ਕਈ ਵਾਰੀ ਉਪਰਾਲੇ ਸ਼ੁਰੂ ਕੀਤੇ ਗਏ ਹਨ ਪਰ ਉਨ੍ਹਾਂ ਬੂਰ ਨਹੀਂ ਪਿਆ।
ਡਾ. ਧੀਮਾਨ ਵੱਲੋਂ ਇਸ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਨੀਯਤ ਅਤੇ ਨੀਤੀ ਦੋਨ੍ਹੋਂ ਇੱਕ ਦਿਸ਼ਾ ਵੱਲ ਚੱਲਣ ਤਾਂ ਹੀ ਕੁੱਝ ਸਾਰਥਿਕ ਹੋ ਸਕਦਾ ਹੈ। ਇਸ ਲਈ ਖੇਤੀ ਨਾਲ ਜੁੜੀਆਂੇ ਸਾਰੀਆਂ ਧਿਰਾਂ ਨੂੰ ਰਲਕੇ ਉੱਦਮ ਕਰਨਾ ਪਵੇਗਾ। ਨੌਜਵਾਨ ਇੱਕ ਵੱਡੀ ਤਾਕਤ ਹੁੰਦੇ ਹਨ ਜੇਕਰ ਉਨ੍ਹਾਂ ਨੂੰ ਖੇਤੀ ਵੱਲ ਮੋੜਨਾ ਹੈ ਤਾਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਪਵੇਗਾ। ਇਹ ਕਿਤਾਬ ਇਸ ਵੱਲ ਵੀ ਮਹੱਤਵਪੂਰਨ ਸੁਝਾਅ ਦਿੰਦੀ ਹੈ। ਜਿੱਥੇ ਕਿਤਾਬ ਪਹਿਲ ਕਦਮੀ ਵਾਲੇ ਕਾਰਜਾਂ ਦਾ ਜਿਕਰ ਕਰਦੀ ਹੈ ਉਥੇ ਉਹ ਸੁਝਾਅ ਦਿੰਦੀ ਹੈ ਕਿ ਲੋੜੀਂਦੀਆਂ ਸਰਕਾਰੀ ਸਹੂਲਤਾਂ ਅਤੇ ਨੀਤੀਆਂ ਵਿੱਚ ਸਮੇ ਦੇ ਹਾਣ ਦੇ ਸੁਧਾਰ ਕਰਕੇ ਕਿਸਾਨੀ ਨੂੰ ਮੁੜ ਸਹੀ ਰਸਤੇ ਪਾਇਆ ਜਾਵੇ ।
ਡਾ. ਧੀਮਾਨ ਦਾ ਮੰਨਣਾ ਹੈ ਕਿ ਖੇਤੀ ਨੂੰ ਕਿੱਤਾ ਮੁੱਖੀ ਬਣਾਇਆ ਜਾਵੇ ਅਤੇ ਇਸ ਉੱਦਮ ਲਈ ਖੇਤੀ ਸੰਨਤਾਂ ਨੂੰ ਚੁਸਤ ਕੀਤਾ ਜਾਵੇ। ਇਸ ਲਈ ਯੋਗ ਤਕਨਾਲੋਜੀ, ਸਿਖਲਾਈ ਅਤੇ ਮਾਲੀ ਸਹਾਇਤਾ ਉਪਲਬਧ ਕਰਵਾਉਣਾ ਜਰੂਰੀ ਹੋਵੇਗਾ। ਖੋਜ ਅਤੇ ਪਸਾਰ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਉਪਰਾਲੇ ਕਰਨ ਦੀ ਲੋੜ ਹੈ। ਕਿਸਾਨਾਂ ਦੀ ਆਮਦਨ ਵਧਾਉਣ ਲਈ ਉਨ੍ਹਾਂ ਨੂੰ ਸਹਾਇਕ ਧੰਦਿਆਂ ਜਿਵੇਂ ਕਿ ਖੁੰਭ ਉਤਪਾਦਨ, ਸ਼ਹਿਦ ਉਤਪਾਦਨ, ਨਰਸਰੀ ਉਤਪਾਦਨ, ਦੋਗਲੀਆਂ ਨਸਲਾਂ ਦੇ ਬੀਜ ਉਤਪਾਦਨ, ਮੱਛੀ ਪਾਲਣ, ਡੇਅਰੀ ਨਾਲ ਜੁੜੇ ਧੰਦੇ ਕਰਨ ਆਦਿ ਨਾਲ ਜੋੜਨ ਦੀ ਜਰੂਰਤ ਹੈ।
ਕਿਸਾਨ ਉਤਪਾਦਕ ਸੰਗਠਨ ਬਣਾਉਣ, ਖੇਤੀ ਟ੍ਰਿਬਿਊਨਲ ਅਤੇ ਰਿਜ਼ਰਵ ਮੁੱਲ ਤੇ ਫ਼ਸਲ ਬੋਲੀ ਦਾ ਸਿਸਟਮ ਸ਼ੁਰੂ ਕਰਨ, ਖੇਤੀ ਬੀਮਾ ਯੋਜਨਾ ਬਣਾਉਣਾ, ਮੌਸਮੀ ਬਦਲਾਅ ਅਤੇ ਕੁਦਰਤੀ ਆਫ਼ਤਾਂ ਦੇ ਮੱਦੇ ਨਜ਼ਰ ਕਿਸਾਨਾਂ ਦੇ ਹਿੱਤਾਂ ਰਾਖੀ ਕਰਨਾ, ਡਿਜੀਟਲ ਮੰਡੀਕਰਨ ਵੱਲ ਧਿਆਨ ਦੇਣ, ਕੁਦਰਤੀ ਖੇਤੀ ਡਿਜਾਸਟਰ ਅਥਾਰਟੀ ਕਾਇਮ ਕਰਨ, ਖੇਤੀ ਵਿਕਾਸ ਕੌਂਸਲ ਸਰਗਰਮ ਕਰਨ, ਖੇਤੀ ਖੋਜ ਲਈ ਨਿਵੇਸ਼ ਵਧਾਉਣ ਅਤੇ ਖੇਤੀ ਥਿੰਕ ਟੈਂਕ ਸਥਾਪਿਤ ਕਰਨ ਵਰਗੇ ਮੁੱਦਿਆਂ ਨੂੰ ਹੋਂਦ ਵਿੱਚ ਲਿਆ ਕੇ ਕਿਸਾਨਾਂ ਨੂੰ ਨਵੀ ਦਿਸ਼ਾ ਦਿੱਤੀ ਜਾ ਸਕਦੀ ਹੈ ਅਤੇ ਉਨ੍ਹਾਂ ਦੀ ਦਸ਼ਾ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ।
ਨੌਜਵਾਨਾਂ ਨੂੰ ਨੌਕਰੀ ਲੈਣ ਵਾਲੇ ਬਣਨ ਦੀ ਬਜਾਏ ਨੌਕਰੀ ਦੇਣ ਵਾਲੇ ਬਨਾਉਣ ਲਈ ਉਨ੍ਹਾਂ ਵਿੱਚ ਹੁਨਰ ਵਿਕਾਸ ਕਰਨ, ਯੋਗ ਸਿਖਲਾਈ ਯੁਗਤ ਬਣਨ, ਰੋਜ਼ਗਾਰ ਮੁਹੱਈਆ ਕਰਾਉਣ ਅਤੇ ਪ੍ਰਗਤੀਸ਼ੀਲ ਯੂਨਿਟਾਂ ਨਾਲ ਜੋੜ ਕੇ ਗਿਆਨ ਹਾਸਲ ਕਰਵਾਉਣ ਦੀ ਲੋੜ ਹੈ। ਡਾ. ਧੀਮਾਨ ਵੱਲੋਂ ਲਿਖਤ ਪੁਸਤਕ ਵਿੱਚ ਵੱਧ ਰਹੇ ਪ੍ਰਾਈਵੇਟ ਖੇਤੀ ਵਿਦਿਅਕ ਅਦਾਰਿਆਂ ਦਾੰ ਵੀ ਵਰਨਣ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ  ਵਿੱਦਿਅਕ, ਸਿਖਲਾਈ ਅਤੇ ਖੋਜ ਸਹੂਲਤਾਂ ਨੂੰ ਮਿਆਰੀ ਬਣਾਉਣ ਦੀ ਗੱਲ ਕੀਤੀ ਗਈ ਹੈ। ਡਾ. ਧੀਮਾਨ ਮੰਨਦੇ ਹਨ ਕਿ ਖੇਤੀ ਨੂੰ ਇਕ ਵਪਾਰ ਦੀ ਤਰ੍ਹਾਂ ਦੇਖੇ ਜਾਣ ਦੀ ਲੋੜ ਹੈ। ਜਿਥੇ ਹਰ ਗਤੀਵਿਧੀ ਨੂੰ ਆਮਦਨ ਦੇ ਨਾਲ ਜੋੜ ਕੇ ਦੇਖਿਆ ਜਾਵੇ ਚਾਹੇ ਉਹ ਉਤਪਾਦਨ, ਡੱਬਾਬੰਦੀ ਜਾਂ ਕੋਈ ਹੋਰ ਕਾਰਜ ਹੋਵੇ।
ਕਿਤਾਬ ਵਿੱਚ ਖੇਤੀ ਨਾਲ ਜੁੜੇ ਹਰ ਅਦਾਰੇ ਪਿੰਡਾਂ ਦੀਆਂ ਪੰਚਾਇਤਾਂ, ਜ਼ਿਲਾ ਪ੍ਰਸ਼ਾਸਨ, ਮਜਿਕਮਾ ਖੇਤੀਬਾੜੀ, ਖੇਤੀ ਯੂਨੀਵਰਸਟੀਆਂ, ਰਾਜ ਸਰਕਾਰ,  ਭਾਰਤੀ ਖੇਤੀ ਖੋਜ ਸੰਸਥਾ, ਖੇਤੀ ਨਾਲ ਜੁੜੇ ਕੇਂਦਰ ਸਰਕਾਰ ਦੇ ਹੋਰ ਅਦਾਰਿਆਂ ਲਈ ਭਵਿੱਖ ਮੁੱਖੀ ਏਜੰਡਿਆਂ ਨੂੰ ਸੁਝਾਇਆ ਗਿਆ ਹੈ ਜਿਸ ਨਾਲ ਖੇਤੀ ਨੂੰ ਲੋੜੀਂਦੀ ਦਿਸ਼ਾ ਵੱਲ ਰਫ਼ਤਾਰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਵੱਲੋਂ ਦੇਸ਼ ਵਿੱਚ ਹਰ ਪੱਧਰ ਤੇ ਪਸਰੇ ਭ੍ਰਿਸ਼ਟਾਚਾਰ ਨੂੰ ਚਿੰਤਾਜਨਿਕ ਦੱਸਿਆ ਕਿਉਂਕਿ ਇਹ ਹਰ ਤਰ੍ਹਾਂ ਦੇ ਵਿਕਾਸ ਦੀ ਵੈਰੀ ਹੈ।
ਮੈਂ ਸਮਝਦਾ ਹਾਂ ਕਿ ਇਹ ਕਿਤਾਬ ਉਸ ਵਕਤ ਆਈ ਹੈ ਜਦੋਂ ਕਿ ਇਸ ਦੀ ਵਧੇਰੇ ਲੋੜ ਸੀ ਕਿਉਂਕਿ ਇਸ ਵਿੱਚ ਦਿੱਤੀ ਸਮੱਗਰੀ ਤੋਂ ਜਿੱਥੇ ਕਿਸਾਨ, ਖੇਤੀ ਵਿਗਿਆਨੀ, ਪਸਾਰ ਮਾਹਰ ਅਤੇ ਵਿਦਿਆਰਥੀ ਵਰਗ ਦਿਸ਼ਾ ਗ੍ਰਹਿਣ ਕਰ ਸਕਦਾ ਹੈ ਉਥੇ ਸਰਕਾਰਾਂ ਵੀ ਲੋੜੀਂਦੀਆਂ ਨੀਤੀਆਂ ਘੜਨ ਲਈ ਸਾਰਥਿਕ ਸੇਧ ਲੈ ਸਕਦੀਆਂ ਹਨ। ਮੈਂ ਡਾ. ਜਗਤਾਰ ਸਿੰਘ ਧੀਮਾਨ ਨੂੰ ਇਸ ਕਿਤਾਬ ਲਈ ਵਧਾਈ ਦਿੰਦਾ ਹਾਂ ਅਤੇ ਇਸ ਨੂੰ ਖੁਸ਼ ਆਮਦੀਦ ਆਖਦਾ ਹਾਂ।

Leave a Reply

Your email address will not be published.


*


%d